ਅਧਿਆਪਕ ਤੋਂ ਪਰੇਸ਼ਾਨ ਸੰਸਕ੍ਰਿਤ KMV ਸਕੂਲ ਦੀ ਵਿਦਿਆਰਥਣ ਨੇ ਲਿਆ ਫਾਹਾ (ਵੀਡੀਓ)

02/06/2019 5:04:10 PM

ਜਲੰਧਰ (ਮਹੇਸ਼,ਸੋਨੂੰ)— ਜਲੰਧਰ ਵਿਚ ਅਧਿਆਪਕ ਤੋਂ ਪਰੇਸ਼ਾਨ ਵਿਦਿਆਰਥਣ ਵੱਲੋਂ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਦਮੋਰੀਆ ਪੁਲ ਨੇੜੇ ਸਥਿਤ ਕਪੂਰ ਮੁਹੱਲੇ (ਦੌਲਤਪੁਰੀ) ਦੀ ਰਹਿਣ 16 ਸਾਲਾ ਤਨਵੀ ਮਹਿਤਾ ਨਿਵਾਸੀ ਸੰਸਕ੍ਰਿਤ ਕੇ.ਐੱਮ.ਵੀ. ਸਕੂਲ ਵਿਚ 10ਵੀਂ ਕਲਾਸ ਦੀ ਵਿਦਿਆਰਥਣ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣੇ ਕਮਰੇ ਵਿਚ ਸੋਣ ਲਈ ਗਈ ਸੀ ਅਤੇ ਸਵੇਰੇ ਕਾਫੀ ਦੇਰ ਤੱਕ ਬਾਹਰ ਨਾ ਆਉਣ 'ਤੇ ਜਦੋਂ ਮ੍ਰਿਤਕਾ ਤਨਵੀ ਮਹਿਤਾ ਉਰਫ ਤਨੂ ਦੀ ਮੰਮੀ ਮੀਨਾ ਮਹਿਤਾ ਅਤੇ ਪਾਪਾ ਰਾਜੇਸ਼ ਮਹਿਤਾ ਬੇਟੀ ਦੇ ਕਮਰੇ 'ਚ ਗਏ ਤਾਂ ਉਸ ਨੂੰ ਪੱਖੇ ਨਾਲ ਲਟਕਦੇ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਉਹ ਬੇਸੁੱਧ ਹੋ ਕੇ ਜ਼ਮੀਨ 'ਤੇ ਡਿੱਗ ਗਏ। ਉਨ੍ਹਾਂ ਦੋਵਾਂ ਨੇ ਉਸ ਨੂੰ ਪੱਖੇ ਤੋਂ ਹੇਠਾਂ ਉਤਾਰਿਆ ਅਤੇ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਰਾਜੇਸ਼ ਮਹਿਤਾ ਅਟਾਰੀ ਬਾਜ਼ਾਰ ਵਿਚ ਚੱਪਲਾਂ ਦੇ ਕਾਰੋਬਾਰੀ ਅਤੇ ਪ੍ਰਾਪਰਟੀ ਡੀਲਰ ਹਨ। ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੂੰ ਲਾਸ਼ ਨੇੜਿਓਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਲਈ ਸਕੂਲ ਦੇ ਅਧਿਆਪਕ ਨਰੇਸ਼ ਕਪੂਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਿਤਾ ਨੇ ਪੁਲਸ ਪ੍ਰਸ਼ਾਸਨ ਕੋਲੋਂ ਉਕਤ ਅਧਿਆਪਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕਾ ਤਨਵੀ ਮਹਿਤਾ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਜਦੋਂ ਤਕ ਮੁਲਜ਼ਮ ਫੜਿਆ ਨਹੀਂ ਜਾਂਦਾ ਉਹ ਤਨੂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਪੁਲਸ ਵਲੋਂ ਦੇਰ ਸ਼ਾਮ ਨੂੰ ਉਸ ਦੀ ਗ੍ਰਿਫਤਾਰੀ ਦਿਖਾਉਣ 'ਤੇ ਪਰਿਵਾਰ ਵਾਲਿਆਂ ਨੇ ਤਨੂ ਦਾ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਹੈ।

