ਮੁਸੀਬਤਾਂ ਦੇ ਚੱਕਰਵਿਊ ''ਚ ਉਲਝ ਗਈਆਂ ਕਿਸਮਤ-ਰੇਖਾਵਾਂ

Wednesday, Nov 06, 2019 - 06:33 PM (IST)

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਹਰ ਕਦਮ 'ਤੇ ਅਜਿਹੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਹੜੀਆਂ ਉਨ੍ਹਾਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਵਿਕਾਸ ਦਾ ਰਾਹ ਰੋਕ ਲੈਂਦੀਆਂ ਹਨ। ਬਹੁਤ ਸਾਰੀਆਂ ਸਮੱਸਿਆਵਾਂ ਤਾਂ ਅਜਿਹੀਆਂ ਹਨ, ਜਿਨ੍ਹਾਂ ਦਾ ਸਾਹਮਣਾ ਦੇਸ਼ ਦੇ ਹੋਰ ਸੂਬਿਆਂ, ਖੇਤਰਾਂ 'ਚ ਰਹਿਣ ਵਾਲੇ ਲੋਕ ਵੀ ਿਕਸੇ ਹੱਦ ਤਕ ਕਰ ਰਹੇ ਹਨ ਪਰ ਕੁਝ ਮਸਲੇ ਅਜਿਹੇ ਹਨ ਿਜਹੜੇ ਸਿਰਫ ਸਰਹੱਦੀ ਇਲਾਕਿਆਂ 'ਚ ਹੀ ਸਾਹਮਣੇ ਆਉਂਦੇ ਹਨ। ਜੰਮੂ-ਕਸ਼ਮੀਰ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਵੱਸਣ ਵਾਲੇ ਲੋਕ ਤਾਂ ਮੁਸੀਬਤਾਂ ਦੇ ਅਜਿਹੇ ਚੱਕਰਵਿਊਹ 'ਚ ਫਸ ਗਏ ਹਨ, ਜਿਸ 'ਚ ਉਨ੍ਹਾਂ ਦੀਆਂ ਕਿਸਮਤ-ਰੇਖਾਵਾਂ ਉਲਝ ਕੇ ਰਹਿ ਗਈਆਂ ਹਨ। ਸਰਹੱਦੀ ਪਰਿਵਾਰਾਂ 'ਤੇ ਹਰ ਵੇਲੇ ਖਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ ਅਤੇ ਜਿਸ ਤਰ੍ਹਾਂ ਦੇ ਹਾਲਾਤ ਪਾਕਿਸਤਾਨ ਵੱਲੋਂ ਮੌਜੂਦਾ ਸਮੇਂ 'ਚ ਬਣਾਏ ਜਾ ਰਹੇ ਹਨ, ਉਨ੍ਹਾਂ 'ਚ ਤਾਂ ਜ਼ਿੰਦਗੀ ਦੀ ਤਸਵੀਰ ਹੋਰ ਵੀ ਭਿਆਨਕ ਹੁੰਦੀ ਜਾਪਦੀ ਹੈ। ਲੋਕਾਂ ਦੇ ਮੱਥੇ 'ਤੇ ਉੱਭਰੀਆਂ ਚਿੰਤਾ ਦੀਆਂ ਲਕੀਰਾਂ ਦੇਖ ਕੇ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿਸੇ ਆਉਣ ਵਾਲੇ ਖਤਰੇ ਦੀ ਕਲਪਨਾ ਕਰਕੇ ਹੀ ਸਹਿਮੇ ਹੋਏ ਹਨ। ਉਨ੍ਹਾਂ ਦੇ ਖਿਆਲਾਂ 'ਚ ਜੰਗ ਦੇ ਬੱਦਲ ਉੱਡਦੇ ਰਹਿੰਦੇ ਹਨ, ਜਿਸ ਕਾਰਣ ਨਾ ਸਿਰਫ ਰੋਜ਼ਾਨਾ ਦੇ ਕੰਮ-ਕਾਰ ਪ੍ਰਭਾਵਿਤ ਹੋ ਰਹੇ ਹਨ, ਸਗੋਂ ਉਨ੍ਹਾਂ ਦੀ ਜੀਵਨ-ਗੱਡੀ ਹੀ ਪਟੜੀ ਤੋਂ ਥਿੜਕ ਰਹੀ ਹੈ।

