ਜਲੰਧਰ 'ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਲਹਿਰਾਏ ਹਥਿਆਰ
Monday, Jul 12, 2021 - 11:15 AM (IST)
ਜਲੰਧਰ (ਚੋਪੜਾ)-ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਵੱਲੋਂ ਐਤਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਟਰਲ ਹਲਕੇ ਦੇ ਵਿਧਾਇਕ, ਯੂਥ ਕਾਂਗਰਸ ਦੇ ਸੂਬਾ ਇੰਚਾਰਜ ਬੰਟੀ ਸ਼ੇਲਕੇ ਅਤੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ਵਿਚ ਨੌਜਵਾਨ ਸਥਾਨਕ ਕਾਂਗਰਸ ਭਵਨ ਤੋਂ ਰੋਸ ਮਾਰਚ ਕੱਢਦਿਆਂ ਬੀ. ਐੱਮ. ਸੀ. ਚੌਕ ਤੱਕ ਪਹੁੰਚੇ, ਜਿੱਥੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਫੂਕਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇਹ ਪ੍ਰੋਗਰਾਮ ਉਸ ਸਮੇਂ ਵਿਵਾਦਾਂ ਵਿਚ ਘਿਰ ਗਿਆ, ਜਦੋਂ ਪ੍ਰੋਗਰਾਮ ਵਿਚ ਹਥਿਆਰ ਲਹਿਰਾ ਦਿੱਤੇ ਗਏ। ਪ੍ਰੋਗਰਾਮ ਵਿਚ ਕਈ ਅਜਿਹੇ ਨੌਜਵਾਨ ਸ਼ਾਮਲ ਹੋ ਗਏ, ਜੋ ਕਿ ਸ਼ਰੇਆਮ ਆਪਣੇ ਨਾਲ ਰਿਵਾਲਵਰ ਅਤੇ ਦੋਨਾਲੀ ਵਰਗੇ ਹਥਿਆਰ ਲੈ ਕੇ ਆਏ ਹੋਏ ਸਨ।
ਇਸ ਦੌਰਾਨ ਵਿਧਾਇਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕੇਂਦਰ ਸਰਕਾਰ ਦਾ ਮਹਿੰਗਾਈ ’ਤੇ ਕੋਈ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਆਮ ਜਨਤਾ ਦਾ ਜਿਊਣਾ ਦੁੱਭਰ ਹੋ ਗਿਆ ਹੈ। ਬੰਟੀ ਸ਼ੇਲਕੇ ਨੇ ਕਿਹਾ ਕਿ ਮੋਦੀ ਸਰਕਾਰ ਸਾਰੇ ਮੋਰਚਿਆਂ ’ਤੇ ਅਸਫ਼ਲ ਸਾਬਤ ਹੋਈ ਹੈ। ਅੱਜ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਲੋਕਾਂ ਲਈ 2 ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਅਜਿਹੇ ਵਿਚ ਪੈਟਰੋਲ-ਡੀਜ਼ਲ ਤੋਂ ਇਲਾਵਾ ਰਸੋਈ ਗੈਸ ਦੀਆਂ ਰੋਜ਼ਾਨਾ ਵਧਾਈਆਂ ਜਾ ਰਹੀਆਂ ਕੀਮਤਾਂ ਨਾਲ ਜਿੱਥੇ ਹਰੇਕ ਵਸਤੂ ਮਹਿੰਗੀ ਹੁੰਦੀ ਜਾ ਰਹੀ ਹੈ, ਉਥੇ ਹੀ ਰਸੋਈ ਦਾ ਬਜਟ ਵੀ ਵਿਗੜ ਚੁੱਕਾ ਹੈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ
ਅੰਗਦ ਦੱਤਾ ਨੇ ਕਿਹਾ ਕਿ ਕੇਂਦਰ ਸਰਕਾਰ ਅੰਬਾਨੀ-ਅਡਾਨੀ ਜਿਹੇ ਵੱਡੇ ਉਦਯੋਗਿਕ ਘਰਾਣਿਆਂ ਅਤੇ ਨਿੱਜੀ ਕੰਪਨੀਆਂ ਦੀਆਂ ਮਨਮਾਨੀਆਂ ਸਾਹਮਣੇ ਬੇਵੱਸ ਅਤੇ ਲਾਚਾਰ ਹੋ ਚੁੱਕੀ ਹੈ। ਕੰਪਨੀਆਂ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਦਰਾਂ ਵਿਚ ਵਾਰ-ਵਾਰ ਵਾਧਾ ਕਰ ਰਹੀਆਂ ਹਨ ਪਰ ਭਾਜਪਾ ਆਗੂ ਮੂਕਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਕੋਵਿਡ-19 