PunjabKesari

ਤਨਵੀ ਨੂੰ ਜਨਮ ਤੋਂ ਹੀ ਲਿਆ ਸੀ ਗੋਦ :
ਰਾਜੇਸ਼  ਮਹਿਤਾ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ  ਆਪਣੇ ਸਾਲੇ ਲਖਵਿੰਦਰ ਮਲਹੋਤਰਾ ਪੁੱਤਰ ਬ੍ਰਿਜ ਲਾਲ ਮਲਹੋਤਰਾ ਵਾਸੀ ਮੁਸਲਿਮ ਕਾਲੋਨੀ ਜਲੰਧਰ ਤੋਂ ਗੋਦ ਲਿਆ ਸੀ। ਉਸ ਸਮੇਂ ਉਹ 2-3 ਦਿਨ ਹੀ ਸੀ। ਰਾਜੇਸ਼ ਮਹਿਤਾ ਨੇ ਕਿਹਾ ਕਿ  ਉਨ੍ਹਾਂ ਨੇ ਤਨਵੀ ਨੂੰ ਆਪਣੀ ਸੰਤਾਨ ਤੋਂ ਵੱਧ ਕੇ ਪਿਆਰ ਅਤੇ ਸਸਕਾਰ ਦਿੱਤੇ ਸਨ।

ਮੰਗਲਵਾਰ ਰਾਤ ਨੂੰ ਤਨਵੀ ਨੇ 3 ਪੰਨਿਆਂ ਦਾ ਲਿਖਿਆ ਸੁਸਾਈਡ ਨੋਟ :
ਸੁਸਾਈਡ ਨੋਟ ਵਿਚ ਉਸ ਨੇ ਲਿਖਿਆ ਹੈ 'ਮੈਂ ਇਹ ਸੁਸਾਇਡ ਆਪਣੀ ਮਰਜ਼ੀ ਨਾਲ ਨਹੀਂ ਕਰ ਰਹੀ। ਇਸ ਦੇ ਪਿੱਛੇ ਇਕ ਬਹੁਤ ਵੱਡਾ ਕਾਰਨ ਹੈ ਉਹ ਹੈ ਮੇਰੇ ਸਕੂਲ ਦਾ ਸਰ ਨਰੇਸ਼ ਕਪੂਰ। ਜੇਕਰ ਮੈਂ ਸਕੂਲ ਜਾਂਦੀ ਸੀ ਤਾਂ ਉਸ ਨੂੰ ਹਮੇਸ਼ਾ ਮੈਂ ਹੀ ਦਿਖਦੀ ਹੁੰਦੀ ਸੀ ਮੈਨੂੰ ਹੀ ਹਮੇਸ਼ਾ ਡਾਂਟਦਾ ਸੀ, ਚਾਹੇ ਤੁਸੀਂ ਮੇਰੀ ਕਿਸੇ ਸਹੇਲੀ ਨੂੰ ਪੁੱਛ ਲਿਓ। ਕਿਸੇ ਹੋਰ ਦਾ ਗੁੱਸਾ ਉਹ ਹਮੇਸ਼ਾ ਮੇਰੇ 'ਤੇ ਹੀ ਕੱਢਦਾ ਰਹਿੰਦਾ ਸੀ।

