ਜਲੰਧਰ ਪੁਲਸ ਨੇ ਸੋਹੇਲ ਸਣੇ ਸਾਰੇ ਅੱਤਵਾਦੀਆਂ ਦੇ ਬੈਂਕ ਦੀ ਡਿਟੇਲ ਮੰਗੀ
Thursday, Oct 25, 2018 - 02:08 PM (IST)

ਜਲੰਧਰ (ਜ. ਬ.)— ਸਿਟੀ ਇੰਸਟੀਚਿਊਟ ਅਤੇ ਜੇ. ਐਂਡ ਕੇ. ਤੋਂ ਲਿਆਂਦੇ ਗਏ ਅੱਤਵਾਦੀਆਂ ਦੀ ਜਲੰਧਰ ਪੁਲਸ ਨੇ ਬੈਂਕ ਡਿਟੇਲ ਕਢਵਾਉਣ ਲਈ ਬੈਂਕਾਂ ਨੂੰ ਚਿੱਠੀ ਲਿਖੀ ਹੈ। ਪੁਲਸ ਦੇ ਕੋਲ ਇਨਪੁੱਟ ਸਨ ਕਿ ਇਨ੍ਹਾਂ ਅੱਤਵਾਦੀਆਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ, ਜਿਸ ਕਾਰਨ ਜਲੰਧਰ ਪੁਲਸ ਨੇ ਸ਼੍ਰੀਨਗਰ ਅਤੇ ਜਲੰਧਰ 'ਚ ਸਥਿਤ ਕੁਝ ਬੈਂਕਾਂ ਨੂੰ ਚਿੱਠੀ ਲਿਖ ਕੇ ਇਨ੍ਹਾਂ ਅੱਤਵਾਦੀਆਂ ਦੀ ਬੈਂਕ ਸਟੇਟਮੈਂਟ ਤੋਂ ਲੈ ਕੇ ਹੋਰ ਵੀ ਜਾਣਕਾਰੀ ਮੰਗੀ ਹੈ।
'ਜਗ ਬਾਣੀ' ਨੇ 22 ਅਕਤੂਬਰ ਦੇ ਅੰਕ 'ਚ ਇਨ੍ਹਾਂ ਅੱਤਵਾਦੀਆਂ ਨੂੰ ਵਿਦੇਸ਼ਾਂ ਤੋਂ ਫੰਡ ਆਉਣ ਦੀ ਖਬਰ ਛਾਪੀ ਸੀ, ਜਦਕਿ ਇਨ੍ਹਾਂ ਅੱਤਵਾਦੀਆਂ ਦੇ ਖਿਲਾਫ ਦਰਜ ਐੱਫ. ਆਈ. ਆਰ. 'ਚ ਵੀ ਇਸ ਦਾ ਜ਼ਿਕਰ ਕੀਤਾ ਹੋਇਆ ਹੈ। ਹਾਲਾਂਕਿ ਫੰਡਿੰਗ ਹਵਾਲੇ ਦੇ ਜ਼ਰੀਏ ਹੁੰਦੀ ਸੀ ਪਰ ਫਿਰ ਪੁਲਸ ਨੇ ਕੁਝ ਨਾ ਕੁਝ ਇਨਪੁੱਟ ਲੈਣ ਲਈ ਅੱਤਵਾਦੀਆਂ ਦੇ ਬੈਂਕ ਖਾਤੇ ਪਤਾ ਕਰਵਾਉਣ ਦੇ ਬਾਅਦ ਸਾਰੇ ਬੈਂਕਾਂ ਨੂੰ ਜਾਹਿਦ ਗੁਲਜ਼ਾਰ, ਰਫੀਕ ਭੱਟ, ਇਦਰੀਸ਼ ਸ਼ਾਹ, ਸੋਹੇਲ ਅਤੇ ਦਾਨਿਸ਼ ਰਹਿਮਾਨ ਦੀ ਬੈਂਕ ਡਿਟੇਲ ਮੰਗੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਜਲਦੀ ਹੀ ਬੈਂਕ ਡਿਟੇਲ ਉਨ੍ਹਾਂ ਨੂੰ ਮਿਲ ਜਾਵੇਗੀ, ਜਿਸ ਤੋਂ ਬਾਅਦ ਕੁਝ ਇਨਪੁੱਟ ਮਿਲ ਸਕਦੇ ਹਨ। ਉਧਰ ਜਲੰਧਰ ਸਣੇ ਮੋਹਾਲੀ ਪੁਲਸ, ਚੰਡੀਗੜ੍ਹ ਪੁਲਸ ਅਤੇ ਜੇ. ਐਂਡ. ਕੇ ਪੁਲਸ ਇਨ੍ਹਾਂ ਅੱਤਵਾਦੀਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਅੱਤਵਾਦੀਆਂ ਤੋਂ ਸੱਚ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਫੀਆ ਏਜੰਸੀਆਂ ਨੇ ਵੀ ਲਗਾਤਾਰ ਇਸ ਮਾਮਲੇ 'ਤੇ ਨਜ਼ਰ ਬਣਾਈ ਹੋਈ ਹੈ।
