ਭ੍ਰਿਸ਼ਟਾਚਾਰ ਖ਼ਿਲਾਫ਼ ਐਕਸ਼ਨ 'ਚ ਪੰਜਾਬ ਸਰਕਾਰ, ਜਲੰਧਰ ਵਿਖੇ ਕਲਰਕ ਬੀਬੀ ਲੱਖਾਂ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ

Friday, Mar 25, 2022 - 06:38 PM (IST)

ਜਲੰਧਰ (ਰਾਹੁਲ, ਜਤਿੰਦਰ, ਭਾਰਦਵਾਜ)- ਪੰਜਾਬ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਪਹਿਲਾ ਵੱਡਾ ਸ਼ਿਕੰਜਾ ਕੱਸਿਆ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਜਲੰਧਰ ਤਹਿਸੀਲਦਾਰ ਦਫ਼ਤਰ ਵਿਚ ਕਲਰਕ ਨੂੰ 4.80 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਐਂਟੀ-ਕੁਰੱਪਸ਼ਨ ਐਕਸ਼ਨ ਹੈਲਪਲਾਈਨ ਨੰਬਰ 'ਤੇ ਪੀੜਤ ਨੇ ਇਸ ਮਹਿਲਾ ਕਲਰਕ ਖ਼ਿਲਾਫ਼ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜਾਂਚ ਵਿਚ ਦੋਸ਼ ਸਹੀ ਪਾਏ ਗਏ ਅਤੇ ਮਹਿਲਾ ਕਲਰਕ ਮੀਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਹਿਲਾ ਕਲਰਕ 'ਤੇ ਇਲਜ਼ਾਮ ਹਨ ਕਿ ਉਸ ਨੇ ਨੌਕਰੀ ਦਿਵਾਉਣ ਦੇ ਨਾਮ 'ਤੇ 4 ਲੱਖ 8 ਹਜ਼ਾਰ ਰੁਪਏ ਰਿਸ਼ਵਤ ਲਈ। ਸ਼ਿਕਾਇਤ ਤੋਂ ਬਾਅਦ ਜਾਂਚ ਵਿਚ ਮਹਿਲਾ ਕਲਰਕ ਦੋਸ਼ੀ ਪਾਈ ਗਈ। ਮਹਿਲਾ ਕਲਰਕ ਖ਼ਿਲਾਫ਼ ਬਾਰਾਂਦਰੀ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਮੀਨੂੰ ਗਰਭਵਤੀ ਹੈ, ਜਿਸ ਨੂੰ ਵਿਜੀਲੈਂਸ ਨੇ ਸਿਵਲ ਹਸਪਤਾਲ ਲਿਜਾ ਕੇ ਉਸ ਦਾ ਮੈਡੀਕਲ ਕਰਵਾਇਆ। ਉਸਦੀ ਹਾਲਤ ਕਾਰਨ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਮੀਨੂੰ ਨੇ ਇਕ ਵਿਅਕਤੀ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 4 ਲੱਖ 80 ਹਜ਼ਾਰ ਰੁਪਏ ਲਏ ਸਨ। ਮੀਨੂੰ ਨੇ ਨਾ ਤਾਂ ਉਕਤ ਵਿਅਕਤੀ ਨੂੰ ਨੌਕਰੀ ਦਿਵਾਈ ਅਤੇ ਨਾ ਹੀ ਉਸ ਦੇ ਪੈਸੇ ਮੋੜੇ। ਪੈਸੇ ਮੰਗਣ ’ਤੇ ਮੀਨੂੰ ਪੀੜਤ ਨੂੰ ਧਮਕੀਆਂ ਵੀ ਦਿੰਦੀ ਸੀ।