PunjabKesari

ਤਨਵੀ ਮਹਿਤਾ ਨੇ ਆਪਣੇ ਆਖਰੀ ਸ਼ਬਦਾਂ 'ਚ ਆਪਣੀ ਮਾਂ ਪਿਤਾ ਨੂੰ ਵੀ ਆਖਰੀ ਸੁਨੇਹਾ ਦਿੱਤਾ ਹੈ। ਤਨਵੀ ਨੇ ਲਿਖਿਆ ਹੈ ਮੰਮੀ ਤੁਸੀਂ ਮੈਨੂੰ ਪੁੱਛਦੇ ਸੀ ਨਾ ਕਿ ਤੇਰਾ ਪੜ੍ਹਾਈ 'ਚ ਦਿਲ ਕਿਉ ਨਹੀਂ ਲੱਗਦਾ ਮੈਨੂੰ ਦੱਸ, ਮੈਂ ਤੁਹਾਨੂੰ ਕੀ ਦੱਸਦੀ। ਉਸ ਨੂੰ ਦੇਖ ਕੇ ਤੇ ਉਸ ਦੀਆਂ ਗੱਲਾਂ ਸੋਚ ਕੇ ਮੇਰਾ ਦਿਲ ਘਬਰਾਉਣ ਲੱਗ ਜਾਂਦਾ ਸੀ। ਉਹ ਦੀ ਕਲਾਸ 'ਚ ਕਿਸੇ ਤੋਂ ਕੋਈ ਚੀਜ਼ ਮੰਗ ਲੈਂਦਾ ਸੀ ਤਾਂ ਉਹ ਉਸ ਬੱਚੇ ਦੇ ਮੂੰਹ 'ਤੇ ਆਪਣਾ ਪੰਜਾ ਛਾਪ ਦਿੰਦਾ ਸੀ। ਮੰਮੀ ਪਲੀਜ਼ ਤੁਸੀਂ ਮੇਰੇ ਜਾਨ ਤੋਂ ਬਾਅਦ ਨਾ ਰੋਈਓ ਠੀਕ ਆ। ਮੈਂ ਹਮੇਸ਼ਾ ਤੁਹਾਡੇ ਦਿਲ 'ਚ ਰਹਾਂਗੀ। ਤੁਸੀਂ ਆਪਣਾ ਤੇ ਪਾਪਾ ਦਾ ਧਿਆਨ ਰੱਖਿਓ। ਪਾਪਾ ਜੀ ਹੁਣ ਤੁਹਾਡੇ ਪੈਸੇ ਨੂੰ ਕੋਈ ਅੱਗ ਨਹੀਂ ਲਗਾਵੇਗਾ, ਹੁਣ ਕੋਈ ਤੁਹਾਨੂੰ ਤੰਗ ਨਹੀਂ ਕਰੇਗਾ, ਕੀ ਮੈਨੂੰ ਇਹ ਲੈ ਕੇ ਦਿਓ, ਓਹ ਲੈ ਕੇ ਦਿਓ। ਚਲੋ ਮੇਰੇ ਮਰਨ ਤੋਂ ਪਹਿਲਾਂ ਦਿਲ ਦੀ ਰੀਜ ਸੀ ਕਿ ਐਕਟਿਵ ਤੇ ਨਵਾਂ ਫੋਨ ਲੈਣਾ ਹੈ। ਉਸ ਦੇ ਸੁਸਾਈਡ ਨੋਟ ਦੇ ਅਖੀਰ 'ਚ ਅਲਵਿਦਾ ਲਿਖਿਆ ਹੋਇਆ ਹੈ। ਤਨਵੀ ਨੇ ਸੁਸਾਈਡ ਨੋਟ ਵਿਚ ਆਪਣੇ ਮੰਮੀ-ਪਾਪਾ ਨੂੰ ਕਿਹਾ ਹੈ ਕਿ ਉਹ ਉਸ ਨੂੰ ਸਜ਼ਾ ਜ਼ਰੂਰ ਦਿਵਾਉਣ ਤਾਂ ਜੋ ਉਸ ਦੀ ਤਰ੍ਹਾਂ ਕੋਈ ਹੋਰ ਵਿਦਿਆਰਥੀ ਅਜਿਹਾ ਗਲਤ ਕਦਮ ਚੁੱਕਣ ਲਈ ਮਜਬੂਰ ਨਾ ਹੋਵੇ। ਉਸ ਨੇ ਕਿਹਾ ਕਿ ਟੀਚਰ ਨੂੰ ਸਜ਼ਾ ਮਿਲਣ ਨਾਲ ਹੀ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।

