ਮੌਤ ਦੇ ਸਾਏ ਹੇਠ ਲਟਕਦੀ ਸਾਹਾਂ ਦੀ ਡੋਰ

09/04/2019 10:26:02 AM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਆਰ. ਐੱਸ. ਪੁਰਾ ਦੀ ਪੱਛਮੀ-ਉੱਤਰੀ ਬਾਹੀ 'ਤੇ ਵੱਸਿਆ ਸਰਹੱਦੀ ਪਿੰਡ ਆਗਰਾ ਚੱਕ ਇਸ ਇਲਾਕੇ ਦੇ ਦਰਜਨਾਂ ਹੋਰ ਅਜਿਹੇ ਪਿੰਡਾਂ ਵਰਗਾ ਹੈ, ਜਿੱਥੇ ਰਹਿਣ ਵਾਲੇ ਲੋਕਾਂ ਦੇ ਸਿਰ 'ਤੇ ਹਰ ਵੇਲੇ ਖਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਸ਼ੋਖ ਰੰਗਾਂ ਨਾਲ ਪੋਚੇ ਹੋਏ ਪੱਕੇ ਘਰ ਵੇਖ ਕੇ ਕਈ ਵਾਰ ਅਜਿਹਾ ਜਾਪਣ ਲੱਗਦਾ ਹੈ ਕਿ ਇਥੋਂ ਦੇ ਪਰਿਵਾਰਾਂ ਦਾ ਜੀਵਨ ਖੁਸ਼ਹਾਲੀ ਭਰਿਆ ਹੋਵੇਗਾ ਪਰ ਉਨ੍ਹਾਂ ਦੀ ਹਕੀਕੀ ਤਸਵੀਰ ਬੇਹੱਦ ਤਰਸਯੋਗ ਹੈ। ਬਹੁਤੇ ਲੋਕ ਰੋਜ਼ੀ-ਰੋਟੀ ਦੇ ਮੁਥਾਜ ਹਨ। ਖੇਤਰ 'ਚ ਕੋਈ ਅਜਿਹਾ ਉਦਯੋਗ ਜਾਂ ਅਦਾਰਾ ਨਹੀਂ ਹੈ, ਜਿੱਥੇ ਇਨ੍ਹਾਂ ਪਿੰਡਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਕੋਈ ਕੰਮ-ਧੰਦਾ ਮਿਲ ਸਕੇ। 

ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਮਾਰ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੀ ਗੰਭੀਰ ਤ੍ਰਾਸਦੀ ਇਹ ਵੀ ਹੈ ਕਿ ਇਹ ਪਾਕਿਸਤਾਨੀ ਬੰਦੂਕਾਂ ਦੇ ਮੂੰਹ ਸਾਹਮਣੇ ਵੱਸੇ ਹੋਏ ਹਨ। ਇਹ ਹਾਲਤ ਸਿਰਫ ਆਰ. ਐੱਸ. ਪੁਰਾ ਸੈਕਟਰ ਦੀ ਹੀ ਨਹੀਂ, ਸਗੋਂ ਕਠੂਆ ਤੋਂ ਲੈ ਕੇ ਪੁੰਛ ਤੱਕ ਦੀ ਸਰਹੱਦੀ ਪੱਟੀ 'ਚ ਅਜਿਹੇ ਸੈਂਕੜੇ ਪਿੰਡ ਸਥਿਤ ਹਨ, ਜਿਥੇ ਰਹਿਣ ਵਾਲਿਆਂ ਦੇ ਸਾਹਾਂ ਦੀ ਡੋਰ ਹਮੇਸ਼ਾ ਮੌਤ ਦੇ ਸਾਏ ਹੇਠ ਲਟਕਦੀ ਰਹਿੰਦੀ ਹੈ। ਆਰਥਕ ਅਤੇ ਸਮਾਜਕ ਹਾਲਾਤ ਦੇ ਝੰਬੇ ਹੋਏ ਲੋਕ ਗੋਲੀਆਂ ਦੀ ਵਾਛੜ ਸਹਿਣ ਲਈ ਮਜਬੂਰ ਹੋ ਗਏ ਹਨ। ਪਾਕਿਸਤਾਨ ਦੀ ਸ਼ਹਿ ਹੇਠ ਚੱਲ ਰਿਹਾ ਅੱਤਵਾਦ ਅਤੇ ਬਿਨਾਂ ਕਾਰਨ ਕੀਤੀ ਜਾਂਦੀ ਗੋਲੀਬਾਰੀ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀ 'ਹੋਣੀ' ਬਣ ਗਈ ਹੈ। ਉਹ ਲੋਕ ਇਸ ਉਮੀਦ ਦੇ ਸਹਾਰੇ ਹੀ ਸਮਾਂ ਗੁਜ਼ਾਰ ਰਹੇ ਹਨ ਕਿ ਕੋਈ ਦਿਨ ਅਜਿਹਾ ਆਵੇਗਾ, ਜਦੋਂ ਪਾਕਿਸਤਾਨ ਅਜਿਹੀਆਂ ਸਾਜ਼ਿਸ਼ਾਂ/ਹਰਕਤਾਂ ਛੱਡ ਕੇ ਸਹੀ ਰਸਤੇ ਤੁਰਨ ਲੱਗੇਗਾ ਅਤੇ ਉਨ੍ਹਾਂ ਦੀ ਜੀਵਨ-ਗੱਡੀ ਅਮਨ-ਚੈਨ ਨਾਲ ਆਪਣਾ ਪੈਂਡਾ ਤਹਿ ਕਰ ਸਕੇਗੀ। ਇਸ ਦੇ ਨਾਲ ਹੀ ਸੰਕਟ ਭਰੇ ਹਾਲਾਤ 'ਚ ਰਹਿਣ ਵਾਲਿਆਂ ਨੂੰ ਇਹ ਵੀ ਉਡੀਕ ਰਹਿੰਦੀ ਹੈ ਕਿ ਕੋਈ ਉਨ੍ਹਾਂ ਦਾ ਦੁਖ-ਦਰਦ ਸੁਣੇ/ਪਛਾਣੇ ਅਤੇ ਵੰਡਾਉਣ ਲਈ ਬਹੁੜੇ।
ਇਨ੍ਹਾਂ ਸਰਹੱਦੀ ਪਰਿਵਾਰਾਂ ਦੇ ਤਰਸਯੋਗ ਹਾਲਾਤ  ਨੂੰ ਦੇਖਦਿਆਂ ਹੀ 'ਪੰਜਾਬ ਕੇਸਰੀ' ਪੱਤਰ ਸਮੂਹ ਨੇ 'ਸੇਵਾ ਦਾ ਹੱਥ' ਇਨ੍ਹਾਂ ਵੱਲ ਵਧਾਇਆ ਅਤੇ ਸੈਂਕੜੇ ਟਰੱਕਾਂ ਦੀ ਸਮੱਗਰੀ ਪੀੜਤ ਪਰਿਵਾਰਾਂ ਤਕ ਪਹੁੰਚਾ ਦਿੱਤੀ। ਇਸੇ ਸਿਲਸਿਲੇ 'ਚ 523ਵੇਂ ਟਰੱਕ ਦੀ ਰਾਹਤ ਸਮੱਗਰੀ ਆਗਰਾ ਚੱਕ 'ਚ ਵੱਖ-ਵੱਖ ਪਿੰਡਾਂ ਤੋਂ ਜੁੜੇ ਲੋਕਾਂ ਦਰਮਿਆਨ ਪਿਛਲੇ ਦਿਨੀਂ ਵੰਡੀ ਗਈ। ਇਹ ਸਮੱਗਰੀ ਸ਼੍ਰੀ ਦੁਰਗਾ ਸੇਵਕ ਸੰਘ ਲੁਧਿਆਣਾ ਵੱਲੋਂ ਭਿਜਵਾਈ ਗਈ ਸੀ। ਇਸ ਆਯੋਜਨ ਦੌਰਾਨ 200 ਲੋੜਵੰਦ ਪਰਿਵਾਰਾਂ ਨੂੰ ਚਾਵਲ ਮੁਹੱਈਆ ਕਰਵਾਏ ਗਏ।
ਰਾਹਤ ਵੰਡ ਆਯੋਜਨ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਜੰਮੂ-ਕਸ਼ਮੀਰ ਭਾਜਪਾ ਦੇ ਜਨਰਲ ਸਕੱਤਰ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਸ ਸੂਬੇ ਵਿਚ ਕੇਂਦਰ ਸਰਕਾਰ ਵੱਲੋਂ ਜਿਹੜੇ ਕਦਮ ਚੁੱਕੇ ਜਾ ਰਹੇ ਹਨ, ਉਨ੍ਹਾਂ ਦੇ ਨਤੀਜੇ ਵਜੋਂ ਛੇਤੀ ਹੀ ਹਾਲਾਤ ਬਦਲ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ, ਜਿਥੇ ਲੋਕਾਂ ਨੂੰ ਅੱਤਵਾਦ ਅਤੇ ਪਾਕਿਸਤਾਨੀ ਗੋਲੀਬਾਰੀ ਤੋਂ ਛੁਟਕਾਰਾ ਮਿਲੇਗਾ, ਉਥੇ ਉਨ੍ਹਾਂ ਦਾ ਜੀਵਨ ਵੀ ਖੁਸ਼ਹਾਲੀ ਭਰਿਆ ਹੋਵੇਗਾ।

