ਮੂੰਹ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਵਾਲਿਆਂ ਦੀ ਖੈਰ ਨਹੀਂ : ਗੁਰਦੀਪ ਸਿੰਘ
Sunday, Jul 22, 2018 - 12:36 AM (IST)
ਬਟਾਲਾ, (ਬੇਰੀ, ਅਸ਼ਵਨੀ) - ਰੂਰਲ ਰੈਪਿਡ, ਗੁੰਡਾ ਸਟਾਫ ਅਤੇ ਪੀ. ਸੀ. ਆਰ. ਦੇ ਇੰਚਾਰਜ ਇੰਸਪੈਕਟਰ ਗੁਰਦੀਪ ਸਿੰਘ ਵੱਲੋਂ ਟ੍ਰੈਫਿਕ ਪੁਲਸ ਨੂੰ ਨਾਲ ਲੈ ਕੇ ਜਲੰਧਰ ਰੋਡ ਬਟਾਲਾ ’ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲਸ ਵੱਲੋਂ ਅਧੂਰੇ ਕਾਗਜ਼ਾਤਾਂ ਵਾਲੇ ਵਾਹਨਾਂ ਦੇ ਕਰੀਬ 15 ਚਲਾਨ ਕੀਤੇ ਗਏ। ਉਥੇ ਨਾਲ ਹੀ ਪਰਨੇ ਆਦਿ ਨਾਲ ਮੂੰਹ ਬੰਨ੍ਹ ਕੇ ਵਾਹਨ ਚਲਾਉਣ ਵਾਲਿਆਂ ਦੇ ਪਰਨੇ ਵੀ ਲੁਹਾਏ। ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨਾਲ ਮਿਲ ਕੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇੰਸਪੈਕਟਰ ਗੁਰਦੀਪ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਤਾਂ ਜੋ ਭਵਿੱਖ ’ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਦਿ ਪੇਸ਼ ਨਾ ਆਵੇ। ਇਸ ਮੌਕੇ ਏ. ਐੱਸ. ਆਈ. ਨਿਰਮਲ ਸਿੰਘ, ਐੱਚ. ਸੀ. ਸੁਖਦੇਵ ਸਿੰਘ, ਐੱਚ. ਸੀ. ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
