ਜਲੰਧਰ: ਝੁੱਗੀਆਂ 'ਚ ਸੁੱਤੇ ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 2 ਦੀ ਮੌਤ (ਵੀਡੀਓ)
Friday, Sep 06, 2019 - 10:12 AM (IST)
ਜਲੰਧਰ (ਸੋਨੂੰ) - ਜਲੰਧਰ-ਪਠਾਨਕੋਟ ਹਾਈਵੇਅ 'ਤੇ ਪੈਂਦੇ ਪਿੰਡ ਸਮਸਤਪੁਰ ਨੇੜੇ ਦੇਸੀ ਦਵਾਈਆਂ ਵੇਚਣ ਵਾਲੇ ਝੁੱਗੀਆਂ 'ਚ ਰਹਿੰਦੇ ਲੋਕਾਂ 'ਤੇ ਬੀਤੀ ਰਾਤ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਉਕਤ ਲੋਕਾਂ 'ਤੇ ਇਹ ਹਮਲਾ ਅਣਪਛਾਤੇ ਵਿਅਕਤੀਆਂ ਨੇ ਸਵੇਰੇ 2.30 ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਸੀ, ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੇਸ਼ਮਾ (70) ਅਤੇ ਸਲਜ ਰਾਮ ਵਜੋਂ ਹੋਈ ਹੈ, ਜਦਕਿ ਬੱਚਿਆਂ ਸਣੇ 6 ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਦੌਰਾਨ ਹੋਏ ਖੂਨ ਖਰਾਬੇ ਨੂੰ ਦੇਖ ਕੇ ਇਕ ਬਜ਼ੁਰਗ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਬਾਰੇ ਪੁਲਸ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਜਲੰਧਰ ਕੈਂਟ ਦੇ ਇਲਾਕੇ 'ਚ ਰਹਿੰਦੇ ਰਿਸ਼ਤੇਦਾਰਾਂ ਨੂੰ ਕਿਸੇ ਨੇ ਫੋਨ ਕਰਕੇ ਇਸ ਹਮਲੇ ਦੇ ਬਾਰੇ ਦੱਸਿਆ। ਘਟਨਾ ਸਥਾਨ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤਾਂ ਕਿ ਪਤਾ ਲੱਗ ਸਕੇ ਇਕ ਹਮਲਾ ਕਰਨ ਵਾਲੇ ਲੋਕ ਕੋਣ ਸਨ।
ਦੂਜੇ ਪਾਸੇ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਤਲੋ-ਗਾਰਤ ਦੀ ਵਜ੍ਹਾ ਕੋਈ ਰੰਜਿਸ਼ ਹੈ ਜਾਂ ਲੁੱਟ-ਖੋਹ ਜਾਂ ਫਿਰ ਕੋਈ ਗਿਰੋਹ ਦੇਸੀ ਦਵਾਈਆਂ ਵਾਲਿਆਂ 'ਤੇ ਗੁੱਸਾ ਕੱਢ ਰਿਹਾ, ਦਾ ਖੁਲਾਸਾ ਤਾਂ ਜਾਂਚ ਮਗਰੋਂ ਹੀ ਹੋਵੇਗਾ। ਪਰਿਵਾਰ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਦੇਸੀ ਦਵਾਈਆਂ ਦਾ ਕੰਮ ਕਰਨ ਵਾਲਿਆਂ 'ਤੇ ਹਮਲਿਆਂ ਦੀਆਂ 3-4 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।