ਇਹ ਵੀ ਪੜ੍ਹੋ: ਗੈਂਗਸਟਰਾਂ ਦੇ ਨਿਸ਼ਾਨੇ 'ਤੇ ਪੰਜਾਬੀ ਗਾਇਕ, ਗੈਂਗਸਟਰ ਲੱਕੀ ਪਟਿਆਲ ਦਾ ਖ਼ਾਸ ਗੁਰਗਾ ਹਥਿਆਰਾਂ ਸਣੇ ਗ੍ਰਿਫ਼ਤਾਰ

ਇਸ ਸਬੰਧੀ ਪੀੜਤ ਨੇ ਕਾਂਗਰਸ ਸਰਕਾਰ ਸਮੇਂ ਵੀ ਉਸ ਦੀ ਸ਼ਿਕਾਇਤ ਕੀਤੀ ਸੀ ਪਰ ਪਹੁੰਚ ਹੋਣ ਕਾਰਨ ਉਸ ’ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਪੀੜਤ ਨੇ ਹੈਲਪਲਾਈਨ ਨੰਬਰ ਜਾਰੀ ਹੋਣ ਤੋਂ ਬਾਅਦ ਆਪਣੀ ਸ਼ਿਕਾਇਤ ਉਥੇ ਭੇਜੀ ਤਾਂ ਵਿਜੀਲੈਂਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਮੀਨੂੰ ਨੂੰ ਵੀਰਵਾਰ ਸ਼ਾਮੀਂ ਲਗਭਗ ਸਾਢੇ 4 ਵਜੇ ਹਿਰਾਸਤ ਵਿਚ ਲੈ ਲਿਆ ਗਿਆ।
ਪਹਿਲਾਂ ਤਾਂ ਮੀਨੂੰ ਨੂੰ ਹਿਰਾਸਤ ਵਿਚ ਲੈਣ ਦੇ ਕੋਈ ਕਾਰਨ ਸਾਹਮਣੇ ਨਹੀਂ ਆਏ ਪਰ ਸ਼ੁੱਕਰਵਾਰ ਸਾਰੇ ਮਾਮਲੇ ਤੋਂ ਪਰਦਾ ਹਟ ਗਿਆ। ਵਿਜੀਲੈਂਸ ਨੇ ਮੀਨੂੰ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਠੱਗੀ ਦਾ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਜੇਲ੍ਹ ਵੀ ਭੇਜ ਦਿੱਤਾ ਹੈ।

ਭ੍ਰਿਸ਼ਟਾਚਾਰ ਮਾਮਲੇ ’ਚ ਔਰਤ ਨੂੰ ਅਦਾਲਤ ਨੇ ਭੇਜਿਆ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ’ਤੇ
ਥਾਣਾ ਵਿਜੀਲੈਂਸ ਦੀ ਪੁਲਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਤਹਿਸੀਲ ਦੀ ਇਕ ਗ੍ਰਿਫ਼ਤਾਰ ਕੀਤੀ ਗਈ ਕਲਰਕ ਔਰਤ ਮੀਨੂੰ ਨੂੰ ਅੱਜ ਮਾਣਯੋਗ ਅਮਿਤ ਕੁਮਾਰ ਗਰਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੁਡੀਸ਼ੀਅਲ ਜੇਲ ਭੇਜਣ ਦਾ ਹੁਕਮ ਸੁਣਾਇਆ। 

ਸੀ. ਐੱਮ. ਵੱਲੋਂ ਜਾਰੀ ਕੀਤੀ ਗਈ ਹੈਲਪਲਾਈਨ ਨੰਬਰ ’ਤੇ ਇਹ ਪਹਿਲਾ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਤੁਰੰਤ ਕਾਰਵਾਈ ਵੀ ਹੋਈ ਹੈ। ਸੀ. ਐੱਮ. ਭਗਵੰਤ ਮਾਨ ਨੇ ਟਵੀਟ ਕਰ ਕੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ ਵਿਖੇ ਵੰਡਰਲੈਂਡ ’ਚ ਮੌਜ ਮਸਤੀ ਕਰਨ ਆਏ 15 ਸਾਲਾ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News