PunjabKesari

ਭਾਜਪਾ ਨੇਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਜੰਮੂ-ਕਸ਼ਮੀਰ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ, ਜਿਸ ਨਾਲ ਗਰੀਬੀ, ਬੇਰੋਜ਼ਗਾਰੀ ਅਤੇ ਮਹਿੰਗਾਈ ਨੂੰ ਠੱਲ੍ਹ ਪਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਲਦੀ ਹੀ ਸੂਬੇ ਵਿਚ ਨੌਕਰੀਆਂ ਦੇ ਮੌਕੇ ਪੈਦਾ ਕਰੇਗੀ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦੀ ਭਲਾਈ ਲਈ ਵੀ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਮਨੁੱਖਤਾ ਦੀ ਮਹਾਨ ਸੇਵਾ ਕਰ ਰਹੇ ਹਨ।
ਇਨਸਾਨ ਨੂੰ ਇਕ-ਦੂਜੇ ਦਾ ਦੁੱਖ-ਦਰਦ ਵੰਡਾਉਣਾ ਚਾਹੀਦੈ: ਬਲਬੀਰ ਗੁਪਤਾ
ਪਿੰਡ ਆਗਰਾ ਚੱਕ 'ਚ ਰਾਹਤ ਸਮੱਗਰੀ ਲੈ ਕੇ  ਪੁੱਜੇ ਸ਼੍ਰੀ ਦੁਰਗਾ ਸੇਵਕ ਸੰਘ ਲੁਧਿਆਣਾ ਦੇ ਪ੍ਰਧਾਨ ਬਲਬੀਰ ਕੁਮਾਰ ਗੁਪਤਾ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਨਸਾਨ ਨੂੰ ਇਕ-ਦੂਜੇ ਦਾ ਦੁੱਖ-ਦਰਦ ਵੰਡਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਪ੍ਰੇਰਨਾ ਸਦਕਾ ਉਹ ਸੇਵਾ ਦੇ ਇਸ ਮਾਰਗ 'ਤੇ ਤੁਰੇ ਹਨ ਅਤੇ ਜੀਵਨ ਭਰ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਗੇ।

ਗੁਪਤਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕਈ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਜ਼ਿਆਦਤੀਆਂ ਸਹਿਣ ਕਰਨੀਆਂ ਪੈ ਰਹੀਆਂ ਹਨ ਅਤੇ ਅਜੇ ਵੀ ਇਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ। ਅਜਿਹੇ ਪਰਿਵਾਰਾਂ ਦੀ ਸੇਵਾ-ਸਹਾਇਤਾ ਲਈ ਦੇਸ਼ ਵਾਸੀਆਂ ਨੂੰ ਰਾਹਤ ਮੁਹਿੰਮ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਦੁਰਗਾ ਸੇਵਕ ਸੰਘ ਵੱਲੋਂ ਉਹ ਰਾਹਤ ਸਮੱਗਰੀ ਦਾ ਚੌਥਾ ਟਰੱਕ ਲੈ ਕੇ ਆਏ ਹਨ ਅਤੇ ਭਵਿੱਖ 'ਚ ਵੀ ਅਜਿਹੇ ਯਤਨ ਜਾਰੀ ਰੱਖਣਗੇ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਾਜੇਸ਼ ਭਗਤ ਨੇ ਕਿਹਾ ਕਿ ਜਦੋਂ ਵੀ ਦੇਸ਼ 'ਚ ਕਿਤੇ ਆਫਤ ਆਈ ਤਾਂ ਸਭ ਤੋਂ ਪਹਿਲਾਂ 'ਪੰਜਾਬ ਕੇਸਰੀ' ਗਰੁੱਪ ਉਥੇ ਮਦਦ ਲਈ ਬਹੁੜਿਆ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਲਈ ਸਮੱਗਰੀ ਭਿਜਵਾ ਕੇ ਗਰੁੱਪ ਨੇ ਮਹਾਨ ਸੇਵਾ ਨਿਭਾਈ ਹੈ। ਪਿੰਡ ਦੇ ਸਾਬਕਾ ਸਰਪੰਚ ਜਗਦੀਸ਼ ਰਾਜ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਜਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਬੀਮਾਰੀ ਦੀ ਹਾਲਤ 'ਚ ਲੋਕਾਂ ਨੂੰ ਸਹੀ ਸਮੇਂ ਇਲਾਜ ਅਤੇ ਦਵਾਈਆਂ ਦੀ ਸਹੂਲਤ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਹੁਣ ਕੁਝ ਉਮੀਦ ਬਣੀ ਹੈ ਕਿ ਜੰਮੂ-ਕਸ਼ਮੀਰ 'ਚ ਹਾਲਾਤ ਬਦਲਣ ਨਾਲ ਸਰਹੱਦੀ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਵੇਗਾ।

ਸਰਹੱਦੀ ਲੋਕ ਵੀ ਦੇਸ਼ ਦੇ ਰਖਵਾਲੇ ਹਨ: ਸਰਬਜੀਤ ਜੌਹਲ
ਇਲਾਕੇ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਸਰਹੱਦੀ ਪਿੰਡਾਂ 'ਚ ਬੈਠੇ ਲੋਕ ਵੀ ਦੇਸ਼ ਦੇ ਰਖਵਾਲੇ ਹੀ ਹਨ, ਜਿਹੜੇ ਬਿਨਾਂ ਤਨਖਾਹ ਤੋਂ ਹਰ ਵੇਲੇ ਸਰਹੱਦਾਂ ਦੀ ਪਹਿਰੇਦਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ 'ਚ ਦੁਸ਼ਮਣ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਹਰਕਤ ਦੀ ਜਾਣਕਾਰੀ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਹੀ ਮਿਲਦੀ ਹੈ ਅਤੇ ਅਜਿਹੀਆਂ ਹਰਕਤਾਂ ਦਾ ਸਭ ਤੋਂ ਜ਼ਿਆਦਾ ਕਸ਼ਟ ਵੀ ਇਹ ਲੋਕ ਹੀ ਸਹਿਣ ਕਰਦੇ ਹਨ। ਪਿਛਲੇ ਸਾਲਾਂ ਦੌਰਾਨ ਸਰਹੱਦੀ ਪਰਿਵਾਰਾਂ ਨੂੰ  ਵੱਡਾ ਜਾਨੀ-ਮਾਲੀ ਨੁਕਸਾਨ ਸਹਿਣ ਕਰਨਾ ਪਿਆ ਹੈ। ਸ. ਜੌਹਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਸਰਹੱਦੀ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਅੱਗੇ ਨਹੀਂ ਆਈਆਂ ਅਤੇ ਨਾ ਹੀ ਇਸ ਖੇਤਰ ਦੀ ਭਲਾਈ ਲਈ ਕੋਈ ਵਿਸ਼ੇਸ਼ ਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਮਦਦ ਲਈ ਜਿਸ ਤਰ੍ਹਾਂ ਪੰਜਾਬ ਕੇਸਰੀ ਪੱਤਰ ਸਮੂਹ ਨੇ ਯਤਨ ਕੀਤੇ ਹਨ, ਉਸ ਤਰ੍ਹਾਂ ਕਿਸੇ ਹੋਰ ਸੰਸਥਾ ਨੇ ਵੀ ਇਨ੍ਹਾਂ ਦੀ ਮਦਦ ਲਈ ਹੱਥ ਨਹੀਂ ਵਧਾਇਆ।

