ਗੋਲੀਬਾਰੀ ਕਾਰਨ ਉੱਜੜ ਰਹੇ ਨੇ ਤੀਲਾ-ਤੀਲਾ ਜੋੜ ਕੇ ਬਣਾਏ ਆਲ੍ਹਣੇ

01/12/2020 11:14:40 AM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਆਮ ਵਿਅਕਤੀ ਨੂੰ ਘਰ ਬਣਾਉਣ ਅਤੇ ਵਸਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪੈਂਦਾ ਹੈ ਤਾਂ ਵੀ ਉਸ ਦੀਆਂ ਸਾਰੀਆਂ ਆਸਾਂ ਨੂੰ ਬੂਰ ਨਹੀਂ ਪੈਂਦਾ। ਬਹੁਤ ਕੁਝ ਮਨ 'ਚ ਲੈ ਕੇ ਹੀ ਉਸ ਨੂੰ ਜ਼ਿੰਦਗੀ ਦਾ ਸਫਰ ਤਹਿ ਕਰਨਾ ਪੈਂਦਾ ਹੈ। ਮਹਿੰਗਾਈ ਕਾਰਣ ਦਿਨੋ-ਦਿਨ ਵਧ ਰਹੇ ਖਰਚਿਆਂ ਦਾ ਭਾਰ ਝੱਲਣ ਤੋਂ ਬੰਦੇ ਦੀ ਜੇਬ ਅਸਮਰੱਥ ਹੋ ਜਾਂਦੀ ਹੈ ਤਾਂ ਉਹ ਸਮਝੌਤਿਆਂ ਦੇ ਸਹਾਰੇ ਵਕਤ ਗੁਜ਼ਾਰਨ ਲੱਗਦਾ ਹੈ। ਅਜਿਹੀ ਮੁਸ਼ਕਲ ਸਥਿਤੀ ਵਿਚ ਜਿਹੜੇ ਪਰਿਵਾਰਾਂ ਨੂੰ ਅੱਤਵਾਦ ਅਤੇ ਪਾਕਿਸਤਾਨੀ ਬੰਦੂਕਾਂ ਦੀਆਂ ਗੋਲੀਆਂ ਦਾ ਡਰ ਵੀ ਹਰ ਵੇਲੇ ਸਤਾਉਂਦਾ ਰਹਿੰਦਾ ਹੈ ਤਾਂ ਉਨ੍ਹਾਂ ਲਈ ਜੀਵਨ ਕੰਡਿਆਂ ਦੀ ਸੇਜ ਬਣ ਜਾਂਦਾ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੇ ਚਿਹਰਿਆਂ ਤੋਂ ਉਪਰੋਕਤ ਹਾਲਾਤ ਦੀ ਝਲਕ ਸਹਿਜੇ ਹੀ ਦੇਖੀ ਜਾ ਸਕਦੀ ਹੈ। ਅੱਤਵਾਦ ਦੇ ਕਹਿਰ ਅਤੇ ਪਾਕਿਸਤਾਨ ਦੀ ਗੋਲੀਬਾਰੀ ਕਾਰਣ ਬਹੁਤ ਸਾਰੇ ਲੋਕਾਂ ਨੂੰ ਤੀਲਾ-ਤੀਲਾ ਜੋੜ ਕੇ ਬਣਾਏ ਆਲ੍ਹਣੇ ਛੱਡ ਕੇ ਦਰ-ਦਰ ਭਟਕਣਾ ਪੈ ਰਿਹਾ ਹੈ।  

ਅਜਿਹੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ 545ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਸੁੰਦਰਬਨੀ ਤਹਿਸੀਲ ਦੇ ਪਿੰਡ ਠੰਗਰ ਵਿਚ ਵੰਡੀ ਗਈ। ਇਸ ਮੌਕੇ 'ਤੇ ਸੁੰਦਰਬਨੀ ਦੇ ਏ. ਡੀ. ਸੀ. ਸ਼੍ਰੀ ਵਿਨੋਦ ਕੁਮਾਰ ਦੀ ਮੌਜੂਦਗੀ 'ਚ 325 ਪਰਿਵਾਰਾਂ ਨੂੰ ਰਜਾਈਆਂ ਦੀ ਵੰਡ ਕੀਤੀ ਗਈ। ਇਹ ਸਮੱਗਰੀ ਸ਼੍ਰਮਣਜੀ ਯਾਰਨ ਲਿਮਟਿਡ ਲੁਧਿਆਣਾ ਦੇ ਜਤਿੰਦਰ ਜੈਨ-ਤਰਸੇਮ ਜੈਨ ਪਰਿਵਾਰ ਵੱਲੋਂ ਆਪਣੇ ਸਵਰਗੀ ਬੇਟੇ ਸੰਨੀ ਜੈਨ ਦੀ ਯਾਦ 'ਚ ਭਿਜਵਾਈ ਗਈ ਸੀ। ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਸ਼੍ਰੀ ਰਾਕੇਸ਼ ਨੇਗੀ ਨੇ ਕਿਹਾ ਕਿ ਸਾਨੂੰ ਭਾਰਤ ਮਾਤਾ ਦੀ ਰਖਵਾਲੀ ਅਤੇ ਖੁਸ਼ਹਾਲੀ ਲਈ ਵਧ-ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ। ਅਸੀਂ ਹਰ ਵੇਲੇ ਇਹ ਸੋਚਦੇ ਹਾਂ ਕਿ ਦੇਸ਼ ਨੇ ਸਾਡੇ ਲਈ ਕੀ ਕੀਤਾ, ਜਦੋਂ ਕਿ ਸਾਨੂੰ ਇਹ ਸੋਚਣਾ ਚਾਹੀਦੈ ਕਿ ਅਸੀਂ ਦੇਸ਼ ਲਈ ਕੀ ਕੀਤਾ ਹੈ। ਸਾਡਾ ਤਨ, ਮਨ, ਧਨ ਸਭ ਦੇਸ਼ ਨੂੰ ਸਮਰਪਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਜਿਆਂ 'ਤੇ ਦੋਸ਼ ਲਾਉਣ ਦੀ ਬਜਾਏ ਪਹਿਲਾਂ ਸਾਨੂੰ ਖੁਦ ਨੂੰ ਚੰਗੇ ਨਾਗਰਿਕ ਬਣਨਾ ਚਾਹੀਦਾ ਹੈ।

PunjabKesari

ਪਾਕਿਸਤਾਨ ਸਰਹੱਦੀ ਲੋਕਾਂ ਲਈ ਮੁਸੀਬਤਾਂ ਪੈਦਾ ਕਰ ਰਿਹੈ : ਰਾਕੇਸ਼ ਜੈਨ
ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਘਟੀਆ ਹਰਕਤਾਂ ਕਰ ਕੇ ਸਰਹੱਦੀ ਪਰਿਵਾਰਾਂ ਲਈ ਮੁਸੀਬਤਾਂ ਪੈਦਾ ਕਰ ਰਿਹਾ ਹੈ। ਅੱਜ ਹਜ਼ਾਰਾਂ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਸਿਰ 'ਤੇ ਹਰ ਵੇਲੇ ਖਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ ਅਤੇ ਨਾਲ ਹੀ ਉਨ੍ਹਾਂ ਲਈ ਰੋਜ਼ੀ-ਰੋਟੀ ਦੀ ਚਿੰਤਾ ਵੀ ਬਣ ਜਾਂਦੀ ਹੈ। ਅਜਿਹੇ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਪੰਜਾਬ ਕੇਸਰੀ ਪਰਿਵਾਰ ਬਹੁਤ ਅਹਿਮ ਸੇਵਾ ਨਿਭਾਅ ਰਿਹਾ ਹੈ।
ਇਲਾਕੇ ਦੇ ਸਮਾਜ ਸੇਵੀ ਸ਼੍ਰੀ ਸੁਸ਼ੀਲ ਕੁਮਾਰ ਸੂਦਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਰਹੱਦ 'ਤੇ ਲਗਾਤਾਰ ਫਾਇਰਿੰਗ ਹੋ ਰਹੀ ਹੈ। ਅਜਿਹੀ ਹਾਲਤ ਵਿਚ ਰਾਹਤ ਸਮੱਗਰੀ ਲੈਣ ਵਾਲਿਆਂ ਅਤੇ ਵੰਡਣ ਵਾਲਿਆਂ ਲਈ ਵੀ ਖਤਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਠੰਗਰ ਅਤੇ ਆਸ-ਪਾਸ ਦੇ ਪਿੰਡ ਪਹਿਲਾਂ ਹੀ ਬਹੁਤ ਪਛੜੇ ਹੋਏ ਹਨ ਅਤੇ ਉਪਰੋਂ ਗੋਲੀਬਾਰੀ ਦੀ ਮਾਰ ਪੈ ਰਹੀ ਹੈ। ਇਸ ਕਾਰਨ ਲੋਕਾਂ ਲਈ ਬਹੁਤ ਮੁਸ਼ਕਲ ਹਾਲਾਤ ਬਣ ਗਏ ਹਨ।

