ਖੂਨ ਦੀ ਹੋਲੀ ਨੇ ਮਿਟਾ ਦਿੱਤਾ ਸੁਹਾਗਣਾਂ ਦੀ ਮਾਂਗ ਦਾ ਸੰਧੂਰ

Monday, Mar 16, 2020 - 11:05 AM (IST)

ਖੂਨ ਦੀ ਹੋਲੀ ਨੇ ਮਿਟਾ ਦਿੱਤਾ ਸੁਹਾਗਣਾਂ ਦੀ ਮਾਂਗ ਦਾ ਸੰਧੂਰ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨੀ ਸੈਨਿਕਾਂ ਵੱਲੋਂ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ 'ਚ ਕੀਤੀ ਜਾਣ ਵਾਲੀ ਗੋਲੀਬਾਰੀ ਸਿਰਫ ਇਕ ਦਹਿਸ਼ਤੀ ਅਤੇ ਅਣਮਨੁੱਖੀ ਕਾਰਾ ਹੀ ਨਹੀਂ ਹੈ, ਸਗੋਂ ਇਸ ਦਹਿਸ਼ਤ ਦੇ ਪਰਛਾਵਿਆਂ ਪਿੱਛੇ ਬਹੁਤ ਕੁਝ ਅਜਿਹਾ ਵੀ ਵਾਪਰਿਆ ਹੁੰਦਾ ਹੈ, ਜਿਸ ਨੂੰ ਜ਼ਮੀਨੀ ਹਕੀਕਤਾਂ ਦੇ ਵਰਕੇ ਫਰੋਲਣ ਉਪਰੰਤ ਹੀ ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ। ਇਸ ਗੋਲੀਬਾਰੀ ਨੇ ਕਿੰਨੀਆਂ ਔਰਤਾਂ ਨੂੰ ਵਿਧਵਾਵਾਂ ਬਣਾ ਦਿੱਤਾ ਅਤੇ ਕਿੰਨੀਆਂ ਨਵ-ਵਿਆਹੀਆਂ ਦੀ ਮਾਂਗ ਦਾ ਸੰਧੂਰ ਮਿਟਾ ਦਿੱਤਾ, ਸ਼ਾਇਦ ਇਸ ਦਾ ਮੁਕੰਮਲ ਲੇਖਾ-ਜੋਖਾ ਕਰ ਸਕਣਾ ਸੰਭਵ ਹੀ ਨਹੀਂ ਹੈ। ਚਿੱਟੀਆਂ ਚੁੰਨੀਆਂ ਦੀ ਗਿਣਤੀ 'ਚ ਨਿੱਤ-ਦਿਨ ਵਾਧਾ ਹੋ ਰਿਹਾ ਹੈ, ਜਿਸ ਨਾਲ ਪਰਿਵਾਰਾਂ ਦੇ ਹਾਲਾਤ ਵਿਗੜ ਗਏ ਹਨ ਅਤੇ ਸੂਬੇ ਦੀ ਤਸਵੀਰ ਵੀ ਧੁੰਦਲੀ ਹੁੰਦੀ ਜਾਪਦੀ ਹੈ।

ਵਿਧਵਾਵਾਂ ਆਪਣੀ ਬੁੱਕਲ 'ਚ ਕਿਸ ਤਰ੍ਹਾਂ ਦੇ ਦੁੱਖ-ਦਰਦ ਸਮੇਟ ਕੇ ਜੀਵਨ 'ਚ ਵਿਚਰ ਰਹੀਆਂ ਹਨ, ਉਨ੍ਹਾਂ ਤੱਕ ਨਾ ਸਰਕਾਰਾਂ ਦੀ ਕੋਈ ਨੀਤੀ ਪਹੁੰਚ ਸਕਦੀ ਹੈ ਅਤੇ ਨਾ ਮੀਡੀਆ ਦੀ ਅੱਖ ਹੀ ਉਨ੍ਹਾਂ ਦੁੱਖਾਂ ਦੀ ਕਹਾਣੀ ਨੂੰ ਪੜ੍ਹ ਅਤੇ ਦੱਸ ਸਕਦੀ ਹੈ। ਮੋਟੇ ਸ਼ਬਦਾਂ 'ਚ ਜੋ ਸਮਝ ਆਉਂਦਾ ਹੈ, ਉਹ ਇਹੀ ਹੈ ਕਿ ਜ਼ਿੰਦਗੀ ਉਨ੍ਹਾਂ ਬਦਕਿਸਮਤ ਔਰਤਾਂ ਲਈ ਇਕ ਅਜਿਹਾ ਬੋਝ ਬਣ ਗਈ ਹੈ, ਜਿਸ ਨੂੰ ਨਾ-ਚਾਹੁੰਦਿਆਂ ਵੀ ਉਨ੍ਹਾਂ ਨੂੰ ਢੋਹਣਾ ਪੈ ਰਿਹਾ ਹੈ।

