ਜੰਮੂ ਬੱਸ ਸਟੈਂਡ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਕੀਤੇ ਸੁਰੱਖਿਆ ਦੇ ਸਖਤ ਪ੍ਰਬੰਧ

03/08/2019 12:45:50 PM

ਜਲੰਧਰ (ਸੁਧੀਰ)— ਜੰਮੂ ਬੱਸ ਸਟੈਂਡ 'ਤੇ ਗ੍ਰਨੇਡ ਅਟੈਕ ਹੋਣ ਦੇ ਮਾਮਲੇ ਵਿਚ  ਕਮਿਸ਼ਨਰੇਟ ਪੁਲਸ ਨੇ ਸ਼ਹਿਰ  'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਪੁਲਸ ਕਮਿਸ਼ਨਰ  ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਮੁਤਾਬਕ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਅਮਨ-ਸ਼ਾਂਤੀ  ਬਣਾਈ ਰੱਖਣ ਅਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਅੱਜ ਸ਼ਹਿਰ ਵਿਚ ਵਿਸ਼ੇਸ਼ ਚੈਕਿੰਗ  ਮੁਹਿੰਮ ਚਲਾਈ ਜਿਸ ਕਾਰਨ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਹੋਟਲਾਂ, ਗੈਸਟ ਹਾਊਸ ਅਤੇ  ਸ਼ਾਪਿੰਗ ਮਾਲਜ਼, ਪੀ. ਵੀ. ਆਰ. ਸਿਨੇਮਾ ਤੇ ਹੋਰ ਕਈ ਥਾਵਾਂ 'ਤੇ ਚੈਕਿੰਗ ਮੁਹਿੰਮ ਚਲਾਈ  ਜਿਸ ਕਾਰਨ  ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਸ਼ਹਿਰ ਦੇ ਬੱਸ ਸਟੈਂਡ  ਤੇ ਹੋਰ ਕਈ ਥਾਵਾਂ 'ਤੇ ਸਰਚ ਮੁਹਿੰਮ ਚਲਾਈ ਜਿਸ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਬੱਸ  ਸਟੈਂਡ  ਅੰਦਰ ਸਰਚ ਮੁਹਿੰਮ ਚਲਾ ਕੇ ਕਈ ਮੁਸਾਫਰਾਂ ਦੇ ਸਾਮਾਨ ਨੂੰ ਚੈੱਕ ਕਰਵਾਇਆ ਅਤੇ  ਕਈ ਸ਼ੱਕੀ ਲੋਕਾਂ ਤੋਂ ਪੁਲਸ ਨੇ ਪੁੱਛਗਿੱਛ ਕੀਤੀ। 

PunjabKesari

ਉਨ੍ਹਾਂ ਨੇ ਢਾਬਿਆਂ ਦੀ ਵੀ ਚੈਕਿੰਗ  ਕੀਤੀ ਅਤੇ ਢਾਬਾ ਮਾਲਕਾਂ ਨੂੰ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀ  ਸੂਚਨਾ ਤੁਰੰਤ ਪੁਲਸ ਨੂੰ ਦੇਣ ਲਈ ਕਿਹਾ ਜਿਸ ਦੇ ਨਾਲ ਹੀ ਪੁਲਸ ਪਾਰਟੀ ਨੇ ਬਾਹਰੀ  ਸੂਬਿਆਂ ਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੀਆਂ ਬੱਸਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਅਤੇ  ਬੱਸ ਸਟੈਂਡ ਦੇ ਬਾਹਰ ਵੀ ਕਈ ਨਾਜਾਇਜ਼ ਕਬਜ਼ਿਆਂ ਨੂੰ ਪੁਲਸ ਨੇ ਹਟਵਾਇਆ ਤੇ ਦੁਕਾਨਦਾਰਾਂ  ਨੂੰ ਵੀ ਸ਼ੱਕੀ ਲੋਕਾਂ ਤੇ ਲਾਵਾਰਸ ਚੀਜ਼ਾਂ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ ਲਈ ਕਿਹਾ।  ਜਿਸ ਦੇ ਨਾਲ ਹੀ ਏ. ਡੀ. ਸੀ. ਪੀ. ਭੰਡਾਲ ਨੇ ਬੱਸ ਸਟੈਂਡ ਦੇ ਬਾਹਰ ਦੁਕਾਨਦਾਰਾਂ ਨੂੰ  ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਅਪੀਲ ਕੀਤੀ।  ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ  ਸ਼ਹਿਰ ਦੇ ਭੀੜ-ਭਾਲ ਵਾਲੇ ਖੇਤਰਾਂ ਵਿਚ ਵੀ ਸਰਚ ਮੁਹਿੰਮ ਚਲਾਈ ਅਤੇ ਸ਼ਹਿਰ ਦੇ ਪੀ. ਵੀ.  ਆਰ. ਮਾਲਜ਼, ਸ਼ਾਪਿੰਗ ਮਾਲਜ਼ ਵਿਚ ਵੀ ਪੁਲਸ ਨੇ ਕਈ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ।

