ਥਾਣਾ ਝਬਾਲ ਅੱਗੇ ਧਰਨਾ ਲਾਉਣ ਵਾਲੇ 2 ਦਰਜਨ ਤੋਂ ਵੱਧ ਧਰਨਾਕਾਰੀਆਂ ਵਿਰੁੱਧ ਕੇਸ ਦਰਜ
Saturday, Jun 22, 2019 - 12:31 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਨਰਿੰਦਰ, ਬਖਤਾਵਰ) : ਥਾਣੇ 'ਚ ਦਾਖ਼ਲ ਹੋ ਕੇ ਪੁਲਸ ਕਰਮਚਾਰੀਆਂ ਦੀਆਂ ਵਰਦੀਆਂ ਤੇ ਸਰਕਾਰੀ ਰਿਕਾਰਡ ਪਾੜਨ ਦੇ ਦੋਸ਼ ਹੇਠ ਥਾਣਾ ਝਬਾਲ ਦੀ ਪੁਲਸ ਵਲੋਂ 26 ਲੋਕਾਂ ਵਿਰੁੱਧ ਕੇਸ ਦਰਜ ਕਰਦਿਆਂ ਬਕਾਇਦਾ 4 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਵੜੈਚ ਨੇ ਦੱਸਿਆ ਕਿ ਪਿੰਡ ਲਾਲੂਘੁੰਮਣ ਦੇ ਵਾਸੀ ਅਜੀਤ ਸਿੰਘ ਪੁੱਤਰ ਅਰੂੜ ਸਿੰਘ ਤੇ ਦਰਸ਼ਨ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪੁੱਤਰਾਨ ਨਰਿੰਜਣ ਸਿੰਘ ਵਿਚਾਲੇ ਬੀਤੇ ਦਿਨੀਂ ਝਗੜਾ ਹੋਇਆ ਸੀ, ਜਿਸ ਮਾਮਲੇ ਦੀ ਪੁਲਸ ਵਲੋਂ ਤਫਤੀਸ਼ ਅਜੇ ਚੱਲ ਰਹੀ ਸੀ ਕਿ ਅਜੀਤ ਸਿੰਘ ਦੀ ਹਮਾਇਤ 'ਤੇ ਆਉਂਦਿਆਂ ਦੂਜੀ ਧਿਰ ਵਿਰੁੱਧ ਝੂਠਾ ਪਰਚਾ ਦਰਜ ਕਰਵਾਉਣ ਲਈ ਮਿੰਨੀ ਬੱਸ ਆਪ੍ਰੇਟਰਜ਼ ਯੂਨੀਅਨ ਝਬਾਲ ਦੇ ਪ੍ਰਧਾਨ ਹਰਜੀਤ ਸਿੰਘ ਵਲੋਂ ਆਪਣੇ ਹੋਰ ਦਰਜਨਾਂ ਸਮਰਥਕਾਂ ਸਮੇਤ ਨੈਸ਼ਨਲ ਹਾਈਵੇ 354 ਨੰਬਰ 'ਤੇ ਥਾਣਾ ਝਬਾਲ ਅੱਗੇ ਬੱਸਾਂ ਖੜ੍ਹੀਆਂ ਕਰ ਕੇ ਧਰਨਾ ਲਾਉਂਦਿਆਂ ਜਾਮ ਲਾ ਕੇ ਸਰਕਾਰ ਅਤੇ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ। ਜੋ ਪੁਲਸ ਵੱਲੋਂ ਹਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਥਾਣੇ 'ਚ ਬੁਲਾ ਕੇ ਜਾਮ ਨਾ ਲਾਉਣ ਦੀ ਸਲਾਹ ਦਿੰਦਿਆਂ ਮਸਲਾ ਹੱਲ ਕਰਨ ਦੀ ਪੇਸ਼ਕਸ਼ ਕੀਤੀ ਗਈ ਤਾਂ ਹਰਜੀਤ ਸਿੰਘ ਸਮੇਤ ਉਸ ਦੇ ਸਾਥੀਆਂ ਵਲੋਂ ਥਾਣੇ ਦੇ ਅੰਦਰ ਹੀ ਪੁਲਸ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ।
ਥਾਣਾ ਮੁੱਖ ਮੁਨਸ਼ੀ ਹੈੱਡ ਕਾਂਸਟੇਬਲ ਲਖਵਿੰਦਰ ਸਿੰਘ ਵੱਲੋਂ ਉਕਤ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਤੈਸ਼ 'ਚ ਆਏ ਹਰਜੀਤ ਸਿੰਘ ਸਮੇਤ ਉਸ ਦੇ ਸਾਥੀ, ਮੁਨਸ਼ੀ ਲਖਵਿੰਦਰ ਸਿੰਘ ਅਤੇ ਇਕ ਹੋਰ ਹੌਲਦਾਰ ਦੀ ਖਿੱਚ-ਧੂਹ ਦੌਰਾਨ ਵਰਦੀਆਂ ਪਾੜ ਦਿੱਤੀਆਂ ਅਤੇ ਮੁਨਸ਼ੀ ਦੇ ਦਫਤਰ 'ਚ ਪਿਆ ਸਰਕਾਰੀ ਰਿਕਾਰਡ ਵੀ ਪਾੜ ਕੇ ਸੁੱਟ ਦਿੱਤਾ। ਥਾਣਾ ਮੁਖੀ ਅਨੁਸਾਰ ਉਨ੍ਹਾਂ ਸਮੇਤ ਹਾਜ਼ਰ ਹੋਰ ਥਾਣੇਦਾਰਾਂ ਅਤੇ ਪੁਲਸ ਕਰਮਚਾਰੀਆਂ ਵੱਲੋਂ ਜਿਥੇ ਬਹੁਤ ਹੀ ਜੱਦੋਜਹਿਦ ਨਾਲ ਸਥਿਤੀ ਨੂੰ ਸੰਭਾਲਿਆ ਗਿਆ, ਉਥੇ ਹੀ ਮੌਕੇ 'ਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ।
ਇਨ੍ਹਾਂ ਲੋਕਾਂ ਵਿਰੁੱਧ ਕੀਤਾ ਕੇਸ ਦਰਜ
ਥਾਣਾ ਮੁਖੀ ਨੇ ਦੱਸਿਆ ਕਿ ਹਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਮੀਆਂਪੁਰ, ਗੁਰਦੇਵ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਸੋਹਲ, ਸੁਖਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਢੰਡ, ਕਾਰਜ ਸਿੰਘ ਪੁੱਤਰ ਚੰਨਣ ਸਿੰਘ, ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ, ਸੋਨੂੰ ਪੁੱਤਰ ਬਲਵਿੰਦਰ ਸਿੰਘ ਸਮੇਤ 20 ਹੋਰ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰ ਕੇ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।