'ਪੰਜਾਬ ਕੇਸਰੀ' ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਦੇ 72 ਸਾਲ  ਗੁਜ਼ਰ ਜਾਣ ਦੇ ਬਾਵਜੂਦ ਸਰਹੱਦੀ ਪਿੰਡਾਂ ਦੀ ਤਸਵੀਰ ਬੇਹੱਦ ਤਰਸਯੋਗ ਅਤੇ ਦੁਖਦਾਈ ਕਿਉਂ ਹੈ? ਇਸ ਦਾ ਕਾਰਨ ਇਹ ਹੈ ਕਿ ਸਰਕਾਰਾਂ ਨੇ ਇਨ੍ਹਾਂ ਖੇਤਰਾਂ ਵੱਲ ਵਿਸ਼ੇਸ਼ ਤਵੱਜੋ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜ਼ਿਲਾ ਜੰਮੂ ਦੇ ਭਾਜਪਾ ਪ੍ਰਧਾਨ ਬ੍ਰਜੇਸ਼ਵਰ ਰਾਣਾ ਨੇ ਕਿਹਾ ਕਿ ਲੋੜਵੰਦਾਂ ਲਈ ਰਾਹਤ ਭਿਜਵਾ ਕੇ ਦਾਨਵੀਰ ਅਤੇ ਦਾਨੀ ਸੰਸਥਾਵਾਂ ਸੇਵਾ ਦਾ ਮਹਾਨ ਕਾਰਜ ਕਰ ਰਹੀਆਂ ਹਨ। ਇਸ ਮੌਕੇ 'ਤੇ ਜਲੰਧਰ ਦੇ ਰਜਿੰਦਰ ਸ਼ਰਮਾ (ਭੋਲਾ ਜੀ), ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ, ਲੁਧਿਆਣਾ ਤੋਂ ਰਾਜੇਸ਼ ਸ਼ਰਮਾ, ਪ੍ਰਤੀਨਿਧੀ ਰਵਿੰਦਰ ਵਰਮਾ ਨਿੰਦੀ, ਵਿਨੋਦ ਸ਼ਰਮਾ, ਪਿੰਡ ਦੀ ਸਰਪੰਚ ਸਪਨਾ ਦੇਵੀ, ਮੋਹਣ ਲਾਲ ਸ਼ਰਮਾ, ਆਲ ਜੰਮੂ-ਕਸ਼ਮੀਰ ਪੰਚਾਇਤ ਕਾਨਫਰੰਸ ਦੇ ਪ੍ਰਧਾਨ ਸ਼੍ਰੀ ਅਰੁਣ ਸ਼ਰਮਾ ਸੂਦਨ, ਪਿੰਡ ਫਲੋਰਾ ਦੇ ਸਰਪੰਚ ਸੁਰਜੀਤ ਚੌਧਰੀ ਅਤੇ ਗੰਡਲੀ ਦੇ ਸਰਪੰਚ ਗੁਰਦੀਪ ਸਿੰਘ ਸੈਣੀ ਵੀ ਮੌਜੂਦ ਸਨ।


shivani attri

Content Editor

Related News