PunjabKesari

ਐਂਟਰੀ ਪੁਆਇੰਟਾਂ 'ਤੇ ਹੋਵੇਗੀ ਰਾਤ ਨੂੰ ਸਖਤੀ : ਭੁੱਲਰ
ਜੰਮੂ  ਬੱਸ ਸਟੈਂਡ 'ਤੇ ਗ੍ਰਨੇਡ ਨਾਲ ਹੋਏ ਅਟੈਕ ਦੇ ਮਾਮਲੇ  ਦੇ ਬਾਅਦ ਪੁਲਸ ਕਮਿਸ਼ਨਰ ਗੁਰਪ੍ਰੀਤ  ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ  ਕਰ ਦਿੱਤੇ ਹਨ ਤੇ ਕਮਿਸ਼ਨਰੇਟ  ਪੁਲਸ ਵੱਲੋਂ ਸ਼ਹਿਰ ਵਿਚ ਕਈ ਵਿਸ਼ੇਸ਼ ਥਾਵਾਂ 'ਤੇ ਸਮਾਂ ਬਦਲ-ਬਦਲ ਕੇ ਨਾਕੇਬੰਦੀ ਕਰਵਾਈ ਜਾ ਰਹੀ ਹੈ ਤੇ ਵਾਹਨਾਂ ਨੂੰ ਪੁਲਸ ਵੱਲੋਂ ਚੈੱਕ ਕੀਤਾ ਜਾ  ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਐਂਟਰੀ ਪੁਆਇੰਟਾਂ 'ਤੇ ਆਉਣ ਵਾਲੇ ਲੋਕਾਂ ਅਤੇ ਵਾਹਨਾਂ 'ਤੇ ਪੁਲਸ ਨਜ਼ਰ ਰੱਖ ਰਹੀ ਹੈ। ਭੁੱਲਰ ਨੇ ਦੱਸਿਆ  ਕਿ ਸ਼ਹਿਰ ਵਿਚ ਪੈਟਰੋਲਿੰਗ ਕਰਨ ਵਾਲੇ ਪੀ. ਸੀ. ਆਰ. ਕਰਮਚਾਰੀਆਂ ਨੂੰ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ  ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਦਾ ਉਨ੍ਹਾਂ ਦਾ ਮੁੱਖ ਟੀਚਾ ਹੈ।