ਜੰਮੂ-ਕਸ਼ਮੀਰ ਦੀ ਸਰਹੱਦੀ ਪੱਟੀ ਵਿਚ ਗੋਲੀਬਾਰੀ ਦੇ ਚੰਗਿਆੜਿਆਂ ਕਾਰਣ ਬਲਣ ਵਾਲੇ ਸਿਵਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਪੀੜਤ ਪਰਿਵਾਰਾਂ ਦੇ ਦੁੱਖਾਂ-ਮੁਸੀਬਤਾਂ ਦੀ ਥਾਹ ਪਾਈ ਜਾ ਸਕਦੀ ਹੈ। ਇਹ ਹੰਝੂਆਂ-ਹਾਉਕਿਆਂ ਦੀ ਇਕ ਅਜਿਹੀ ਗਾਥਾ ਹੈ, ਜਿਸ ਦਾ ਅੱਖਰ-ਅੱਖਰ ਰੂਹ ਨੂੰ ਝੰਜੋੜ ਦੇਣ ਵਾਲੇ ਦਰਦ ਵਿਚ ਭਿੱਜਾ ਹੋਇਆ ਹੈ।

ਸਰਹੱਦੀ ਪਿੰਡਾਂ 'ਚ ਇਸ ਗਾਥਾ ਦੇ ਪ੍ਰਤੱਖ ਸਬੂਤ ਵੇਖੇ ਜਾ ਸਕਦੇ ਹਨ। ਪਿਛਲੇ ਦਿਨੀਂ ਅਰਨੀਆ ਸੈਕਟਰ ਦੇ ਕੁਝ ਪਿੰਡਾਂ 'ਚ ਰਹਿਣ ਵਾਲੇ ਪਰਿਵਾਰਾਂ ਨੂੰ ਮਿਲ ਕੇ ਇਸ ਦਰਦ-ਕਹਾਣੀ ਨੂੰ ਕਿਸੇ ਹੱਦ ਤੱਕ ਜਾਣਨ ਦਾ ਮੌਕਾ ਮਿਲਿਆ। ਉਸ ਦਿਨ ਪੰਜਾਬ ਕੇਸਰੀ ਦੀ ਰਾਹਤ ਟੀਮ ਸਰਹੱਦ ਨੇੜੇ ਸਥਿਤ ਪਿੰਡ 'ਬੁਮਨਾਲ ਕੋਠੇ' ਵਿਖੇ 564ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਗਈ ਸੀ। ਉਥੇ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ 300 ਪਰਿਵਾਰਾਂ ਨੂੰ ਰਜਾਈਆ ਮੁਹੱਈਆ ਕਰਾਈਆਂ ਗਈਆਂ ਸਨ। ਇਸ ਟਰੱਕ ਦੀ ਸਮੱਗਰੀ ਜ਼ੀਰਾ(ਫਿਰੋਜ਼ਪੁਰ) ਹਲਕੇ ਨਾਲ ਸਬੰਧਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸ. ਸੁਰਿੰਦਰ ਸਿੰਘ ਜੌੜਾ ਵੱਲੋਂ ਦਿੱਤਾ ਗਿਆ ਸੀ। ਬੁਮਨਾਲ 'ਚ ਹੋਏ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦੇ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਸ਼੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਲੇਖਾਂ 'ਚ ਬਰਬਾਦੀ ਲਿਖ ਦਿੱਤੀ ਹੈ। ਉਹ 1947 ਤੋਂ ਹੀ ਅਜਿਹੀਆਂ ਘਟੀਆ ਹਰਕਤਾਂ ਕਰਦਾ ਆਇਆ ਹੈ, ਜਿਸ ਕਾਰਨ ਇਸ ਸੂਬੇ ਦੇ ਲੋਕਾਂ ਨੂੰ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕਰਨਾ ਪਿਆ। ਅੱਜ ਤੱਕ ਲੱਖਾਂ ਲੋਕ ਦਰ-ਦਰ ਭਟਕ ਰਹੇ ਹਨ ਪਰ ਉਨ੍ਹਾਂ ਦਾ ਵਸੇਬਾ ਸੰਭਵ ਨਹੀਂ ਹੋ ਸਕਿਆ, ਜਦੋਂਕਿ ਪਾਕਿਸਤਾਨ ਵੱਲੋਂ ਅੱਜ ਵੀ ਕਹਿਰ ਵਰਤਾਇਆ ਜਾ ਰਿਹਾ ਹੈ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਪਹਿਲਾਂ ਅੱਤਵਾਦ ਨੇ ਲੋਕਾਂ ਦਾ ਖੂਨ ਵਹਾਇਆ ਅਤੇ ਉਨ੍ਹਾਂ ਨੂੰ ਆਪਣੇ ਘਰ-ਘਾਟ ਛੱਡ ਕੇ ਉਜੜਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੀ ਪਾਕਿਸਤਾਨੀ ਸੈਨਿਕਾਂ ਵੱਲੋਂ ਸਰਹੱਦ ਪਾਰ ਤੋਂ ਗੋਲੀਬਾਰੀ ਕਰਕੇ ਸਰਹੱਦੀ ਲੋਕਾਂ ਦੇ ਜੀਵਨ 'ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਰੋਗ ਹੈ, ਜਿਸਦਾ ਹੁਣ ਤੱਕ ਇਲਾਜ ਸੰਭਵ ਨਹੀਂ ਹੋ ਸਕਿਆ। ਸੂਬੇ ਦੇ ਲੱਖਾਂ ਲੋਕਾਂ ਦੇ ਕੰਮ-ਧੰਦੇ ਠੱਪ ਹੋ ਗਏ ਹਨ ਅਤੇ ਉਨ੍ਹਾਂ ਲਈ ਰੋਟੀ ਦੀ ਚਿੰਤਾ ਬਣੀ ਰਹਿੰਦੀ ਹੈ। ਪਾਕਿਸਤਾਨ ਦੀਆਂ ਕਰਤੂਤਾਂ ਸਦਕਾ ਪੜ੍ਹਾਈ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ। ਔਰਤਾਂ ਲਈ ਆਪਣੇ ਘਰਾਂ 'ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਗੋਲੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਦੁੱਖਾਂ-ਮੁਸੀਬਤਾਂ ਅਤੇ ਗਰੀਬੀ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋ ਗਏ ਹਨ।

