ਮੁੱਖ ਮੰਤਰੀ ਨਾਲ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਜਲੰਧਰ ਅੱਜ ਨਹੀਂ ਰਹੇਗਾ ਬੰਦ
Monday, Jun 12, 2023 - 02:15 AM (IST)
ਜਲੰਧਰ (ਚੋਪੜਾ) : ਜਾਅਲੀ ਜਾਤੀ ਸਰਟੀਫਿਕੇਟ ਬਣਵਾ ਕੇ ਸਰਕਾਰੀ ਨੌਕਰੀਆਂ ’ਤੇ ਲੱਗੇ ਅਤੇ ਕੁਝ ਰਿਟਾਇਰ ਹੋਏ ਲੋਕਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਐਤਵਾਰ ਸਰਨਾ ਦਲ ਦੇ 2 ਨਿਹੰਗ ਸਿੰਘਾਂ ਸਣੇ 3 ਲੋਕ ਪ੍ਰਸ਼ਾਸਨਿਕ ਕੰਪਲੈਕਸ ਦੇ ਸਾਹਮਣੇ ਪੁੱਡਾ ਗਰਾਊਂਡ 'ਚ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਪੰਜਾਬ ਵਾਲਮੀਕਿ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਰਾਜੂ, ਹਿੰਦ ਕ੍ਰਾਂਤੀ ਦਲ ਦੇ ਪ੍ਰਧਾਨ ਮਨੋਜ ਨੰਨ੍ਹਾ, ਸਰਨਾ ਦਲ ਦੇ ਪ੍ਰਧਾਨ ਬਾਬਾ ਲਖਬੀਰ ਸਿੰਘ, ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਬੁੱਗਾ, ਨੈਸ਼ਨਲ ਵਾਲਮੀਕਿ ਸਭਾ ਦੇ ਚੇਅਰਮੈਨ ਸੋਨੂੰ ਹੰਸ ਸਮੇਤ ਹੋਰ ਵਾਲਮੀਕਿ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਧਰਨੇ ਵਿੱਚ ਮੌਜੂਦ ਰਹੇ ਅਤੇ ਉਨ੍ਹਾਂ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ 'ਚ ਚੱਲ ਰਹੇ ‘ਚੋਰ ਫੜੋ ਪੱਕਾ ਮੋਰਚਾ’ ਦੇ ਸੰਘਰਸ਼ ਨੂੰ ਸਮਰਥਨ ਦਿੱਤਾ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਤੇ ਨਿਰਮਾਤਾ ਮੰਗਲ ਢਿੱਲੋਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਵਾਲਮੀਕਿ ਆਗੂ ਜੋ ਕਿ ਸਵੇਰ ਤੋਂ ਸ਼ਾਮ ਤੱਕ 12 ਜੂਨ ਨੂੰ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰ ਰਹੇ ਸਨ, ਨੇ ਦੇਰ ਸ਼ਾਮ ਮੋਰਚਾ ਦੇ ਆਗੂ ਪ੍ਰੋ. ਹਰਨੇਕ ਸਿੰਘ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰਾਹੀਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ 14 ਜੂਨ ਨੂੰ ਮੁੱਖ ਮੰਤਰੀ ਨਾਲ ਇਸ ਸਬੰਧੀ ਮੀਟਿੰਗ ਕਰਨ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਬੰਦ ਦੇ ਸੱਦੇ ਨੂੰ ਵਾਪਸ ਲੈਣ ਦੇ ਫ਼ੈਸਲੇ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ।
ਰਾਜ ਕੁਮਾਰ ਰਾਜੂ, ਬਲਵਿੰਦਰ ਬੱਗਾ, ਮਨੋਜ ਨੰਨ੍ਹਾ ਅਤੇ ਹੋਰਨਾਂ ਨੇ ਦੱਸਿਆ ਕਿ 12 ਜੂਨ ਨੂੰ ਜਲੰਧਰ ਸ਼ਹਿਰ 'ਚ ਬੰਦ ਦਾ ਸੱਦਾ ਵਾਪਸ ਲੈ ਲਿਆ ਗਿਆ ਹੈ ਅਤੇ ਸਾਰੇ ਬਾਜ਼ਾਰ ਤੇ ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਸ਼ਾਂਤੀਪੂਰਵਕ ਢੰਗ ਨਾਲ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ 1500 ਤੋਂ ਵੱਧ ਲੋਕਾਂ ਨੇ ਐੱਸ.ਸੀ., ਐੱਸ.ਟੀ. ਅਤੇ ਦਲਿਤ ਵਰਗ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਹਨ, ਜਿਸ ਕਾਰਨ ਸੈਂਕੜੇ ਦਲਿਤ ਅਤੇ ਪੜ੍ਹੇ-ਲਿਖੇ ਲੋਕ ਨੌਕਰੀ ਤੋਂ ਵਾਂਝੇ ਰਹਿ ਗਏ ਹਨ। ਅਜਿਹੇ ਜਾਲਸਾਜ਼ ਗ੍ਰਿਫ਼ਤਾਰ ਕਰਕੇ ਜੇਲ੍ਹ 'ਚ ਸੁੱਟੇ ਜਾਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਫਿਲਹਾਲ ਮੁੱਖ ਮੰਤਰੀ ਨਾਲ ਇਸ ਮੁੱਦੇ ’ਤੇ ਮੀਟਿੰਗ ਦੀ ਸਹਿਮਤੀ ਬਣਨ ਤੋਂ ਬਾਅਦ ਪੰਜਾਬ ਬੰਦ ਦੇ ਸੱਦੇ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜੋਹਾਨਸਬਰਗ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਵੀਡੀਓ 'ਚ ਦੇਖੋ Earthquake ਦਾ ਭਿਆਨਕ ਮੰਜ਼ਰ
ਉਥੇ ਹੀ ਏ.ਡੀ.ਸੀ. ਟ੍ਰੈਫਿਕ ਪਰਮਿੰਦਰ ਸਿੰਘ ਨੇ ਪ੍ਰਦਰਸ਼ਨ ਸਥਾਨ ’ਤੇ ਪਹੁੰਚ ਕੇ ਭੁੱਖ ਹੜਤਾਲ ’ਤੇ ਬੈਠੇ ਨੌਜਵਾਨਾਂ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਹੜਤਾਲ ਨੂੰ ਖਤਮ ਕਰਵਾਇਆ। ਇਸ ਮੌਕੇ ਨੰਨੂ ਭਾਟੀਆ, ਅਨਿਲ ਹੰਸ, ਜੌਲੀ ਪ੍ਰਧਾਨ, ਭਜਨ ਲਾਲ ਚੋਪੜਾ, ਰਾਜੀਵ ਗੋਰਾ, ਪੰਕਜ ਸਹੋਤਾ, ਸੋਮਾ ਪ੍ਰਧਾਨ ਤੇ ਹੋਰ ਮੌਜੂਦ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।