ਜਲੰਧਰ ਦੇ ਸੁੰਦਰੀਕਰਨ ਨੂੰ ਲੈ ਕੇ ਪੱਬਾਂ ਭਾਰ ਹੋਇਆ 'ਨਗਰ ਨਿਗਮ', ਕੀਤੀ ਇਸ ਮੁਹਿੰਮ ਦੀ ਸ਼ੁਰੂਆਤ (ਵੀਡੀਓ)

09/16/2020 11:22:23 AM

ਜਲੰਧਰ (ਜ. ਬ.)— ਜਲੰਧਰ ਨਗਰ ਨਿਗਮ ਵੱਲੋਂ ਮੰਗਲਵਾਰ 'ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ' ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਮੇਅਰ ਜਗਦੀਸ਼ ਰਾਜਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਲੋਕਾਂ ਨੂੰ ਕੂੜੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਇਹ ਮੁਹਿੰਮ 15 ਅਕਤੂਬਰ ਤੱਕ ਚੱਲੇਗੀ। 'ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ' ਥ੍ਰੀ-ਆਰ (ਰੀ-ਡਿਊਸ, ਰੀ-ਯੂਜ਼, ਰੀ-ਸਾਈਕਲ) ਕੰਸੈਪਟ 'ਤੇ ਆਧਾਰਿਤ ਹੈ ਅਤੇ ਜੇਕਰ ਲੋਕ ਇਸ 'ਚ ਸਹਿਯੋਗ ਦੇਣ ਤਾਂ ਸ਼ਹਿਰ ਸਵੱਛ ਬਣ ਜਾਵੇਗਾ। ਇਸ ਮੁਹਿੰਮ ਜ਼ਰੀਏ ਜਲੰਧਰ ਵਾਸੀਆਂ ਨੂੰ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੂੜਾ ਸਿਰਫ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ ਹੈ ਅਤੇ ਕੂੜੇ ਦੀ ਸਮੱਸਿਆ ਦੇ ਹੱਲ 'ਚ ਇਕ ਵੱਡੀ ਭੂਮਿਕਾ ਹਰ ਸ਼ਹਿਰ ਵਾਸੀ ਦੀ ਵੀ ਹੈ।
ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੇਅਰ ਜਗਦੀਸ਼ ਰਾਜਾ, ਸਾਰੇ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਦਾ ਬਹੁਤ ਵੱਡਾ ਹੱਥ ਹੈ। ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਇਹ ਹੈ ਕਿ ਸ਼ਹਿਰ ਦੇ ਸਾਰੇ ਪੁਰਾਣੇ ਕੂੜੇ ਦੇ ਡੰਪਾਂ ਨੂੰ ਖਤਮ ਕੀਤਾ ਜਾਵੇ ਅਤੇ ਨਵੇਂ ਡੰਪ ਬਣਾਉਣ ਦੀ ਜ਼ਰੂਰਤ ਨਾ ਪਵੇ। ਇਸ ਕੰਮ ਲਈ ਪੂਰਾ ਨਗਰ ਨਿਗਮ ਸਰਗਰਮ ਹੈ।

ਲੋਕਾਂ ਨੂੰ ਕੂੜੇ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਸਮਝਾਉਣ ਦੇ ਪਿੱਛੇ ਇਹੀ ਕਾਰਨ ਹੈ ਕਿ ਕਿਸੇ ਨਵੇਂ ਡੰਪ ਦੇ ਨਿਰਮਾਣ ਦੀ ਜ਼ਰੂਰਤ ਨਾ ਪਵੇ, ਸਗੋਂ ਲੋਕ ਰੀ-ਸਾਈਕਲਿੰਗ ਆਫ਼ ਪਲਾਸਟਿਕ ਦੀ ਘੱਟ ਵਰਤੋਂ ਬਾਰੇ ਸੋਚਣ 'ਤੇ ਮਜਬੂਰ ਹੋਣ। ਲੋਕ ਆਪਣੇ ਅੰਦਰ ਕ੍ਰਿਏਟੀਵਿਟੀ ਲਿਆ ਕੇ ਕੂੜੇ ਨੂੰ ਰੀ-ਸਾਈਕਲ ਕਰਨ ਅਤੇ ਇਸ ਸਭ ਲਈ ਜਲੰਧਰ ਦੇ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ।