PunjabKesari

ਸਿਟੀ ਰੇਲਵੇ ਸਟੇਸ਼ਨ ਦੀ ਵੀ ਵਧਾਈ ਸੁਰੱਖਿਆ

ਹਮਲੇ ਤੋਂ ਬਾਅਦ ਸਿਟੀ ਰੇਲਵੇ ਸਟੇਸ਼ਨ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਮਿਸ਼ਨਰੇਟ ਪੁਲਸ ਦੇ ਏ. ਸੀ. ਪੀ. ਨਾਰਥ ਜਸਵਿੰਦਰ ਸਿੰਘ ਖਹਿਰਾ, ਥਾਣਾ ਨੰ. 3 ਦੇ ਮੁਖੀ ਭਾਰਤ ਭੂਸ਼ਣ ਪੁਲਸ ਫੋਰਸ ਸਮੇਤ ਸਿਟੀ ਸਟੇਸ਼ਨ ਪਹੁੰਚੇ, ਉਨ੍ਹਾਂ ਨੇ ਜੀ. ਆਰ. ਪੀ. ਤੇ ਆਰ. ਪੀ. ਐੱਫ. ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਸਟੇਸ਼ਨ ਦੇ ਚੱਪੇ-ਚੱਪੇ ਦੀ ਚੈਕਿੰਗ ਕੀਤੀ।ਚੈਕਿੰਗ ਦੌਰਾਨ ਪੁਲਸ ਨੇ ਪਲੇਟਫਾਰਮ ਨੰਬਰ 1 ਤੋਂ ਲੈ ਕੇ 2, 3, 5 ਤੇ 1-ਏ 'ਤੇ ਵੀ ਸਰਚ ਕੀਤੀ। ਪਲੇਟਫਾਰਮ 'ਤੇ ਖੜ੍ਹੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤੇ ਕੁਝ ਯਾਤਰੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ। 

PunjabKesari

ਕੈਂਟ ਰੇਲਵੇ ਸਟੇਸ਼ਨ 'ਤੇ ਵੀ ਚੱਲੀ ਚੈਕਿੰਗ ਮੁਹਿੰਮ
ਜੰਮੂ ਬੱਸ ਅੱਡੇ 'ਤੇ ਵੀਰਵਾਰ  ਦੁਪਹਿਰ ਨੂੰ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਕੈਂਟ ਰੇਲਵੇ ਸਟੇਸ਼ਨ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ, ਕਿਉਂਕਿ ਜੰਮੂ ਆਉਣ-ਜਾਣ ਵਾਲੀਆਂ ਗੱਡੀਆਂ ਜ਼ਿਆਦਾਤਰ ਇਸੇ ਸਟੇਸ਼ਨ ਤੋਂ ਹੀ ਨਿਕਲਦੀਆਂ ਹਨ। ਅੱਤਵਾਦੀ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਅੱਜ ਕਰੀਬ 2 ਘੰਟੇ ਕੈਂਟ ਰੇਲਵੇ ਸਟੇਸ਼ਨ 'ਤੇ ਚੈਕਿੰਗ ਕੀਤੀ, ਜਿਸ ਦੀ ਅਗਵਾਈ ਏ. ਸੀ. ਪੀ. ਜਲੰਧਰ ਕੈਂਟ ਰਵਿੰਦਰ ਸਿੰਘ ਨੇ ਕੀਤੀ। ਉਨ੍ਹਾਂ ਨਾਲ ਜੀ. ਆਰ. ਪੀ. ਮਨਜੀਤ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਆਰ. ਪੀ. ਐੱਫ. ਦੇ ਜਵਾਨ ਤੇ ਥਾਣਾ ਕੈਂਟ ਦੀ ਪੁਲਸ ਵੀ ਮੌਜੂਦ ਸੀ। ਚੈਕਿੰਗ ਦੌਰਾਨ ਸਟੇਸ਼ਨ 'ਤੇ ਘੁੰਮ ਰਹੇ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਜੰਮੂ ਜਾਣ ਵਾਲੀਆਂ ਗੱਡੀਆਂ 'ਚ ਵੀ ਸਵਾਰ ਹੋ ਕੇ ਰੇਲਵੇ ਪੁਲਸ ਨੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ। ਪਾਰਕਿੰਗ ਦੀ ਵੀ ਚੈਕਿੰਗ ਕੀਤੀ ਗਈ।


Shyna

Content Editor

Related News