ਜਲੰਧਰ ਨਗਰ-ਨਿਗਮ ਨੇ ''ਨਿੱਕੂ ਪਾਰਕ'' ਕੀਤਾ ਸੀਲ (ਵੀਡੀਓ)
Wednesday, Sep 18, 2019 - 06:36 PM (IST)
ਜਲੰਧਰ (ਸੋਨੂੰ)— ਲੀਜ਼ ਖਤਮ ਹੋਣ ਦੇ ਚਲਦਿਆਂ ਕੋਰਟ ਦੇ ਆਦੇਸ਼ਾਂ 'ਤੇ ਜਲੰਧਰ ਦੇ ਮਸ਼ਹੂਰ ਨਿੱਕੂ ਪਾਰਕ ਨੂੰ ਨਗਰ-ਨਿਗਮ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਇਸ ਦਾ ਕੇਸ ਅਦਾਲਤ 'ਚ ਚਲ ਰਿਹਾ ਸੀ, ਜੋ ਨਿੱਕੂ ਪਾਰਕ ਪ੍ਰਬੰਧਕ ਹਾਰ ਗਿਆ। ਇਸ ਦੇ ਚਲਦਿਆਂ ਹੀ ਨਿੱਕੂ ਪਾਰਕ ਨੂੰ ਨਗਰ-ਨਿਗਮ ਵੱਲੋਂ ਸੀਲ ਕੀਤਾ ਗਿਆ ਹੈ। ਹਾਲਾਂਕਿ ਨਿੱਕੂ ਪਾਰਕ ਦੇ ਬਾਹਰ ਲੱਗੇ ਨੋਟਿਸ 'ਚ ਲਿਖਿਆ ਗਿਆ ਹੈ ਕਿ ਡਿਪਟੀ ਕਮਿਸ਼ਨਰ ਜਲੰਧਰ ਅਤੇ ਨਿੱਕੂ ਪਾਰਕ ਚਿਲਡਰਨ ਵੈੱਲਫੇੱਰ ਸੁਸਾਇਟੀ 'ਚ 20 ਸਾਲ ਦੀ ਲੀਜ਼ ਹੋਈ ਸੀ, ਜੋ ਖਤਮ ਹੋ ਗਈ ਹੈ। ਉਸ ਤੋਂ ਬਾਅਦ ਲੀਜ਼ ਰੀਨਿਊ ਕਰਵਾਉਣ ਲਈ ਲੀਜ਼ ਕਰਤਾ ਵੱਲੋਂ ਕੋਈ ਅਰਜੀ ਨਹੀਂ ਆਈ, ਜਿਸ ਕਰਕੇ ਸਰਕਾਰ ਨੇ ਕਬਜ਼ੇ 'ਚ ਲੈ ਲਿਆ ਹੈ। ਫਿਲਹਾਲ ਨਿੱਕੂ ਪਾਰਕ ਕਦੋਂ ਤੱਕ ਬੰਦ ਰਹੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਸਤੰਬਰ 1999 ਨੂੰ ਉਸ ਸਮੇਂ ਦੇ ਡੀ. ਸੀ. ਸੋਮ ਪ੍ਰਕਾਸ਼ ਵੱਲੋਂ ਮਾਡਲ ਟਾਊਨ ਸਥਿਤ ਨਿੱਕੂ ਪਾਰਕੀ ਦੀ ਜਗ੍ਹਾ ਨੂੰ ਲੈ ਕੇ 20 ਸਾਲ ਦੇ ਲਈ ਲੀਜ਼ ਲਿਖੀ ਗਈ ਸੀ, ਜਿਸ ਦੀ ਮਿਆਦ ਖਤਮ ਹੋਣ 'ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਉਕਤ ਸਥਾਨ 'ਤੇ ਕਬਜ਼ਾ ਲੈ ਲਿਆ ਗਿਆ ਹੈ। ਇਸ ਮੌਕੇ ਐੱਸ. ਡੀ. ਐੱਮ-1 ਡਾਕਟਰ ਸੰਜੀਵ ਸ਼ਰਮਾ, ਤਹਿਸੀਲਦਾਰ-1 ਮਨਦੀਪ ਸਿੰਘ ਮਾਨ, ਨਾਇਬ ਤਹਿਸੀਲਦਾਰ ਮਨੋਹਰ ਲਾਲ ਆਦਿ ਹਾਜ਼ਰ ਸਨ। ਮਾਡਲ ਟਾਊਨ ਵਰਗੇ ਪਾਸ਼ ਇਲਾਕੇ 'ਚ ਸਥਿਤ ਨਿੱਕੂ ਪਾਰਕ ਦੀ ਜਗ੍ਹਾ ਲਗਭਗ 200 ਕਰੋੜ ਮੁੱਲ ਹੈ ਅਤੇ ਇੰਨੀ ਮਹਿੰਗੀ ਜਗ੍ਹਾ ਨੂੰ ਬਹੁਤ ਸਸਤੇ 'ਚ ਲੀਜ਼ ਕਰ ਦਿੱਤਾ ਗਿਆ ਸੀ। ਨਿੱਕੂ ਪਾਰਕ ਨੂੰ ਲੈ ਕੇ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਰਹੇ ਹਨ ਅਤੇ ਇਸ ਸਬੰਧੀ ਕਈ ਆਰ. ਟੀ. ਆਈ. ਐਕਟੀਵਿਸਟ ਵੱਲੋਂ ਸਰਕਾਰ ਦੇ ਕੋਲ ਸਮੇਂ-ਸਮੇਂ 'ਤੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਚੁੱਕੀਆਂ ਹਨ ਤਾਂਕਿ ਇਸ ਦੀ ਪ੍ਰਾਈਮ ਲੋਕੇਸ਼ਨ 'ਤੇ ਸਥਿਤ ਜਗ੍ਹਾ ਨੂੰ ਸਰਕਾਰ ਆਪਣੇ ਅਧੀਨ ਲੈ ਕੇ ਇਸ ਦਾ ਸਹੀ ਇਸਤੇਮਾਲ ਕਰ ਸਕੇ।