PunjabKesari

ਕਮਿਸ਼ਨਰ ਸ਼ਰਮਾ ਨੇ ਮੁਹਿੰਮ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਟੈਕਨੀਕਲ ਤਰੀਕੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੋਰੋਨਾ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਡੋਰ-ਟੂ-ਡੋਰ ਮੁਹਿੰਮ ਨਹੀਂ ਚਲਾਈ ਜਾ ਸਕਦੀ ਸੀ, ਇਸ ਲਈ ਨਗਰ ਨਿਗਮ ਆਪਣੇ ਸੋਸ਼ਲ ਮੀਡੀਆ ਅਕਾਊਂਟਸ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਦਾ ਸਹਾਰਾ ਲਵੇਗਾ। ਉਕਤ ਅਕਾਊਂਟਸ 'ਤੇ ਇਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਦੀ ਰੋਜ਼ਾਨਾ ਦੀ ਅਪਡੇਟ ਪੋਸਟ ਕੀਤੀ ਜਾਵੇਗੀ। ਦੂਜੇ ਪਾਸੇ ਲੋਕ ਕ੍ਰਿਏਟੀਵਿਟੀ ਨਾਲ ਕੂੜੇ ਦੀ ਰੀ-ਸਾਈਕਲਿੰਗ ਕਰਕੇ ਉਸ ਦੀ ਫੋਟੋ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕਰਕੇ ਨਿਗਮ ਨੂੰ ਟੈਗ ਕਰ ਸਕਦੇ ਹਨ। ਹਰ ਹਫਤੇ ਕੂੜੇ ਦੀ ਵਧੀਆ ਰੀ-ਸਾਈਕਲਿੰਗ ਕਰਨ ਵਾਲੇ ਵਿਅਕਤੀ ਨੂੰ ਚੁਣਿਆ ਜਾਵੇਗਾ ਅਤੇ ਮੁਹਿੰਮ ਦੇ ਅੰਤ 'ਚ ਉਸ ਨੂੰ ਸਨਮਾਨਤ ਕੀਤਾ ਜਾਵੇਗਾ। ਫੇਸਬੁੱਕ 'ਤੇ ਆਪਣੀ ਕ੍ਰਿਏਟੀਵਿਟੀ ਨੂੰ ਟੈਗ ਕਰਨ ਲਈ ਪੋਸਟ 'ਚ ਵਿਅਕਤੀ ਨੂੰ #MyWasteMyResponsibility#cleanUpjalandhar ਲਿਖ ਕੇ ਟੈਗ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ 'ਚ ਐੱਲ. ਪੀ. ਯੂ. ਨੂੰ ਵੀ ਜੋੜਿਆ ਗਿਆ ਹੈ ਅਤੇ ਜਲਦ ਹੋਰ ਸਿੱਖਿਆ ਸੰਸਥਾਵਾਂ ਨੂੰ ਵੀ ਜੋੜਿਆ ਜਾਵੇਗਾ। ਕਮਿਸ਼ਨਰ ਨੇ ਕਿਹਾ ਕਿ ਕੂੜੇ ਨਾਲ ਜੁੜੀਆਂ ਅਜਿਹੀਆਂ ਵੀ ਕੁਝ ਚੀਜ਼ਾਂ ਹੁੰਦੀਆਂ ਹਨ, ਜੋ ਕਿ ਨਗਰ ਨਿਗਮ ਦੇ ਧਿਆਨ 'ਚ ਨਹੀਂ ਆ ਪਾਉਂਦੀਆਂ। ਉਨ੍ਹਾਂ ਅਪੀਲ ਕੀਤੀ ਕਿ ਅਜਿਹੀਆਂ ਚੀਜ਼ਾਂ ਬਾਰੇ ਨਗਰ ਨਿਗਮ ਨੂੰ ਜ਼ਰੂਰ ਜਾਣੂ ਕਰਵਾਇਆ ਜਾਵੇ।