ਦੇ ਦੌਰ ਵਿਚ ਦੇਸ਼ ਦੀ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਦੀ ਬਜਾਏ ਉਲਟਾ ਮਹਿੰਗਾਈ ਵਧਾ ਕੇ ਲੋਕਾਂ ’ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਘੱਟ ਕੀਮਤਾਂ ਦੇ ਬਾਵਜੂਦ ਸਰਕਾਰ ਹੁਣ ਵੀ ਆਮ ਆਦਮੀ ’ਤੇ ਟੈਕਸ ਲਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੈਟਰੋਲ-ਡੀਜ਼ਲ ਅਤੇ ਮਹਿੰਗਾਈ ਵੱਲ ਧਿਆਨ ਨਾ ਦਿੱਤਾ ਤਾਂ ਯੂਥ ਕਾਂਗਰਸ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।
ਇਸ ਮੌਕੇ ਆਕਾਸ਼ਦੀਪ ਸਿੰਘ, ਨਵ ਮਾਨ, ਯੂਥ ਕਾਂਗਰਸ ਦੇ ਸੀਨੀਅਰ ਆਗੂ ਜਗਦੀਪ ਸਿੰਘ ਸੋਨੂੰ ਸੰਧਰ ਅਤੇ ਮਨਪ੍ਰੀਤ ਸਿੰਘ ਮੰਗੂ, ਕੈਂਟ ਵਿਧਾਨ ਸਭਾ ਹਲਕਾ ਦੇ ਪ੍ਰਧਾਨ ਰਣਦੀਪ ਲੱਕੀ ਸੰਧੂ, ਸੈਂਟਰਲ ਹਲਕੇ ਦੇ ਪ੍ਰਧਾਨ ਪ੍ਰਵੀਨ ਪਹਿਲਵਾਨ, ਜਨਰਲ ਸਕੱਤਰ ਸਹਿਜ ਛਾਬੜਾ, ਜਸਕਰਨ ਸੋਹੀ, ਚਰਨਜੀਤ ਸਿੰਘ ਚੰਨੀ, ਜਗਦੀਪ ਰੂਪਾ, ਰੋਹਿਤ ਪਾਠਕ, ਅਮਨ ਧੰਨੋਵਾਲੀ, ਰੌਕੀ ਨਾਹਰ, ਹਰਮੀਤ ਮਾਨ, ਜਤਿਨ ਸ਼ਰਮਾ, ਦਮਨ ਕਲਿਆਣ, ਹੈਰੀ ਰਾਜਪੂਤ, ਪਿਯੂਸ਼ ਅਗਰਵਾਲ, ਹਰਮੀਤ ਮਾਨ, ਵਿਪਨ ਬਜਾਜ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਰੂਪਨਗਰ ਦੇ ਮੋਰਿੰਡਾ ’ਚ ਸ਼ਰਮਨਾਕ ਘਟਨਾ, 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਪ੍ਰੋਗਰਾਮ ’ਚ ਹਥਿਆਰਾਂ ਦਾ ਜੰਮ ਕੇ ਹੋਇਆ ਪ੍ਰਦਰਸ਼ਨ, ਹੁਕਮਾਂ ਦੀਆਂ ਧੱਜੀਆਂ ਉਡਾ ਕੇ ਪੁਲਸ ਕਮਿਸ਼ਨਰ ਨੂੰ ਕੀਤਾ ਚੈਲੈਂਜ
ਪ੍ਰੋਗਰਾਮ ਵਿਚ ਕਈ ਅਜਿਹੇ ਨੌਜਵਾਨ ਸ਼ਾਮਲ ਹੋ ਗਏ, ਜੋ ਕਿ ਸ਼ਰੇਆਮ ਆਪਣੇ ਨਾਲ ਰਿਵਾਲਵਰ ਅਤੇ ਦੋਨਾਲੀ ਵਰਗੇ ਹਥਿਆਰ ਲੈ ਕੇ ਆਏ ਹੋਏ ਸਨ। ਇਹੀ ਨਹੀਂ ਹਥਿਆਰਬੰਦ ਨੌਜਵਾਨ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਖਾਤਿਰ ਕਾਂਗਰਸ ਭਵਨ ਤੋਂ ਲੈ ਕੇ ਬੀ. ਐੱਮ. ਸੀ. ਚੌਕ ਤੱਕ ਯੂਥ ਕਾਂਗਰਸ ਦੀ ਰੈਲੀ ਵਿਚ ਸ਼ਾਮਲ ਰਹੇ ਪਰ ਪ੍ਰਦਰਸ਼ਨ ਨੂੰ ਲੈ ਕੇ ਵੱਡੀ ਗਿਣਤੀ ਵਿਚ ਤਾਇਨਾਤ ਪੁਲਸ ਫੋਰਸ ਵਿਚੋਂ ਕਿਸੇ ਨੇ ਵੀ ਉਕਤ ਨੌਜਵਾਨਾਂ ਕੋਲੋਂ ਹਥਿਆਰਾਂ ਸਬੰਧੀ ਪੁੱਛਗਿੱਛ ਕਰਨ ਦੀ ਹਿੰਮਤ ਨਾ ਕੀਤੀ। ਆਖਿਰ ਇਹ ਕਿਸ ਅਧਿਕਾਰ ਅਤੇ ਲਾਇਸੈਂਸ ਨਾਲ ਇਨ੍ਹਾਂ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਹੇ ਹਨ, ਜਦੋਂ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬੀਤੇ ਦਿਨਾਂ ਦੌਰਾਨ ਹੀ ਕਮਿਸ਼ਨਰੇਟ ਪੁਲਸ ਦੀ ਹੱਦ ਵਿਚ ਕਿਸੇ ਵੀ ਤਰ੍ਹਾਂ ਦਾ ਜਲੂਸ ਕੱਢਣ ਅਤੇ ਜਲੂਸ ਵਿਚ ਹਥਿਆਰ ਲੈ ਕੇ ਚੱਲਣ ’ਤੇ ਪਾਬੰਦੀ ਲਗਾਈ ਹੋਈ ਹੈ।
