ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 550ਵੇਂ ਟਰੱਕ ਦੀ ਰਾਹਤ ਸਮੱਗਰੀ
Thursday, Jan 23, 2020 - 03:57 PM (IST)
ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀਆਂ ਘਟੀਆ ਸਾਜ਼ਿਸ਼ਾਂ ਕਾਰਣ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰ ਗੰਭੀਰ ਸੰਕਟ ਦੇ ਸ਼ਿਕਾਰ ਹੋ ਗਏ ਹਨ। ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਅਤੇ ਗੋਲੀਬਾਰੀ ਨੇ ਨਾ ਸਿਰਫ ਲੋਕਾਂ ਦਾ ਜਾਨੀ ਨੁਕਸਾਨ ਕੀਤਾ, ਸਗੋਂ ਉਨ੍ਹਾਂ ਦੇ ਘਰ-ਮਕਾਨ ਢਹਿ ਗਏ, ਕੰਮ-ਧੰਦੇ ਠੱਪ ਹੋ ਗਏ ਅਤੇ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਗਏ। ਅੱਤਵਾਦ ਕਾਰਣ ਲੱਖਾਂ ਲੋਕਾਂ ਨੂੰ ਆਪਣੇ ਘਰਾਂ 'ਚੋਂ ਉਜੜਣਾ ਪਿਆ ਅਤੇ ਫਿਰ ਕਦੀ ਉਹ ਵਾਪਸ ਆਪਣੇ ਆਲ੍ਹਣਿਆਂ 'ਚ ਪਰਤ ਨਹੀਂ ਸਕੇ। ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰ ਰਹੇ ਅਜਿਹੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਚਲਾਈ ਜਾ ਰਹੀ ਇਕ ਵਿਸ਼ੇਸ਼ ਰਾਹਤ ਮੁਹਿੰਮ ਨਿਰਵਿਘਨ ਰੂਪ 'ਚ ਜਾਰੀ ਹੈ। ਇਸ ਮੁਹਿੰਮ ਅਧੀਨ ਹੀ ਪਿਛਲੇ ਦਿਨੀਂ 550ਵੇਂ ਟਰੱਕ ਦੀ ਰਾਹਤ ਸਮੱਗਰੀ ਰਾਜੌਰੀ ਜ਼ਿਲੇ ਨਾਲ ਸਬੰਧਤ ਸਰਹੱਦੀ ਇਲਾਕੇ ਦੇ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਜੈਨ ਸਤੀਸ਼ ਹੌਜ਼ਰੀ ਪਰਿਵਾਰ ਵੱਲੋਂ ਲੁਧਿਆਣਾ ਤੋਂ ਦਿੱਤਾ ਗਿਆ ਸੀ। ਸਮੱਗਰੀ ਭਿਜਾਉਣ ਦੇ ਇਸ ਪਵਿੱਤਰ ਕਾਰਜ ਵਿਚ ਸੁਰੇਸ਼-ਰਜਨੀ ਜੈਨ, ਵਿਨੈ-ਜਯਤੀ ਜੈਨ, ਮਹਿਕ ਜੈਨ ਅਤੇ ਹਰਿਆਲੀ ਜੈਨ ਵੱਲੋਂ ਪ੍ਰਮੁੱਖ ਭੂਮਿਕਾ ਨਿਭਾਈ ਗਈ। ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੀ ਪ੍ਰੇਰਣਾ ਸਦਕਾ ਭਿਜਵਾਏ ਗਏ ਇਸ ਟਰੱਕ ਦੀ ਸਮੱਗਰੀ ਵਿਚ ਓਸਵਾਲ ਸ਼ਾਲ ਇੰਪੋਰੀਅਮ ਲੁਧਿਆਣਾ ਵੱਲੋਂ ਵੀ (ਸਵ. ਤਰਸੇਮ ਲਾਲ ਜੈਨ-ਵਿੱਦਿਆਵਤੀ ਜੈਨ ਦੀ ਯਾਦ ਵਿਚ) ਵਡਮੁੱਲਾ ਯੋਗਦਾਨ ਦਿੱਤਾ ਗਿਆ, ਜਿਸ 'ਚ ਸਤੀਸ਼-ਕਵਿਤਾ ਜੈਨ, ਸੰਨੀ-ਆਂਚਲ ਜੈਨ, ਰੇਹਾ ਜੈਨ ਅਤੇ ਿਰਤਵਿਕ ਜੈਨ ਨੇ ਅਹਿਮ ਸੇਵਾ ਨਿਭਾਈ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਇਸ ਟਰੱਕ ਨੂੰ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ-ਸ਼੍ਰੀਮਤੀ ਸਾਇਸ਼ਾ ਚੋਪੜਾ, ਸ਼੍ਰੀ ਅਰੂਸ਼ ਚੋਪੜਾ ਅਤੇ ਅਭਿਨਵ ਚੋਪੜਾ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਸ਼ਾਲ, ਸਵੈਟਰ, ਕੋਟੀਆਂ, ਸਕਾਰਫ, ਸਲੈਕਸਾਂ, ਟੋਪੀਆਂ ਅਤੇ ਜੈਕਟਾਂ (ਕੁੱਲ 2100 ਪੀਸ) ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਵਿਪਨ ਜੈਨ, ਕਵਿਤਾ ਜੈਨ, ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਧੀ ਰਾਜਨ ਚੋਪੜਾ ਅਤੇ ਸੰਜੀਵ ਮੋਹਣੀ ਵੀ ਮੌਜੂਦ ਸਨ। ਰਾਹਤ ਵੰਡ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਲੁਧਿਆਣਾ ਤੋਂ ਸ਼੍ਰੀ ਰਾਕੇਸ਼-ਰਮਾ ਜੈਨ, ਸੁਰੇਸ਼-ਰਜਨੀ ਜੈਨ, ਸੰਨੀ ਜੈਨ, ਅੰਮ੍ਰਿਤਸਰ ਤੋਂ ਪ੍ਰਵੀਨ ਜੈਨ, ਸੰਜੇ ਜੈਨ, ਰਾਜੇਸ਼ ਜੈਨ ਅਤੇ ਮਿੰਟੂ ਜੈਨ ਵੀ ਸ਼ਾਮਲ ਸਨ।