PunjabKesari

ਸ਼ਹਿਰ ਵਾਸੀਆਂ ਦੇ ਸਹਿਯੋਗ ਬਿਨਾਂ ਮੁਹਿੰਮ ਅਧੂਰੀ : ਮੇਅਰ
ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਬਿਨਾਂ ਇਹ ਮੁਹਿੰਮ ਪੂਰੀ ਤਰ੍ਹਾਂ ਅਧੂਰੀ ਹੈ। ਉਨ੍ਹਾਂ ਜਦੋਂ ਤੋਂ ਮੇਅਰ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਕੂੜੇ ਦੀ ਪ੍ਰੋਸੈਸਿੰਗ ਸਬੰਧੀ ਕਾਫ਼ੀ ਚਰਚਾਵਾਂ ਕੀਤੀਆਂ ਹਨ ਅਤੇ ਇਸ ਦਾ ਕੋਈ ਹੱਲ ਕੱਢਣ ਦੀ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਮੁਹਿੰਮ ਉਨ੍ਹਾਂ ਦੀ ਸਫਲ ਕੜੀ ਬਣੇਗੀ ਅਤੇ ਲੋਕ ਕੂੜੇ ਅਤੇ ਉਸ ਦੀ ਰੀ-ਸਾਈਕਲਿੰਗ ਸਬੰਧੀ ਜਾਗਰੂਕ ਹੋਣਗੇ। ਇਸ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਸਕੂਲੀ ਬੱਚਿਆਂ ਨੂੰ ਵੀ ਜੋੜਿਆ ਜਾਵੇਗਾ। ਕੂੜੇ ਤੇ ਰੀ-ਸਾਈਕਲਿੰਗ ਦੇ ਵਿਸ਼ੇ 'ਤੇ ਪੋਸਟਰ ਮੇਕਿੰਗ ਅਤੇ ਕਵਿਤਾਵਾਂ ਵਰਗੀਆਂ ਗਤੀਵਿਧੀਆਂ ਸੋਸ਼ਲ ਮੀਡੀਆ ਜ਼ਰੀਏ ਕਰਵਾਈਆਂ ਜਾਣਗੀਆਂ।

ਬਗੀਚੀ ਬਣਾ ਕੇ ਆਪਣੇ ਦਫ਼ਤਰ ਤੋਂ ਸ਼ੁਰੂ ਕੀਤੀ ਰੀ-ਸਾਈਕਲਿੰਗ
ਨਗਰ ਨਿਗਮ ਨੇ ਲੋਕਾਂ ਨੂੰ ਕੂੜੇ ਦੀ ਰੀ-ਸਾਈਕਲਿੰਗ ਬਾਰੇ ਜਾਗਰੂਕ ਕਰਨ ਲਈ ਆਪਣੇ ਦਫਤਰ ਤੋਂ ਸ਼ੁਰੂ ਕੀਤੀ। ਨਗਰ ਨਿਗਮ ਨੇ ਇਕ ਬਗੀਚੀ ਬਣਾਈ ਅਤੇ ਇਸ 'ਚ ਵੇਸਟ ਚੀਜ਼ਾਂ ਦੀ ਸਹਾਇਤਾ ਨਾਲ ਰੀ-ਸਾਈਕਲਿੰਗ ਪ੍ਰੋਸੈਸ ਕਰਕੇ ਕੁਝ ਕ੍ਰਿਏਟੀਵਿਟੀ ਕਰ ਕੇ ਦਰਸਾਇਆ ਹੈ।
ਇਸ ਮੌਕੇ ਜੁਆਇੰਟ ਕਮਿਸ਼ਨਰ ਅਨਾਇਤ ਗੁਪਤਾ ਨੇ ਦੱਸਿਆ ਕਿ ਕੂੜੇ ਨੂੰ 5 ਭਾਗਾਂ ਪਲਾਸਟਿਕ, ਕਿਚਨ, ਮੈਟਲ ਰਬੜ, ਕਲੋਥ ਤੇ ਪੇਪਰ ਐਂਡ ਵੂਡ 'ਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਜ਼ਰੀਏ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਪਲਾਸਟਿਕ ਦੀ ਵਰਤੋਂ ਕਿਸ ਤਰ੍ਹਾਂ ਘੱਟ ਕਰੀਏ ਤੇ ਉਸ ਦੇ ਵੇਸਟ ਨੂੰ ਕਿਸ ਤਰ੍ਹਾਂ ਰੀ-ਸਾਈਕਲ ਕਰੀਏ। ਬੱਚੇ ਹੋਣ ਜਾਂ ਵੱਡੇ ਸਾਰਿਆਂ ਲਈ ਇਹ ਮੁਹਿੰਮ ਰੌਚਕ ਹੋਵੇਗੀ। ਇਸ ਮੌਕੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।


shivani attri

Content Editor

Related News