ਜ਼ਾਕਿਰ ਮੂਸਾ ਚਲਾ ਰਿਹਾ ਹੈ ਖੁਦ ਦਾ ਟ੍ਰੇਨਿੰਗ ਸਕੂਲ
ਅੱਤਵਾਦੀਆਂ ਤੋਂ ਪੁੱਛਗਿੱਛ 'ਚ ਇਹ ਵੀ ਪਤਾ ਲੱਗਾ ਹੈ ਕਿ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਜ਼ਾਕਿਰ ਮੂਸਾ ਖੁਦ ਦਾ ਟ੍ਰੇਨਿੰਗ ਸਕੂਲ ਵੀ ਚਲਾ ਰਿਹਾ ਹੈ। ਏ. ਜੀ. ਐੱਚ. ਦੇ ਚੀਫ ਮੂਸਾ ਨੇ 29 ਮਈ ਨੂੰ ਜ਼ਾਕਿਰ ਮੂਸਾ ਗਰੁੱਪ ਆਫ ਇਸਲਾਮਿਕ ਮੁਜਾਹੂਦੀਨ ਨਾਂ ਦਾ ਸਕੂਲ ਖੋਲ੍ਹਿਆ ਹੈ। ਇਸ ਦਾ ਜ਼ਿਕਰ ਐੱਫ. ਬੀ. ਆਈ. ਅਕਾਊਂਟ 'ਤੇ ਕੀਤਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਾਕਿਰ ਮੂਸਾ ਇਸ ਸਕੂਲ 'ਚ ਭੋਲੇ-ਭਾਲੇ ਕਸ਼ਮੀਰੀ ਨੌਜਵਾਨਾਂ ਦਾ ਮਾਈਂਡ ਵਾਸ਼ ਕਰਕੇ ਆਪਣੇ ਨਾਲ ਜੋੜਦਾ ਹੈ ਜਦਕਿ ਇਸ ਸਕੂਲ 'ਚ ਉਨ੍ਹਾਂ ਨੂੰ ਹੋਰ ਕਸ਼ਮੀਰੀ ਨੌਜਵਾਨਾਂ ਨੂੰ ਨਾਲ ਜੋੜਨ ਤੋਂ ਲੈ ਕੇ ਹਥਿਆਰ ਚਲਾਉਣ ਨੂੰ ਛੱਡ ਹੋਰ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਘਾਟੀ ਦੇ ਕਈ ਨੌਜਵਾਨ ਮੂਸਾ ਦੇ ਜਾਲ 'ਚ ਫਸੇ ਹੋਏ ਹਨ।
ਕੁਝ ਹੀ ਸਮੇਂ 'ਚ ਸ਼ਾਹੀ ਜ਼ਿੰਦਗੀ ਜਿਊਣ ਦੇ ਆਦੀ ਹੋ ਚੁੱਕੇ ਹਨ ਅੱਤਵਾਦੀ
ਅੱਤਵਾਦੀ ਕੁਝ ਹੀ ਸਮੇਂ 'ਚ ਸ਼ਾਹੀ ਜ਼ਿੰਦਗੀ ਜਿਊਣ ਦੇ ਆਦੀ ਬਣ ਚੁੱਕੇ ਹਨ। ਨਸ਼ੇ ਨੂੰ ਲੈ ਕੇ ਮਹਿੰਗੇ ਕੱਪੜੇ, ਖਾਣ-ਪੀਣ ਦਾ ਢੰਗ ਵੀ ਅੱਤਵਾਦੀ ਬਦਲ ਚੁੱਕੇ ਹਨ। ਫੰਡਿੰਗ ਤੋਂ ਆਉਣ ਵਾਲੇ ਜ਼ਿਆਦਾਤਰ ਪੈਸੇ ਉਹ ਸ਼ਾਹੀ ਜ਼ਿੰਦਗੀ 'ਚ ਖਰਚ ਕਰ ਲੈਂਦੇ ਹਨ। ਅਜੇ ਪੁਲਸ ਨੇ ਇਨ੍ਹਾਂ ਅੱਤਵਾਦੀਆਂ ਨਾਲ ਤਾਲੁਕ ਰੱਖਣ ਵਾਲੇ ਲੋਕਾਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਵਾਪਸ ਭੇਜ ਦਿੱਤਾ ਹੈ। ਐੱਫ. ਬੀ. ਅਕਾਊਂਟ ਤੋਂ ਲੈ ਕੇ ਕਾਲ ਡਿਟੇਲ ਖੰਗਾਲ ਕੇ ਪੁਲਸ ਹਰ ਤਰੀਕੇ ਨਾਲ ਜਾਂਚ ਕਰ ਰਹੀ ਹੈ।