ਇਸ ਦੌਰਾਨ ਕਈ ਨੌਜਵਾਨ ਹਥਿਆਰਾਂ ਨਾਲ ਸੈਲਫੀਆਂ ਲੈਂਦੇ ਰਹੇ, ਜਿਸ ਨਾਲ ਉਕਤ ਸੜਕ ’ਤੇ ਆਉਣ-ਜਾਣ ਵਾਲੇ ਰਾਹਗੀਰਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੂੰ ਵੇਖ ਰਹੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਪੁਲਸ ਅਧਿਕਾਰੀ ਵੀ ਮੂਕਦਰਸ਼ਕ ਕਿਉਂ ਨਾ ਬਣਨ, ਆਖਿਰ ਪ੍ਰਦਰਸ਼ਨ ਸੱਤਾਧਾਰੀ ਪਾਰਟੀ ਕਰ ਰਹੀ ਹੈ, ਜਿਸ ਦੇ ਲਈ ਪੁਲਸ ਕਮਿਸ਼ਨਰ ਦੇ ਹੁਕਮਾਂ ਨੂੰ ਚੈਲੇਂਜ ਕਰਨਾ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਣਾ ਕੋਈ ਵੱਡਾ ਕੰਮ ਨਹੀਂ ਹੈ। ਪਰ ਜੋ ਵੀ ਹੋਵੇ ਯੂਥ ਕਾਂਗਰਸੀ ਆਗੂਆਂ ਵਿਚ ਹਥਿਆਰਾਂ ਦਾ ਵਧਦਾ ਰੁਝਾਨ ਸਾਬਿਤ ਕਰਦਾ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਅੰਨ੍ਹੇਵਾਹ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਵਿਚ ਪਹਿਲਾਂ ਹੀ ਮਾਫੀਆ ਰਾਜ ਪੈਦਾ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਹੀ ਜਲੰਧਰ ਵਿਚ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਹੱਤਿਆ ਕਾਂਡ ਤੋਂ ਇਲਾਵਾ ਕਿਸ਼ਨਪੁਰਾ ਵਿਚ ਨਾਜਾਇਜ਼ ਹਥਿਆਰ ਨਾਲ ਨੌਜਵਾਨ ਦੀ ਹੋਈ ਮੌਤ, ਗੈਂਗਸਟਰ ਕੁਲਬੀਰ ਹੱਤਿਆ ਕਾਂਡ ਜਿਹੇ ਰੋਜ਼ਾਨਾ ਕਈ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ
ਹਾਲਾਂਕਿ ਬੀਤੇ ਦਿਨ ਹੀ ਦਿਹਾਤੀ ਪੁਲਸ ਨੇ 6 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 5 ਪਿਸਤੌਲ ਅਤੇ ਹੋਰ ਹਥਿਆਰ ਵੀ ਬਰਾਮਦ ਹੋਏ ਹਨ ਪਰ ਜਿਸ ਢੰਗ ਨਾਲ ਅੱਜ ਸਿਆਸੀ ਪ੍ਰੋਗਰਾਮ ਵਿਚ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ, ਉਸ ਤੋਂ ਲੱਗਦਾ ਹੈ ਕਿ ਨੌਜਵਾਨਾਂ ਵਿਚ ਹਥਿਆਰਾਂ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਭਾਵੇਂ ਇਹ ਹਥਿਆਰ ਸੁਰੱਖਿਆ ਲਈ ਹੋਣ ਜਾਂ ਰਾਜਨੀਤਿਕ ਤਾਕਤ ਦਿਖਾਉਣ ਦਾ ਹਿੱਸਾ ਹੋਣ ਪਰ ਜੋ ਵੀ ਹੋਵੇ ਹੁਣ ਵੇਖਣਾ ਹੋਵੇਗਾ ਕਿ ਪੁਲਸ ਕਮਿਸ਼ਨਰ ਆਪਣੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਵਿਚ ਕੋਈ ਠੋਸ ਕਾਰਵਾਈ ਕਰ ਪਾਉਂਦੇ ਹਨ ਜਾਂ ਲੀਪਾਪੋਚੀ ਕਰਕੇ ਮਾਮਲੇ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।