ਕਠੂਆ ਤੋਂ ਪੁੰਛ ਤੱਕ ਸਰਹੱਦ ਕੰਢੇ ਵੱਸੇ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਵੀ ਸਹਿਣ ਕਰਨੀ ਪੈ ਰਹੀ ਹੈ, ਜਿਹੜੀ ਅੱਜਕਲ, ਰੋਜ਼ਾਨਾ ਦਾ ਸਿਲਸਿਲਾ ਬਣ ਗਈ ਹੈ। ਗੋਲੀਬਾਰੀ ਅਤੇ ਖਤਰਨਾਕ ਹਾਲਾਤ ਨਾਲ ਪੈਦਾ ਹੋਏ ਡਰ ਅਤੇ ਸਹਿਮ ਨਾਲ ਲੋਕਾਂ ਦੇ ਮਨਾਂ 'ਚ ਉੱਭਰੀ ਤਸਵੀਰ ਨੂੰ ਸਮਝਣ ਦਾ ਮੌਕਾ ਬੀਤੇ ਦਿਨੀਂ ਉਸ ਵੇਲੇ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ 528ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਹੀਰਾ ਨਗਰ ਸੈਕਟਰ ਦੇ ਪਿੰਡ ਬਨਿਆੜੀ 'ਚ ਪੁੱਜੀ ਸੀ। ਇਸ ਟਰੱਕ ਦੀ ਸਮੱਗਰੀ ਰਾਸ਼ਟਰੀ ਸੰਸਥਾ ਲਿਗਾ ਪਰਿਵਾਰ (ਰਜਿ.) ਲੁਧਿਆਣਾ ਵੱਲੋਂ ਪ੍ਰਧਾਨ ਸ਼੍ਰੀ ਵਿਪਨ ਜੈਨ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਭਿਜਵਾਈ ਗਈ ਸੀ। ਪਿੰਡ ਬਨਿਆੜੀ 'ਚ ਹੋਏ ਰਾਹਤ ਵੰਡ ਆਯੋਜਨ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ 325 ਪਰਿਵਾਰਾਂ ਨੂੰ ਸਰਦੀ ਤੋਂ ਬਚਾਅ ਲਈ ਰਜਾਈਆਂ ਵੰਡੀਆਂ ਗਈਆਂ।
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜਲੰਧਰ ਨਗਰ ਨਿਗਮ ਦੇ ਸਾਬਕਾ ਮੇਅਰ ਸ਼੍ਰੀ ਸੁਰਿੰਦਰ ਮਹੇ ਨੇ ਕਿਹਾ ਕਿ ਪਾਕਿਸਤਾਨ 1947 'ਚ ਹੋਈ ਦੇਸ਼ ਦੀ ਵੰਡ ਵੇਲੇ ਤੋਂ ਲਗਾਤਾਰ ਸ਼ਰਾਰਤਾਂ ਕਰਦਾ ਆ ਰਿਹਾ ਹੈ। ਪਾਕਿਸਤਾਨ ਨੇ ਕਸ਼ਮੀਰ ਨੂੰ ਹੜੱਪਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ, ਜਿਨ੍ਹਾਂ 'ਚ ਸਿੱਧੀਆਂ ਜੰਗਾਂ ਦੇ ਨਾਲ-ਨਾਲ ਅੱਤਵਾਦ ਦੇ ਹਮਲੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਨਾਪਾਕ ਮਨਸੂਬਿਆਂ 'ਚ ਕਦੇ ਵੀ ਕਾਮਯਾਬ ਨਹੀਂ ਹੋ ਸਕੇਗਾ।