10.30 ਵਜੇ ਤਕ ਕਰਦੀ ਰਹੀ ਗੱਲਾਂ :
ਤਨਵੀ ਦੇ ਮਾਤਾ-ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਲਾਡਲੀ ਬੇਟੀ ਮੰਗਲਵਾਰ ਰਾਤ ਸਾਢੇ 10  ਵਜੇ ਤੱਕ ਉਨ੍ਹਾਂ ਨਾਲ ਗੱਲਾਂ ਕਰਦੀ ਰਹੀ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਚਿਹਰੇ 'ਤੇ  ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਦੇਖੀ ਸੀ। ਗੱਲਾਂ ਕਰਦੇ-ਕਰਦੇ ਉਹ ਆਪਣੇ ਕਮਰੇ  ਵਿਚ ਚਲੀ ਗਈ ਅਤੇ ਸਵੇਰੇ ਜਦੋਂ ਕਮਰੇ 'ਚੋਂ ਕਾਫੀ ਦੇਰ ਤੱਕ ਬਾਹਰ ਨਾ ਆਈ ਤਾਂ ਉਹ ਆਪਣੀ  ਜੀਵਨ ਲੀਲਾ ਖਤਮ ਕਰ ਚੁੱਕੀ ਸੀ। ਉਹ ਕਦੇ ਵੀ ਨਹੀਂ ਸੋਚ ਸਕਦੇ ਕਿ ਉਨ੍ਹਾਂ ਦੀ ਬੇਟੀ  ਰਾਤ ਨੂੰ ਖੁਦਕੁਸ਼ੀ ਜਿਹਾ ਕੋਈ ਗਲਤ ਕਦਮ ਉਠਾ ਸਕਦੀ ਹੈ।

ਪ੍ਰਿੰਸੀਪਲ ਤੇ ਸਟਾਫ ਵੀ ਪਹੁੰਚਿਆ :
ਤਨਵੀ ਦੀ ਮੌਤ ਦੀ ਸੂਚਨਾ ਨੇ ਉਸ ਦੇ ਸਕੂਲ ਵਿਚ ਹਲਚਲ ਮਚਾ ਦਿੱਤੀ। ਉਸ ਦੀਆਂ ਸਾਥੀ ਵਿਦਿਆਰਥਣਾਂ  ਕਾਫੀ ਹੈਰਾਨ ਹੋਣ ਦੇ ਬਾਅਦ ਸਹਿਮ ਗਈਆਂ। ਉਥੇ ਸਕੂਲ ਪ੍ਰਿੰਸੀਪਲ ਤੇ ਹੋਰ ਸਟਾਫ ਨੇ ਵੀ  ਤਨਵੀ ਦੇ ਘਰ ਪਹੁੰਚ ਕੇ ਉਸ ਦੇ ਮੰਮੀ-ਪਾਪਾ ਨਾਲ ਦੁੱਖ ਜਾਹਿਰ ਕੀਤਾ।

31 ਸਾਲਾ ਮੁਲਜ਼ਮ ਟੀਚਰ ਗ੍ਰਿਫਤਾਰ :
ਡੀ. ਐੱਸ. ਪੀ.  ਦਲਬੀਰ ਸਿੰਘ ਬੁੱਟਰ ਤੇ ਐੱਸ. ਐੱਚ. ਓ. ਜੀਵਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਮੈਥ  ਟੀਚਰ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਤਨਵੀ ਮੈਥ ਵਿਚ ਕਮਜ਼ੋਰ ਸੀ ਜਿਸ ਕਾਰਨ ਉਹ ਉਸ ਨੂੰ ਪੜ੍ਹਾਉਣ ਲਈ ਡਾਂਟ  ਦਿੰਦਾ ਸੀ। ਇਸ ਤੋਂ ਜ਼ਿਆਦਾ ਉਸ ਨੇ ਕਦੇ ਉਸ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਦ ਕਿ ਮਾਂ-ਬਾਪ  ਦਾ ਕਹਿਣਾ ਹੈ ਕਿ ਤਨਵੀ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ  'ਚ ਰੱਖਿਆ ਹੋਇਆ ਹੈ। ਕੱਲ ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

PunjabKesari


cherry

Content Editor

Related News