ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 543ਵੇਂ ਟਰੱਕ ਦੀ ਰਾਹਤ ਸਮੱਗਰੀ

01/05/2020 6:22:14 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਦੇਖ-ਰੇਖ ਹੇਠ ਮਕਬੂਜ਼ਾ ਕਸ਼ਮੀਰ ਦੀ ਧਰਤੀ 'ਤੇ ਚੱਲ ਰਹੇ ਅੱਤਵਾਦੀਆਂ ਦੇ ਸਿਖਲਾਈ ਕੈਂਪਾਂ 'ਚ ਪਿਛਲੇ ਸਾਲਾਂ ਦੌਰਾਨ, ਭਾਰਤ ਵਿਚ ਕਹਿਰ ਵਰਤਾਉਣ ਲਈ, ਘੜੀਆਂ ਗਈਆਂ ਸਾਜ਼ਿਸ਼ਾਂ ਦੇ ਨਤੀਜੇ ਵਜੋਂ ਜੰਮੂ-ਕਸ਼ਮੀਰ ਦੇ ਲੋਕਾਂ ਦਾ ਬੇਹਿਸਾਬ ਖੂਨ ਡੁੱਲ੍ਹਿਆ ਹੈ। ਅੱਤਵਾਦ ਰੂਪੀ ਕਾਲੀ ਹਨ੍ਹੇਰੀ ਨੇ ਹਜ਼ਾਰਾਂ ਔਰਤਾਂ ਦੀ ਮਾਂਗ ਦਾ ਸੰਧੂਰ ਖਾ ਲਿਆ ਅਤੇ ਅਰਬਾਂ- ਖਰਬਾਂ ਦਾ ਮਾਲੀ ਨੁਕਸਾਨ ਵੀ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਹਿਣ ਕਰਨਾ ਪਿਆ। ਇਸ ਸੂਬੇ ਦੇ ਸਰਹੱਦੀ ਲੋਕਾਂ ਨੂੰ ਅੱਤਵਾਦ ਤੋਂ ਵੀ ਵੱਡਾ ਸੇਕ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਕਾਰਣ ਲੱਗਾ ਅਤੇ ਅਣਗਿਣਤ ਪਰਿਵਾਰ ਕੱਖਾਂ ਤੋਂ ਹੌਲੇ ਹੋ ਗਏ।

ਪਾਕਿਸਤਾਨ ਦੀਆਂ ਇਹ ਸਾਜ਼ਿਸ਼ਾਂ ਅੱਜ ਵੀ ਜਾਰੀ ਹਨ ਅਤੇ ਨਤੀਜੇ ਵਜੋਂ ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਹਮੇਸ਼ਾ ਖਤਰੇ ਦੇ ਬੱਦਲ ਛਾਏ ਰਹਿੰਦੇ ਹਨ। ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਜੱਦੀ ਘਰ -ਮਕਾਨ ਅਤੇ ਜਾਇਦਾਦਾਂ ਛੱਡ ਕੇ ਆਪਣੇ ਹੀ ਦੇਸ਼ 'ਚ ਸ਼ਰਨਾਰਥੀਆਂ ਵਾਲਾ ਜੀਵਨ ਗੁਜ਼ਾਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਲਈ ਸਿਰ ਦੀ ਛੱਤ ਅਤੇ ਦੋ ਵਕਤ ਦੀ ਰੋਟੀ ਹੀ ਜੀਵਨ ਦੇ ਅਹਿਮ ਸਵਾਲ ਬਣ ਗਏ ਹਨ। ਮੁਸੀਬਤਾਂ ਦੇ ਮਾਰੇ ਅਜਿਹੇ ਪਰਿਵਾਰਾਂ ਦਾ ਦੁੱਖ-ਦਰਦ ਪਛਾਣਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਅਕਤੂਬਰ 1999 'ਚ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਅਧੀਨ ਹੁਣ ਤਕ ਸੈਂਕੜੇ ਟਰੱਕਾਂ ਦੀ ਸਮੱਗਰੀ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾ ਚੁੱਕੀ ਹੈ।