PunjabKesari

ਜ਼ੁਲਮ ਅਤੇ ਆਫਤਾਂ ਸਹਿਣ ਕਰ ਰਹੇ ਨੇ ਲੋਕ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁੱਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਕਈ ਦਹਾਕਿਆਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਮੁਸੀਬਤਾਂ ਅਤੇ ਜ਼ੁਲਮ ਸਹਿਣ ਕਰ ਰਹੇ ਹਨ। ਇਕ ਪਾਸੇ ਲੋਕ ਕੁਦਰਤੀ ਆਫਤਾਂ ਦੇ ਸ਼ਿਕਾਰ ਹੁੰਦੇ ਹਨ ਅਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ਅੱਤਵਾਦ ਅਤੇ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਨੂੰ ਸਹਿਣ ਕਰ ਰਹੇ ਹਨ। ਇਸ ਦੇ ਬਾਵਜੂਦ ਲੋਕ ਬੜੀ ਬਹਾਦਰੀ ਨਾਲ ਕੁਦਰਤੀ ਅਤੇ ਗੈਰ-ਕੁਦਰਤੀ ਕਹਿਰ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨਗੀ ਇਸ ਗੱਲ ਦੀ ਹੈ ਕਿ ਲੋਕ ਜਿੰਨੇ ਵੱਡੇ ਸੰਕਟ ਦਾ ਸ਼ਿਕਾਰ ਹਨ, ਸਰਕਾਰਾਂ ਵੱਲੋਂ ਇਸ ਦੇ ਹੱਲ ਜਾਂ ਲੋਕਾਂ ਦੇ ਬਚਾਅ ਲਈ ਉਸ ਤਰ੍ਹਾਂ ਦੇ ਕਦਮ ਨਹੀਂ ਚੁੱਕੇ ਜਾ ਰਹੇ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਲੋਕ ਆਪਣੀ ਮਿਹਨਤ ਅਤੇ  ਯਤਨਾਂ ਸਦਕਾ ਹੀ ਮੁਸ਼ਕਿਲ ਸਥਿਤੀਆਂ 'ਚ ਜੀਵਨ ਵਸਰ ਕਰ ਰਹੇ ਹਨ। ਇਸ ਤਰਸਯੋਗ ਹਾਲਤ ਨੂੰ ਦੇਖਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਰਾਹਤ ਮੁਹਿੰਮ ਦੀ ਸ਼ੁਰੂਆਤ ਅਕਤੂਬਰ 1999 'ਚ ਕੀਤੀ ਗਈ ਸੀ। ਦਾਨੀ ਸ਼ਖਸੀਅਤਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਹੁਣ ਤੱਕ ਕਰੋੜਾਂ ਰੁਪਏ ਦੀ ਸਮੱਗਰੀ ਵੱਖ-ਵੱਖ ਇਲਾਕਿਆਂ ਦੇ ਪ੍ਰਭਾਵਿਤ ਪਰਿਵਾਰਾਂ ਤੱਕ ਭਿਜਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੰਮੂ-ਕਸ਼ਮੀਰ ਦੇ ਲੋਕ ਪਾਕਿਸਤਾਨ ਦੇ ਸੰਕਟ ਤੋਂ ਮੁਕਤ ਨਹੀਂ ਹੋ ਜਾਂਦੇ,  ਉਨ੍ਹਾਂ ਦੀ ਸੇਵਾ ਸਹਾਇਤਾ ਦਾ ਸਿਲਸਿਲਾ ਜਾਰੀ ਰਹੇਗਾ।

