ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 539ਵੇਂ ਟਰੱਕ ਦੀ ਰਾਹਤ ਸਮੱਗਰੀ

12/16/2019 6:16:45 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਨ ਜੰਮੂ-ਕਸ਼ਮੀਰ ਦੇ ਲੱਖਾਂ ਲੋਕਾਂ ਦਾ ਜੀਵਨ ਪਟੜੀ ਤੋਂ ਉੱਤਰ ਗਿਆ ਹੈ। ਇਸ ਅੱਤਵਾਦ ਕਾਰਨ ਹੀ ਕਸ਼ਮੀਰ ਘਾਟੀ 'ਚੋਂ ਹਜ਼ਾਰਾਂ ਪੰਡਤ ਪਰਿਵਾਰਾਂ ਨੂੰ ਆਪਣੇ ਘਰ-ਕਾਰੋਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵਲ ਦੌੜਣਾ ਪਿਆ ਅਤੇ ਫਿਰ ਉਹ ਅੱਜ ਤਕ ਆਪਣੇ ਆਲ੍ਹਣਿਆਂ 'ਚ ਵਾਪਸ ਨਹੀਂ ਪਰਤ ਸਕੇ। ਇਸ ਕਹਿਰ ਦੀ ਮਾਰ  ਸਾਰੇ ਸੂਬੇ ਦੇ ਵੱਖ ਵੱਖ ਖੇਤਰਾਂ 'ਚ ਪਈ ਅਤੇ ਅਜੇ ਵੀ ਇਹ ਕਾਲੀ ਹਨ੍ਹੇਰੀ ਸ਼ਾਂਤ ਨਹੀਂ ਹੋਈ।

ਪਾਕਿਸਤਾਨ ਵਲੋਂ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਦੂਜਾ ਮਾਰੂ ਰਸਤਾ ਗੋਲੀਬਾਰੀ ਦਾ ਅਪਨਾਇਆ ਗਿਆ। ਪਾਕਿਸਤਾਨ ਦੇ ਸੈਨਿਕਾਂ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤੀ ਖੇਤਰਾਂ 'ਚ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਸਰਹੱਦੀ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਅਤੇ ਉਨ੍ਹਾਂ ਨੂੰ ਲਗਾਤਾਰ ਮੁਸ਼ਕਿਲਾਂ ਅਤੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦੇ ਮਨੋਰਥ ਨਾਲ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 539ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਸਾਂਬਾ ਸੈਕਟਰ ਦੇ ਰਾਮਗੜ੍ਹ ਖੇਤਰ ਨਾਲ ਸਬੰਧਤ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਨੋਬਲ ਫਾਊਂਡੇਸ਼ਨ ਲੁਧਿਆਣਾ ਵੱਲੋਂ ਦਿੱਤਾ ਗਿਆ ਸੀ, ਜਿਸ 'ਚ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਨੇ ਵਡਮੁੱਲਾ ਸਹਿਯੋਗ ਦਿੱਤਾ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਫਾਊਂਡੇਸ਼ਨ ਦੀ ਫਾਇਨਾਂਸ ਕੰਟਰੋਲਰ ਸ਼੍ਰੀਮਤੀ ਰਸ਼ਮੀ ਸ਼ਰਮਾ, ਸ਼੍ਰੀਮਤੀ ਅਨੀਤਾ ਸ਼ਰਮਾ, ਫਾਊਂਡੇਸ਼ਨ ਦੇ ਡਾਇਰੈਕਟਰ ਅਰੁਣ ਥਾਪਰ, ਸੁਭਾਸ਼ ਸਚਦੇਵਾ, ਰਜਨੀਸ਼ ਆਹੂਜਾ, ਕੇਸ਼ੋ ਰਾਮ ਵਿੱਜ ਅਤੇ ਨਵੀਨ ਭਾਟੀਆ ਨੇ ਵੀ ਅਹਿਮ ਭੂਮਿਕਾ ਨਿਭਾਈ।

ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਪਿਛਲੇ ਦਿਨੀਂ ਹੋਏ ਸ਼ਹੀਦ ਪਰਿਵਾਰ ਫੰਡ ਦੇ 116ਵੇਂ ਸਮਾਗਮ ਮੌਕੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਰਵਾਨਾ ਕੀਤਾ ਗਿਆ ਸੀ। ਇਸ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕਰ, ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਕੇਂਦਰੀ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਕਾਂਗਰਸ ਕਮੇਟੀ  ਦੇ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ, ਮੇਜਰ ਜਨਰਲ ਆਰ.ਕੇ. ਸਿੰਘ, ਵਿਸ਼ਵ ਕੈਂਸਰ ਕੇਅਰ ਦੇ ਕੁਲਵੰਤ ਸਿੰਘ ਧਾਲੀਵਾਲ  ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੀ ਮੌਜੂਦ ਸਨ। ਇਸ ਟਰੱਕ ਦੀ ਰਾਹਤ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ, ਇਕ ਕਿੱਲੋ ਖੰਡ, ਇਕ ਕਿੱਲੋ ਘਿਓ, 250 ਗ੍ਰਾਮ ਚਾਹ-ਪੱਤੀ, ਇਕ ਪੈਕੇਟ ਨਮਕ, ਇਕ ਸੈੱਟ ਨਹਾਉਣ ਵਾਲਾ ਸਾਬਣ, ਇਕ ਕਿੱਲੋ ਕੱਪੜੇ ਧੋਣ ਵਾਲਾ ਸਾਬਣ, ਇਕ ਕਿੱਲੋ ਸਾਬਤ ਮੂੰਗੀ ਅਤੇ ਛੋਲਿਆਂ ਦੀ ਦਾਲ, ਇਕ ਪੈਕੇਟ ਮਾਚਿਸ ਤੋਂ ਇਲਾਵਾ ਧਨੀਆ, ਜੀਰਾ, ਹਲਦੀ ਅਤੇ ਮਿਰਚਾਂ (ਹਰੇਕ 250 ਗ੍ਰਾਮ) ਸ਼ਾਮਲ ਸਨ।

ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਲੁਧਿਆਣਾ ਤੋਂ ਸ਼੍ਰੀ ਰਜਿੰਦਰ ਸ਼ਰਮਾ, ਅਨੀਤਾ ਸ਼ਰਮਾ, ਰਸ਼ਮੀ ਸ਼ਰਮਾ, ਵਿਜੇਪੁਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਅਜੇ ਕੁਮਾਰ, ਜੰਮੂ ਤੋਂ ਭਾਜਪਾ ਦੀ ਮਹਿਲਾ ਆਗੂ ਸ਼੍ਰੀਮਤੀ ਮੁਨੀਰਾ ਬੇਗਮ, ਸ਼ਮੀਮਾ ਬਾਨੋ ਤੋਂ ਇਲਾਵਾ ਭਾਰਤ ਵਿਕਾਸ ਪ੍ਰੀਸ਼ਦ ਜੰਮੂ ਦੇ ਓਮ ਪ੍ਰਕਾਸ਼ ਬਖ਼ਸ਼ੀ, ਰਣਧੀਰ ਸਿੰਘ ਰਾਏਪੁਰੀਆ, ਜਗਦੀਸ਼ ਸਿੰਘ ਸਲਾਥੀਆ ਅਤੇ ਰਜਿੰਦਰ ਸਿੰਘ ਸਲਾਥੀਆ ਵੀ ਸ਼ਾਮਲ ਸਨ।


shivani attri

Content Editor

Related News