ਜੰਮੂ-ਕਸ਼ਮੀਰ ''ਚ ਧਾਰਾ 370 ਅਤੇ 35-ਏ ਬਹਾਲ ਕਰਨ ਦੀ ਮੰਗ

09/16/2019 3:06:23 PM

ਜਲੰਧਰ (ਜ. ਬ.) : ਹਿੰਦੂਤਵੀ-ਫਾਸ਼ੀਵਾਦੀ ਹਮਲਿਆਂ ਵਿਰੋਧੀ ਫੋਰਮ ਵਲੋਂ ਕਸ਼ਮੀਰ 'ਚੋਂ ਧਾਰਾ 370 ਅਤੇ 35-ਏ ਬਹਾਲ ਕਰਵਾਉਣ, ਕਸ਼ਮੀਰ 'ਚੋਂ ਭਾਰਤੀ ਫੌਜਾਂ ਨੂੰ ਬਾਹਰ ਕੱਢਣ ਅਤੇ ਕਸ਼ਮੀਰੀ ਕੌਮ ਨੂੰ ਸਵੈ-ਨਿਰਣੇ ਦਾ ਹੱਕ ਦੁਆਉਣ ਲਈ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਜ਼ਿਲਾ ਪ੍ਰਸ਼ਾਸਨ ਨੂੰ ਮੰਗਾਂ ਸਬੰਧੀ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਵੀ ਸੌਂਪਿਆ ਗਿਆ। ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਰੋਸ ਮੁਜ਼ਾਹਰਾ ਕਰਨ ਉਪਰੰਤ ਡੀ. ਸੀ. ਦਫ਼ਤਰ ਤਕ ਰੋਸ ਮਾਰਚ ਕੀਤਾ ਗਿਆ।

ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਅਤੇ 35-ਏ ਹਟਾਉਣ ਦਾ ਮੋਦੀ-ਸ਼ਾਹ ਜੋੜੀ ਦੀ ਅਗਵਾਈ ਹੇਠਲੀ ਸਰਕਾਰ ਦਾ ਫੈਸਲਾ ਗੈਰ-ਜਮਹੂਰੀ, ਗੈਰ-ਸੰਵਿਧਾਨਕ ਅਤੇ ਫਾਸ਼ੀ ਤਰੀਕੇ ਨਾਲ ਕੀਤਾ ਗਿਆ। ਇਹ ਫੈਸਲਾ ਕਸ਼ਮੀਰ ਨੂੰ ਸਿੱਧੇ ਰੂਪ 'ਚ ਭਾਰਤੀ ਸਟੇਟ ਦਾ ਗ਼ੁਲਾਮ ਬਣਾਉਣ ਵਾਲਾ ਹੈ। ਕਸ਼ਮੀਰ 'ਚ ਵੱਖਵਾਦੀ ਨੇਤਾ, ਸਿਆਸੀ ਪਾਰਟੀਆਂ ਦੇ ਨੇਤਾਵਾਂ, ਜਥੇਬੰਦੀਆਂ ਦੇ ਆਗੂਆਂ ਨੂੰ ਵੀ ਨਜ਼ਰਬੰਦ ਕੀਤਾ ਹੋਇਆ, ਹੁਣ ਕਸ਼ਮੀਰੀ ਲੋਕ ਤੇ ਫੌਜ ਆਹਮੋ-ਸਾਹਮਣੇ ਹੈ। ਕਸ਼ਮੀਰ 'ਚੋਂ ਕੋਈ ਵੀ ਖ਼ਬਰ ਬਾਹਰ ਨਾ ਆਏ ਇਸ ਲਈ ਮੋਬਾਇਲ, ਇੰਟਰਨੈੱਟ ਸੇਵਾਵਾਂ, ਉਥੋਂ ਦਾ ਮੀਡੀਆ ਤੇ ਵਿਦੇਸ਼ੀ ਮੀਡੀਏ 'ਤੇ ਵੀ ਪਾਬੰਦੀ ਲਾਈ ਹੋਈ ਹੈ। ਬਿਜਲਈ ਮੀਡੀਆ ਲਗਾਤਾਰ ਕੇਂਦਰ ਸਰਕਾਰ ਦਾ ਝੋਲੀ ਚੁੱਕ ਬਣਿਆ ਹੋਇਆ ਹੈ। ਉਹ ਟੀ. ਵੀ. ਰਾਹੀਂ ਕਸ਼ਮੀਰ 'ਚ ਲਗਾਤਾਰ ਸ਼ਾਂਤੀ ਦੀ ਗੱਲ ਕਰ ਰਿਹਾ ਹੈ।

ਦੂਸਰੇ ਪਾਸੇ ਕੇਂਦਰ ਸਰਕਾਰ ਸੁਪਰੀਮ ਕੋਰਟ 'ਚ ਕਹਿੰਦੀ ਹੈ ਕਿ ਉਥੇ ਸਥਿਤੀ ਬਹੁਤ ਨਾਜ਼ੁਕ ਹੈ, ਇਸ ਲਈ ਪਾਬੰਦੀਆਂ ਨਹੀਂ ਹਟਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਪੱਖੀ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਅਤੇ ਡੂੰਘੇ ਹੋ ਰਹੇ ਆਰਥਿਕ ਸੰਕਟ ਨੂੰ ਲੁਕਾਉਣ ਲਈ ਹਿੰਦੂਤਵੀ-ਫਾਸ਼ੀਵਾਦੀ ਹੱਲੇ ਦਾ ਸਹਾਰਾ ਲੈ ਕੇ ਝੂਠ ਤੇ ਅੰਧ ਰਾਸ਼ਟਰਵਾਦ ਨੂੰ ਪ੍ਰਚਲਿਤ ਕਰ ਰਹੀ ਹੈ, ਜਿਸਦੇ ਤਹਿਤ ਹੀ ਦਲਿਤ ਅਤੇ ਘੱਟ ਗਿਣਤੀਆਂ, ਖਾਸ ਕਰ ਕੇ ਮੁਸਲਮਾਨਾਂ 'ਤੇ ਹਮਲੇ ਲਗਾਤਾਰ ਵਧ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਸ਼ਮੀਰੀ ਕੌਮ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇ ਤੇ ਧਾਰਾ 370 ਅਤੇ 35-ਏ ਬਹਾਲ ਕੀਤੀ ਜਾਵੇ। ਫੋਰਮ ਵੱਲੋਂ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਵੱਲੋਂ ਅੱਜ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਰੋਕ ਲਾਉਣ, ਮੋਹਾਲੀ ਜਾ ਰਹੇ ਪ੍ਰਦਰਸ਼ਨਕਾਰੀਆਂ ਨੂੰ ਥਾਂ-ਥਾਂ ਰੋਕਣ, ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਗਈ।

ਰੈਲੀ ਨੂੰ ਹਿੰਦੂਤਵੀ-ਫਾਸ਼ੀਵਾਦੀ ਵਿਰੋਧੀ ਫੋਰਮ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਹੰਸ ਰਾਜ ਪੱਬਵਾਂ ਤੇ ਕਸ਼ਮੀਰ ਸਿੰਘ ਘੁੱਗਸ਼ੋਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਮੰਗਲਜੀਤ ਪੰਡੋਰੀ, ਕਿਰਤੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਸਮਰਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਪਰਮਜੀਤ ਕਲਸੀ ਆਦਿ ਨੇ ਸੰਬੋਧਨ ਕੀਤਾ।


Anuradha

Content Editor

Related News