ਸਰਹੱਦੀ ਖੇਤਰਾਂ 'ਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ: ਸਰਬਜੀਤ ਜੌਹਲ
ਰਾਮਗੜ੍ਹ ਦੇ ਭਾਜਪਾ ਆਗੂ ਸਰਦਾਰ ਸਰਬਜੀਤ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ। ਇਨ੍ਹਾਂ ਖੇਤਰਾਂ 'ਚ ਕਈ ਕਈ ਮੀਲ ਦੂਰ ਤੱਕ ਹਸਪਤਾਲ ਨਹੀਂ ਹਨ ਅਤੇ ਜੇ ਛੋਟੀਆਂ ਮੋਟੀਆਂ ਡਿਸਪੈਂਸਰੀਆਂ ਹਨ ਤਾਂ ਉਨ੍ਹਾਂ ਕੋਲ ਇਲਾਜ ਦੇ ਲੋੜੀਂਦੇ ਪ੍ਰਬੰਧਾਂ ਅਤੇ ਦਵਾਈਆਂ ਦੀ ਭਾਰੀ ਘਾਟ ਹੈ। ਇਸ ਕਾਰਨ ਬੀਮਾਰੀ ਜਾਂ ਕਿਸੇ ਹਾਦਸੇ ਦੀ ਸਥਿਤੀ 'ਚ ਲੋਕਾਂ ਲਈ ਬਹੁਤ ਗੰਭੀਰ ਸਮੱਿਸਆ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਖੇਤਰ 'ਚ ਸਿੱਖਿਆ ਅਤੇ ਬਿਜਲੀ ਦੀ ਸਥਿਤੀ ਵੀ ਤਰਸਯੋਗ ਹੈ। ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ।  

ਇਸ ਮੌਕੇ 'ਤੇ ਬਲਾਕ ਸੰਮਤੀ ਅਰਨੀਆ ਦੇ ਚੇਅਰਮੈਨ ਸ਼੍ਰੀ ਕੁਲਦੀਪ ਰਾਜ, ਨਗਰ ਪਾਲਿਕਾ ਕਮੇਟੀ ਅਰਨੀਆ ਦੇ ਪ੍ਰਧਾਨ ਰੋਮੇਸ਼ ਸੈਣੀ, ਸਰਪੰਚ ਅਨੀਤਾ ਸ਼ਰਮਾ, ਸਰਪੰਚ ਭਾਰਤ ਭੂਸ਼ਣ, ਅਨਿਲ ਸ਼ਰਮਾ, ਨਾਇਬ ਸਰਪੰਚ ਰੇਖਾ ਸ਼ਰਮਾ, ਭਾਰਤ ਭੂਸ਼ਣ ਸੈਣੀ, ਆਰ ਐੱਸ ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ  ਮੁਕੇਸ਼ ਰੈਣਾ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਬੁਮਨਾਲ ਤੋਂ ਇਲਾਵਾ ਸ਼ਿਭੂ ਚੱਕ, ਅਧਲੈੜ, ਚੱਕ ਫਤਿਹ ਖਾਨ, ਚੁਹਾਗਪੁਰ ਅਤੇ ਅਰਨੀਆ ਆਦਿ ਪਿੰਡਾਂ ਨਾਲ ਸਬੰਧਤ ਸਨ।


author

shivani attri

Content Editor

Related News