ਸ਼੍ਰੀ ਮਹੇ ਨੇ ਕਿਹਾ ਕਿ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠਲਾ ਕਸ਼ਮੀਰ ਦਾ ਹਿੱਸਾ ਪੂਰੀ ਤਰ੍ਹਾਂ ਭਾਰਤ ਦਾ ਅੰਗ ਹੈ ਅਤੇ ਉਸ ਨੂੰ ਹਰ ਹਾਲਤ ਵਾਪਸ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਸਾਜ਼ਿਸ਼ਾਂ ਕਾਰਣ ਸਰਹੱਦੀ ਖੇਤਰਾਂ ਦੇ ਲੋਕ ਵੱਡੀ ਤ੍ਰਾਸਦੀ ਹੰਢਾ ਰਹੇ ਹਨ ਅਤੇ ਅਜਿਹੇ ਮੌਕੇ ਪੰਜਾਬ ਕੇਸਰੀ ਪਰਿਵਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਸਹਾਇਤਾ-ਸਮੱਗਰੀ ਭਿਜਵਾ ਕੇ ਸੇਵਾ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ। ਸ਼੍ਰੀ ਮਹੇ ਨੇ ਦੇਸ਼-ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਰਾਹਤ-ਮੁਹਿੰਮ 'ਚ ਸਭ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

PunjabKesari

ਸੇਵਾ ਦਾ ਮਾਰਗ ਉੱਤਮ ਹੈ : ਰਾਕੇਸ਼ ਜੈਨ
ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਅਤੇ ਲਿਗਾ ਪਰਿਵਾਰ ਸੋਸਾਇਟੀ ਦੇ ਸਕੱਤਰ ਸ਼੍ਰੀ ਰਾਕੇਸ਼ ਜੈਨ ਨੇ ਇਸ ਮੌਕੇ ਰਾਹਤ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੇਵਾ ਦਾ ਮਾਰਗ ਸਭ ਤੋਂ ਉੱਤਮ ਹੈ, ਇਸ ਲਈ ਇਨਸਾਨ ਨੂੰ ਦੂਜਿਆਂ ਦੀ ਸੇਵਾ-ਸਹਾਇਤਾ ਦਾ ਮੌਕਾ ਕਦੇ ਨਹੀਂ ਗੁਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੇਵਾ ਦਾ ਜੋ ਮਹਾਨ ਯੱਗ ਪੰਜਾਬ ਕੇਸਰੀ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਕਈ ਦਹਾਕਿਆਂ ਤੋਂ ਚਲਾਇਆ ਜਾ ਰਿਹਾ ਹੈ, ਉਸ ਤੋਂ ਪ੍ਰੇਰਨਾ ਲੈ ਕੇ ਹੀ ਉਹ ਇਸ ਮਾਰਗ 'ਤੇ ਤੁਰੇ ਹਨ।
ਸ਼੍ਰੀ ਜੈਨ ਨੇ ਕਿਹਾ ਕਿ ਸੇਵਾ ਕਰਨ ਦੇ ਬਹੁਤ ਸਾਰੇ ਢੰਗ-ਤਰੀਕੇ ਅਤੇ ਰਸਤੇ ਹਨ। ਕਿਸੇ ਪਿਆਸੇ ਨੂੰ ਪਾਣੀ ਪਿਆਉਣਾ, ਭੁੱਖੇ ਨੂੰ ਭੋਜਨ ਛਕਾਉਣਾ, ਰਸਤਾ ਦੱਸਣਾ, ਬੀਮਾਰ ਨੂੰ ਦਵਾਈ ਲੈ ਕੇ ਦੇਣੀ ਜਾਂ ਲੋੜਵੰਦਾਂ ਦੀ ਕਿਸੇ ਵੀ ਢੰਗ ਨਾਲ ਸਹਾਇਤਾ ਕਰਨੀ, ਸਭ ਸੇਵਾ ਦੇ ਕਾਰਜ ਹਨ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਮੁਫਤ ਪੋਲੀਓ ਕੈਂਪ ਲਾਇਆ ਜਾਂਦਾ ਹੈ, ਅੱਖਾਂ ਦੇ ਆਪਰੇਸ਼ਨ ਮੁਫਤ ਕੀਤੇ ਜਾਂਦੇ ਹਨ, ਤਾਂ ਜੋ ਪੀੜਤਾਂ ਦੀ ਸਹਾਇਤਾ ਕੀਤੀ ਜਾ ਸਕੇ।
ਇਲਾਕੇ ਦੇ ਸਰਪੰਚ ਰਾਕੇਸ਼ ਚੌਧਰੀ ਨੇ ਇਸ ਗੱਲ ਦਾ ਗਿਲਾ ਕੀਤਾ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ, ਜਿਸ ਕਾਰਣ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਿਕਹਾ ਕਿ ਪਾਕਿਸਤਾਨੀ ਸੈਨਿਕਾਂ ਵੱਲੋਂ ਹੀਰਾ ਨਗਰ ਸੈਕਟਰ ਦੇ ਪਿੰਡਾਂ ਨੂੰ ਵਾਰ-ਵਾਰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹੀ ਹਾਲਤ 'ਚ ਕਿਸਾਨਾਂ ਨੂੰ ਆਪਣੀ ਫਸਲ ਕੱਟਣੀ ਵੀ ਮੁਸ਼ਕਲ ਹੋ ਜਾਂਦੀ ਹੈ। ਖੇਤਰ ਦਾ ਕੋਈ ਮੰਤਰੀ, ਐੱਮ. ਪੀ. ਜਾਂ ਵਿਧਾਇਕ ਵੀ ਲੋਕਾਂ ਦਾ ਦੁੱਖ-ਦਰਦ ਸੁਣਨ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਪਰਿਵਾਰਾਂ ਦੀ ਭਲਾਈ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।