ਇਸੇ ਸਿਲਸਿਲੇ 'ਚ ਪਿਛਲੇ ਦਿਨੀਂ 543ਵੇਂ ਟਰੱਕ ਦੀ ਸਮੱਗਰੀ ਰਾਜੌਰੀ ਜ਼ਿਲੇ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਲੋਕ ਚੇਤਨਾ ਮੰਚ ਫਿਰੋਜ਼ਪੁਰ ਵੱਲੋਂ ਦਿੱਤਾ ਗਿਆ ਸੀ। ਇਸ ਕਾਰਜ 'ਚ ਜਗ ਬਾਣੀ ਦੇ ਪ੍ਰਤੀਨਿਧੀ ਅਤੇ ਮੰਚ ਦੇ ਸਰਪ੍ਰਸਤ ਸ. ਕੁਲਦੀਪ ਸਿੰਘ ਭੁੱਲਰ ਅਤੇ ਮੰਚ ਦੇ ਪ੍ਰਧਾਨ ਸ.ਜਸਬੀਰ ਸਿੰਘ ਜੋਸਨ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸੁਰਿੰਦਰ ਖੁੱਲਰ, ਰਵਿੰਦਰ ਕਾਲਾ, ਪਰਵਿੰਦਰ ਖੁੱਲਰ, ਗੁਲਸ਼ਨ ਗੱਖੜ, ਪ੍ਰਦੀਪ ਚੋਪੜਾ, ਅਸ਼ਵਨੀ ਧੀਂਗੜਾ, ਬਬਲੂ ਸੋਢੀ, ਕਰਮਜੀਤ ਸੋਢੀ ਰੱਤਾ ਖੇੜਾ, ਭਾਈ ਗੁਲਾਬ ਸਿੰਘ, ਚਮਕੌਰ ਸਿੰਘ, ਦਵਿੰਦਰ ਸਿੰਘ ਬਾਵਾ, ਹਰਨਾਮ ਸਿੰਘ ਨੰਬਰਦਾਰ, ਸੁਖਰਾਜ ਸਿੰਘ ਭਾਵੜਾ ਅਤੇ ਜੋਗਿੰਦਰ ਸਿੰਘ ਆੜ੍ਹਤੀ ਨੇ ਵੀ ਸਮੱਗਰੀ ਭਿਜਵਾਉਣ ਦੇ ਕਾਰਜ 'ਚ ਵਡਮੁੱਲਾ ਯੋਗਦਾਨ ਪਾਇਆ।

ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਫਿਰੋਜ਼ਪੁਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ ਗਿਆ ਸੀ। ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਚਾਵਲ, 250 ਗ੍ਰਾਮ ਚਾਹ ਪੱਤੀ, ਇਕ ਕਿਲੋ ਨਮਕ, ਚਾਰ ਟਿੱਕੀਆਂ ਨਹਾਉਣ ਵਾਲਾ ਸਾਬਣ, ਇਕ ਕਿਲੋ ਖੰਡ, ਇਕ ਪੈਕੇਟ ਮਾਚਿਸ, ਇਕ ਟੁੱਥਪੇਸਟ, ਇਕ ਮਫ਼ਲਰ, ਇਕ ਜੋੜਾ ਜ਼ੁਰਾਬਾਂ ਤੋਂ ਇਲਾਵਾ ਔਰਤਾਂ ਦੇ ਸੂਟ ਅਤੇ ਬੱਚਿਆਂ ਦੇ ਕੱਪੜੇ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ, ਹਰਜਿੰਦਰ ਪਾਲ ਅਵਾਣ, ਕੰਵਰਜੀਤ ਸਿੰਘ ਸੰਧੂ, ਗੁਲਸ਼ਨ ਗੱਖੜ, ਗੁਰਦਿਆਲ ਸਿੰਘ ਵਿਰਕ, ਅਭਿਸ਼ੇਕ ਅਰੋੜਾ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਕੁਲਦੀਪ ਭੁੱਲਰ, ਜਸਬੀਰ ਸਿੰਘ ਜੋਸਨ, ਪਰਵਿੰਦਰ ਸਿੰਘ ਖੁੱਲਰ ਅਤੇ ਸੁਰਿੰਦਰ ਖੁੱਲਰ ਸ਼ਾਮਲ ਸਨ।


shivani attri

Content Editor

Related News