ਜਲਿਆਂਵਾਲਾ ਬਾਗ ਦਾ ਸ਼ਹੀਦੀ ਖੂਹ ਹੋਇਆ ਗਾਇਬ

Tuesday, Jul 02, 2019 - 12:54 AM (IST)

ਜਲਿਆਂਵਾਲਾ ਬਾਗ ਦਾ ਸ਼ਹੀਦੀ ਖੂਹ ਹੋਇਆ ਗਾਇਬ

ਅੰਮ੍ਰਿਤਸਰ (ਯੂ. ਐੱਨ. ਆਈ.)- ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਚ ਅੰਗਰੇਜ਼ ਜਨਰਲ ਡਾਇਰ ਵਲੋਂ ਕੀਤੇ ਗਏ ਕਤਲੇਆਮ ਦੇ 100 ਸਾਲ ਬਾਅਦ ਹੱਤਿਆ ਕਾਂਡ ਦਾ ਚਸ਼ਮਦੀਦ ਖੂਹ ਹੁਣ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ ਹੈ। ਕਤਲੇਆਮ ਦੇ ਸ਼ਤਾਬਦੀ ਸਮਾਰੋਹ ਦੇ ਸਬੰਧ ਵਿਚ ਕੇਂਦਰ ਸਰਕਾਰ ਵਲੋਂ ਬਾਗ ਦੇ ਕੀਤੇ ਜਾ ਰਹੇ ਨਵੀਨੀਕਰਨ ਕਾਰਨ ਜਲਿਆਂਵਾਲਾ ਬਾਗ ਕਮੇਟੀ ਜਲਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਨੂੰ ਪੂਰੀ ਤਰ੍ਹਾਂ ਡੇਗ ਚੁੱਕੀ ਹੈ। ਇਸ ਤੋਂ ਇਲਾਵਾ ਬਾਗ ਦੀ ਬਾਹਰੀ ਕੰਧ ਨੂੰ ਵੀ ਡੇਗ ਕੇ ਇਸ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ। ਮੁਰੰਮਤ ਕਾਰਨ ਜਲਿਆਂਵਾਲਾ ਬਾਗ ਆਪਣੀ ਇਤਿਹਾਸਕਤਾ ਗੁਆ ਰਿਹਾ ਹੈ। ਪੰਜਾਬ ਦੀ ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦਾ ਜੋ ਵਿਰਾਸਤੀ ਰੂਪ ਵਿਗਾੜਿਆ ਜਾ ਰਿਹਾ ਹੈ, ਉਹ ਤੁਹਾਡੇ ਧਿਆਨ ਵਿਚ ਲਿਆ ਰਹੀ ਹਾਂ।

ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਸਾਬਕਾ ਸਰਕਾਰ ਨੇ ਜਲਿਆਂਵਾਲ ਬਾਗ ਦੇ ਆਲੇ-ਦੁਆਲੇ ਦਾ ਉਹ ਰੂਪ ਖਤਮ ਕਰ ਦਿੱਤਾ ਸੀ ਜਿਥੋਂ ਡਾਇਰ ਅਤੇ ਅੰਗਰੇਜ਼ ਹਕੂਮਤ ਜਲਿਆਂਵਾਲਾ ਬਾਗ ਵਿਚ ਕਤਲੇਆਮ ਕਰਨ ਲਈ ਆਏ ਸੀ ਅਤੇ ਹੁਣ ਜਲਿਆਂਵਾਲਾ ਬਾਗ ਕਮੇਟੀ ਜਲਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਨੂੰ ਪੂਰੀ ਤਰ੍ਹਾਂ ਡੇਗ ਚੁੱਕੀ ਹੈ। ਸ਼ਹੀਦੀ ਖੂਹ 100 ਸਾਲ ਬਾਅਦ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ। ਪ੍ਰੋ. ਚਾਵਲਾ ਨੇ ਕਿਹਾ ਕਿ ਹੁਣ ਜਲਿਆਂਵਾਲਾ ਬਾਗ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਲਈ ਜਾਣ ਵਾਲਿਆਂ ਨੂੰ ਟਿਕਟ ਲੈਣੀ ਪਵੇਗੀ। ਸਵਾਲ 5-10 ਰੁਪਏ ਦੀ ਟਿਕਟ ਦਾ ਨਹੀਂ, ਸਵਾਲ ਇਹ ਹੈ ਕਿ ਕੀ ਹੁਣ ਲੋਕਾਂ ਨੂੰ ਆਪਣੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਵੀ ਸਰਕਾਰ ਤੋਂ ਟਿਕਟ ਲੈਣੀ ਪਵੇਗੀ। ਜਲਿਆਂਵਾਲਾ ਬਾਗ ਕੋਈ ਲਾਹੌਰ ਦਾ ਸ਼ਾਲੀਮਾਰ ਬਾਗ ਜਾਂ ਸ਼੍ਰੀਨਗਰ ਦਾ ਨਿਸ਼ਾਂਤ ਬਾਗ ਨਹੀਂ ਹੈ ਜਿਥੇ ਟਿਕਟ ਲੈ ਕੇ ਜਾਣਾ ਪਵੇ। ਉਨ੍ਹਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਜਲਿਆਂਵਾਲਾ ਬਾਗ ਦੇ ਖੂਹ ਨੂੰ ਫਿਰ ਉਸੇ ਰੂਪ ਵਿਚ ਤਿਆਰ ਕੀਤਾ ਜਾਵੇ, ਜੋ ਇਸ ਦਾ ਅਸਲੀ ਰੂਪ ਸੀ।


author

Karan Kumar

Content Editor

Related News