ਕਈ ਰਾਜਾਂ ਤੱਕ ਪਹੁੰਚ ਗਈ ਪੀੜਤਾਂ ਦੀ ਆਵਾਜ਼ : ਵਰਿੰਦਰ ਸ਼ਰਮਾ
ਰਾਹਤ ਵੰਡ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਦੀ ਆਵਾਜ਼ ਹੁਣ ਦੇਸ਼ ਦੇ ਬਹੁਤ ਸਾਰੇ ਹੋਰ ਰਾਜਾਂ ਤੱਕ ਵੀ ਪਹੁੰਚ ਗਈ ਹੈ। ਇਸ ਦੀ ਪ੍ਰਤੱਖ ਿਮਸਾਲ ਹੈ ਰਾਸ਼ਟਰੀ ਸੰਸਥਾ ਲਿਗਾ ਪਰਿਵਾਰ ਸੋਸਾਇਟੀ, ਜਿਸ ਦੇ ਮੈਂਬਰ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ , ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਆਦਿ ਨਾਲ ਸਬੰਧਤ ਹਨ। ਇਨ੍ਹਾਂ ਮੈਂਬਰਾਂ ਨੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਜਾ ਰਹੀ ਸਮੱਗਰੀ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਵਿਪਨ ਜੈਨ ਨੇ ਭਰੋਸਾ ਦਿਵਾਇਆ ਹੈ ਕਿ ਸੰਸਥਾ ਵੱਲੋਂ ਸਮੱਗਰੀ ਦੇ ਹੋਰ ਟਰੱਕ ਵੀ ਭਿਜਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਗਰੀਬੀ, ਬੇਰੋਜ਼ਗਾਰੀ ਅਤੇ ਮੁਸੀਬਤਾਂ ਨਾਲ ਲੜ ਰਹੇ ਪਰਿਵਾਰਾਂ ਦੀ ਸਹਾਇਤਾ ਲਈ ਵਧ-ਚੜ੍ਹ ਕੇ ਯੋਗਦਾਨ ਦਿੱਤਾ ਜਾਵੇ। ਸਰਹੱਦੀ ਪਰਿਵਾਰ ਬਿਨਾਂ ਹਥਿਆਰਾਂ ਦੇ ਪਾਕਿਸਤਾਨੀ ਸੈਨਿਕਾਂ ਦੇ ਸਾਹਮਣੇ ਡਟੇ ਹੋਏ ਹਨ। ਇਨ੍ਹਾਂ ਦਾ ਹੌਸਲਾ, ਦ੍ਰਿੜ੍ਹ ਇਰਾਦਾ ਅਤੇ ਬਹਾਦਰੀ ਬੇਮਿਸਾਲ ਹੈ।