ਦਾਨ ਅਤੇ ਗਿਆਨ ਖੁੱਲ੍ਹ ਕੇ ਵੰਡਣਾ ਚਾਹੀਦੈ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਗਿਆਨ ਰੂਪੀ ਧਨ ਅਤੇ ਦਾਨ ਰੂਪੀ ਧਨ ਖੁੱਲ੍ਹ ਕੇ ਵੰਡਣਾ ਚਾਹੀਦਾ ਹੈ। ਇਸ ਤਰ੍ਹਾਂ ਇਨ੍ਹਾਂ ਦੀ ਕਮੀ ਨਹੀਂ ਹੁੰਦੀ, ਸਗੋਂ ਇਸ 'ਚ ਵਾਧਾ ਹੀ ਹੁੰਦਾ ਹੈ। ਹਰ ਮਨੁੱਖ ਨੂੰ ਦੂਜਿਆਂ ਦੀ ਸੇਵਾ ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ 'ਚ ਸਹਾਇਤਾ ਕਰਨ, ਮੁਆਫ ਕਰਨ ਅਤੇ ਧੰਨਵਾਦ ਕਰਨ ਦੇ ਗੁਣ ਜ਼ਰੂਰ ਹੋਣੇ ਚਾਹੀਦੇ ਹਨ, ਇਹ ਇਨਸਾਨ ਦੀ ਮਾਨਸਿਕ ਅਮੀਰੀ ਦੀ ਨਿਸ਼ਾਨੀ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਖ਼ੁਦ ਵੀ ਅੱਤਵਾਦ ਨਾਲ ਲੜਾਈ ਲੜੀ ਅਤੇ ਕੁਰਬਾਨੀਆਂ ਵੀ ਦਿੱਤੀਆਂ। ਇਸ ਕਾਰਨ ਹੀ  20 ਸਾਲਾਂ ਤੋਂ ਪੀੜਤ ਪਰਿਵਾਰਾਂ ਲਈ ਸਹਾਇਤਾ ਸਮੱਗਰੀ ਭਿਜਵਾਈ ਜਾ ਰਹੀ ਹੈ। ਪਿੰਡ ਦੇ ਸਰਪੰਚ ਰਾਮ ਪ੍ਰਕਾਸ਼ ਅਤੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਸਰਹੱਦੀ ਪਿੰਡਾਂ ਲਈ ਪੰਜਾਬ ਕੇਸਰੀ ਦੀ ਟੀਮ ਰਾਹਤ ਲੈ ਕੇ ਪੁੱਜੀ ਹੈ। ਸੂਬੇ ਦੇ ਸਿਆਸੀ ਆਗੂ ਤਾਂ ਲੋਕਾਂ ਦਾ ਹਾਲ-ਚਾਲ ਪੁੱਛਣ ਲਈ ਵੀ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਭਾਰੀ ਖਤਰੇ ਦੇ ਬਾਵਜੂਦ ਲੋਕ ਸੁਰੱਖਿਆ ਫੋਰਸਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੇ ਹਨ।  

ਰਾਹਤ ਵੰਡ ਆਯੋਜਨ ਮੌਕੇ ਸ਼੍ਰੀਮਤੀ ਰਮਾ ਜੈਨ, ਸੁਰੇਸ਼ ਜੈਨ, ਰਜਨੀ ਜੈਨ, ਸੰਨੀ ਜੈਨ, ਪ੍ਰਵੀਨ ਜੈਨ, ਸੰਜੇ ਜੈਨ, ਰਾਜੇਸ਼ ਜੈਨ, ਮਿੰਟੂ ਜੈਨ, ਸੁੰਦਰਬਨੀ ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ, ਬੀ. ਐੱਸ. ਐੱਫ. ਦੇ ਕਮਾਂਡੈਂਟ ਅਨੰਦ ਸ਼ਰਮਾ, ਡਿਪਟੀ ਕਮਾਂਡੈਂਟ ਨਰੇਸ਼ ਸ਼ਰਮਾ, ਕਮਾਂਡੈਂਟ ਅਰੁਣ ਸਿੰਘ, ਸਰਪੰਚ ਮਹਿੰਦਰ ਸਿੰਘ, ਪੰਚ ਰਾਮ ਲਾਲ, ਭੀਮ ਸਿੰਘ, ਧਨੀ ਰਾਮ ਸ਼ਰਮਾ, ਸੌਰਭ ਸ਼ਰਮਾ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਠੰਗਰ ਤੋਂ ਇਲਾਵਾ ਭਲਵਾਲ, ਮੇਨਕਾ ਮਹਾਦੇਵ, ਕਮੀਲਾ ਅਤੇ ਗਾਈ ਪਨਿਆਸ ਆਦਿ ਪਿੰਡਾਂ ਨਾਲ ਸਬੰਧਤ ਸਨ।


shivani attri

Content Editor

Related News