ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 534ਵੇਂ ਟਰੱਕ ਦੀ ਰਾਹਤ ਸਮੱਗਰੀ

11/27/2019 5:13:29 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ 'ਚ ਆਰ. ਐੱਸ. ਪੁਰਾ ਸੈਕਟਰ ਨਾਲ ਸੰਬੰਧਤ ਸੁਚੇਤਗੜ੍ਹ ਅਤੇ ਆਲੇ-ਦੁਆਲੇ ਦੇ ਪਿੰਡ ਵੀ ਸ਼ਾਮਲ ਹਨ। ਸਰਹੱਦ ਕਿਨਾਰੇ ਵਸੇ ਪਿੰਡਾਂ ਦੇ ਮਕਾਨਾਂ ਦੀਆਂ ਕੰਧਾਂ ਅਤੇ ਢਹਿ ਚੁੱਕੀਆਂ ਛੱਤਾਂ ਉਸ ਦਰਦ ਨੂੰ ਬਿਆਨ ਕਰਦੀਆਂ ਹਨ, ਜਿਹੜਾ ਪਾਕਿਸਤਾਨੀ ਗੋਲੀਬਾਰੀ ਨੇ ਇਸ ਇਲਾਕੇ ਦੇ ਵਸਨੀਕਾਂ ਨੂੰ ਦਿੱਤਾ ਹੈ। ਇਨ੍ਹਾਂ ਪਿੰਡਾਂ ਸਮੇਤ ਸੂਬੇ ਦੇ ਅਨੇਕਾਂ ਹੋਰ ਕਸਬੇ ਅਤੇ ਪਿੰਡ ਅਜਿਹੇ ਹਨ ਜਿਥੇ ਰਹਿਣ ਵਾਲੇ ਲੱਖਾਂ ਲੋਕਾਂ 'ਤੇ ਪਾਕਿਸਤਾਨੀ ਹਰਕਤਾਂ ਦਾ ਬਹੁਤ ਮਾੜਾ ਅਸਰ ਪਿਆ ਹੈ।

ਇਸ ਦੇ ਨਾਲ ਹੀ ਸਰਹੱਦੀ ਖੇਤਰਾਂ ਦੀ ਤ੍ਰਾਸਦੀ ਇਹ ਵੀ ਹੈ ਕਿ ਉਨ੍ਹਾਂ ਨੂੰ ਜਿੱਥੇ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਬੇਰੋਜ਼ਗਾਰੀ, ਮਹਿੰਗਾਈ ਦੇ ਨਾਲ-ਨਾਲ ਸਿੱਖਿਆ, ਸਿਹਤ ਅਤੇ ਆਵਾਜਾਈ ਦੇ ਪ੍ਰਬੰਧਾਂ ਦੀ ਘਾਟ ਵੀ ਰੜਕਦੀ ਰਹਿੰਦੀ ਹੈ।  ਇਨ੍ਹਾਂ ਪਰਿਵਾਰਾਂ ਲਈ ਕਈ ਵਾਰ ਰਾਹਤ ਇੰਨੇ ਵਿਗੜ ਜਾਂਦੇ ਹਨ ਕਿ ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਕਟ ਭਰੇ ਹਾਲਾਤ ਦਾ ਸਾਹਮਣਾ ਕਰ ਰਹੇ ਸਰਹੱਦੀ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਿਲਸਿਲੇ 'ਚ ਪਿਛਲੇ ਦਿਨੀਂ 534ਵੇਂ ਟਰੱਕ ਦੀ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਨਾਲ ਸੰਬੰਧਤ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ।

ਇਸ ਟਰੱਕ ਦੀ ਰਾਹਤ ਸਮੱਗਰੀ ਦਾ ਯੋਗਦਾਨ ਹਰਬਲ ਦਵਾਈਆਂ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਆਈ. ਐੱਮ. ਸੀ. ਵਲੋਂ ਲੁਧਿਆਣਾ ਤੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਕੰਪਨੀ ਦੇ ਚੇਅਰਮੈਨ ਡਾ. ਅਸ਼ੋਕ ਭਾਟੀਆ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੈਤਿਅਨ ਭਾਟੀਆ ਨੇ ਮੁੱਖ ਭੂਮਿਕਾ ਨਿਭਾਈ। ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਲੁਧਿਆਣਾ ਤੋਂ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ ਗਿਆ। ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 25 ਕਿਲੋ ਚਾਵਲ, ਦੋ ਕਿਲੋ ਖੰਡ,ਇਕ ਕਿਲੋ ਛੋਲਿਆਂ ਦੀ ਦਾਲ, ਇਕ ਕਿਲੋ ਮੂੰਗੀ-ਮਸਰਾਂ ਦੀ ਦਾਲ, 250 ਗ੍ਰਾਮ, ਚਾਹ-ਪੱਕੀ, 250 ਗ੍ਰਾਮ ਹਲਦੀ, ਇਕ ਕਿਲੋ ਨਮਕ, 1 ਕਿਲੋ ਰੀਫਾਈਂਡ, ਇਕ ਪੈਕੇਟ ਮਾਚਿਸ, 6 ਮੋਮਬੱਤੀਆਂ ਅਤੇ ਇਕ ਕਿਲੋ ਕੱਪੜੇ ਧੋਣ ਵਾਲਾ ਸਾਬਣ ਸ਼ਾਮਲ ਸੀ।

ਰਾਹਤ ਸਮੱਗਰੀ ਦੀ ਵੰਡ ਲਈ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ ਵਿਚ ਆਈ. ਐੱਮ. ਸੀ. ਕੰਪਨੀ ਲੁਧਿਆਣਾ ਦੇ ਮੈਡਮ ਜਸਫਪ੍ਰੀਤ ਕੌਰ, ਨਿਕਿਤਾ ਪਾਂਡੇ, ਰਾਕੇਸ਼ ਮਿਸ਼ਰਾ, ਵਿਨੋਦ ਠਾਕੁਰ, ਸੁਖਵਿੰਦਰ ਸਿੰਘ ਸੰਨੀ, ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ, ਜਲੰਧਰ ਤੋਂ ਸ਼੍ਰੀ ਅਜੇ ਕੁਮਾਰ, ਬਿਸ਼ਨ ਦਾਸ ਸਹੋਤਾ, ਕਰਨ ਰੰਧਾਵਾ (ਆਸਟ੍ਰੇਲੀਆ) ਅਤੇ ਸ਼੍ਰੀ ਰਜਿੰਦਰ ਸ਼ਰਮਾ (ਭੋਲਾ ਜੀ) ਵੀ ਸ਼ਾਮਲ ਸਨ।


shivani attri

Content Editor

Related News