ਕੈਪਟਨ ਓਮ ਪ੍ਰਕਾਸ਼ ਨੇ ਕਿਹਾ ਕਿ ਇਕ ਪਾਸੇ ਪਾਕਿਸਤਾਨ ਬੌਖਲਾਇਆ ਹੋਇਆ ਗੋਲੀਬਾਰੀ ਕਰ ਰਿਹਾ ਹੈ ਅਤੇ ਦੂਜੇ ਪਾਸੇ ਸਾਡੀਆਂ ਸਰਕਾਰਾਂ ਕੋਲ ਲੋਕਾਂ ਦਾ ਦੁੱਖ ਸੁਣਨ ਦਾ ਸਮਾਂ ਵੀ ਨਹੀਂ। ਉਨ੍ਹਾਂ ਕਿਹਾ ਕਿ ਸਰਹੱਦੀ ਪੱਟੀ ਦੀ ਜ਼ਮੀਨ ਉਪਜਾਊ ਹੈ, ਕਿਸਾਨ ਵੀ ਮਿਹਨਤੀ ਹਨ ਪਰ ਫਿਰ ਵੀ ਖਤਰੇ ਕਾਰਣ ਆਮ ਵਾਂਗ ਖੇਤੀਬਾੜੀ ਨਹੀਂ ਕੀਤੀ ਜਾ ਸਕਦੀ। ਇਥੋਂ ਦੇ ਲੋਕਾਂ ਨੂੰ ਤਾਂ ਰਾਹਤ ਸਮੱਗਰੀ ਦੀ ਉਡੀਕ ਰਹਿੰਦੀ ਹੈ, ਤਾਂ ਜੋ ਉਨ੍ਹਾਂ ਦਾ ਚੁੱਲ੍ਹਾ ਬਲਦਾ ਰਹੇ।

ਇਸ ਮੌਕੇ 'ਤੇ ਲਿਗਾ ਪਰਿਵਾਰ ਸੋਸਾਇਟੀ ਦੇ ਸ਼੍ਰੀ ਵਿਪਨ-ਰੇਨੂ ਜੈਨ, ਸਵਤੰਤਰਤਾ ਲਤਾ ਜੈਨ, ਸੁਦਰਸ਼ਨ-ਕਾਂਤਾ ਜੈਨ, ਅਮਿਤ-ਵਾਣੀ ਜੈਨ, ਪ੍ਰਵੀਨ ਜੈਨ, ਨਰੇਸ਼ ਜੈਨ, ਅਨਿਲ ਜੈਨ, ਰਾਜੇਸ਼ ਜੈਨ, ਰਾਕੇਸ਼ ਜੈਨ ਨੀਟਾ, ਹੈਪੀ ਜੈਨ, ਮੁਕੇਸ਼ ਜੈਨ, ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਵਿਸ਼ੇਸ਼ ਤੌਰ 'ਤੇ ਰਾਹਤ-ਸਮੱਗਰੀ ਦੀ ਵੰਡ ਲਈ ਪੁੱਜੇ ਹੋਏ ਸਨ। ਰਾਹਤ ਵੰਡ ਆਯੋਜਨ ਦੌਰਾਨ ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਸਰਪੰਚ ਕਰਨ ਕੁਮਾਰ, ਸਾਂਬਾ ਤੋਂ ਪ੍ਰਤੀਨਿਧੀ ਅਜੈ ਕੁਮਾਰ, ਪ੍ਰਿੰਸ ਵਰਮਾ, ਰੇਨੂੰ ਜੀ, ਮੁੰਬਈ ਤੋਂ ਆਰ. ਕੇ. ਸਿੰਘ ਅਤੇ ਕਈ ਪਿੰਡਾਂ ਦੇ ਪੰਚ, ਸਰਪੰਚ ਵੀ ਮੌਜੂਦ ਸਨ।


shivani attri

Content Editor

Related News