ਜਲੰਧਰ ਜ਼ਿਮਨੀ ਚੋਣ 'ਚ CM ਭਗਵੰਤ ਮਾਨ ਦਾ ਚੱਲਿਆ ਜਾਦੂ, 8 ਦਿਨਾਂ ਤੱਕ ਕੀਤਾ ਪ੍ਰਚਾਰ

05/14/2023 3:22:46 PM

ਜਲੰਧਰ (ਸੁਨੀਲ ਧਵਨ)-ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਵੱਲੋਂ ਦਰਜ ਕੀਤੀ ਗਈ ਇਤਿਹਾਸਕ ਜਿੱਤ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਜਲਵਾ ਅਤੇ ਜਾਦੂ ਮੁੜ ਤੋਂ ਵੋਟਰਾਂ ’ਤੇ ਚੱਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਲਗਭਗ 8 ਦਿਨ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਪ੍ਰਚਾਰ ’ਚ ਲਾਏ। ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਪਹਿਲਾਂ ਉਸ ਦਿਨ ਜਲੰਧਰ ਪਹੁੰਚੇ ਸਨ ਜਦੋਂ ਸੁਸ਼ੀਲ ਰਿੰਕੂ ਨੇ ਜਲੰਧਰ ਸੀਟ ’ਤੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਰਿੰਕੂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੇ ਉਸ ਵੇਲੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ, ਜਦੋਂ ਉਨ੍ਹਾਂ ਚੋਣ ਪ੍ਰਚਾਰ ਖ਼ਤਮ ਹੋਣ ਤੋਂ 6 ਦਿਨ ਪਹਿਲਾਂ ਜਲੰਧਰ ’ਚ ਡੇਰੇ ਲਾ ਲਏ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਦਿਹਾਤੀ ਖੇਤਰਾਂ ’ਚ ਰੋਡ ਸ਼ੋਅ ਕੱਢਿਆ, ਜਿਸ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਕੁਝ ਰੋਡ ਸ਼ੋਅ ਤਾਂ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਕੀਤੇ।

ਜਲੰਧਰ ’ਚ ਇਕ ਰੈਲੀ ਉਨ੍ਹਾਂ ਕੇਜਰੀਵਾਲ ਨਾਲ ਮਿਲ ਕੇ ਸੰਯੁਕਤ ਤੌਰ ’ਤੇ ਕੀਤੀ, ਜਿਸ ’ਚ ਉਨ੍ਹਾਂ ਜਲੰਧਰ ’ਚ ਪੀ. ਜੀ. ਆਈ. ਵਰਗਾ ਵੱਡਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ। ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਦੇ ਗੜ੍ਹ ’ਚ ਸੰਨ ਲਗਾਉਣ ’ਚ ਕਾਮਯਾਬੀ ਹਾਸਲ ਕੀਤੀ। ਆਜ਼ਾਦੀ ਤੋਂ ਬਾਅਦ ਜਲੰਧਰ ਤੋਂ ਸੰਸਦ ਮੈਂਬਰ ਚੁਣਨ ਲਈ 19 ਵਾਰ ਚੋਣਾਂ ਹੋਈਆਂ, ਜਿਸ ’ਚ ਵੋਟਰਾਂ ਨੇ 15 ਵਾਰ ਤਾਂ ਕਾਂਗਰਸੀ ਉਮੀਦਵਾਰਾਂ ਨੂੰ ਚੁਣ ਕੇ ਲੋਕ ਸਭਾ ’ਚ ਭੇਜਿਆ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਕ੍ਰਿਸ਼ਮੇ ਕਾਰਨ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ’ਚ ਪਹੁੰਚੇ ਹਨ। ਪੰਜਾਬ ’ਚ ਮਾਰਚ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ 92 ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸੰਗਰੂਰ ਲੋਕ ਸਭਾ ਸੀਟ ’ਤੇ ਹਾਰ ਕਾਰਨ ਜੋ ਸਦਮਾ ਲੱਗਿਆ ਸੀ, ਉਸ ਨਾਲ ਪਾਰਟੀ ਉਭਰ ਕੇ ਸਾਹਮਣੇ ਆ ਗਈ ਹੈ।

ਇਹ ਵੀ ਪੜ੍ਹੋ - ਵਿਸ਼ੇਸ਼ ਇੰਟਰਵਿਊ 'ਚ ਬੋਲੇ ਸੁਸ਼ੀਲ ਰਿੰਕੂ, 8-9 ਮਹੀਨਿਆਂ ਦਾ ਨਹੀਂ, 6 ਸਾਲ ਦਾ ਰੋਡਮੈਪ 'ਤੇ ਵਿਜ਼ਨ ਲੈ ਕੇ ਆਇਆ ਹਾਂ

ਅਜਿਹਾ ਲੱਗਦਾ ਹੈ ਕਿ ਜਲੰਧਰ ਦੇ ਵੋਟਰਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵੀ ਅਸਰ ਪਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਦੌਰਾਨ ਹੀ ਰਵਿਦਾਸੀ ਭਾਈਚਾਰੇ ਨਾਲ ਸਬੰਧਤ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਕੇ ਕਾਂਗਰਸ ਨੂੰ ਝਟਕਾ ਦਿੱਤਾ ਸੀ। ਰਿੰਕੂ ਦੇ ‘ਆਪ’ ’ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸੀ ਆਗੂਆਂ ਨੇ ‘ਆਪ’ ’ਚ ਸ਼ਾਮਲ ਹੋਣ ਦੀ ਝੜੀ ਹੀ ਲੱਗਾ ਦਿੱਤੀ ਸੀ ਅਤੇ ਸਾਰੇ ਕਾਂਗਰਸੀ ਆਗੂ ਮੁੱਖ ਮੰਤਰੀ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਲੱਗੇ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਜ਼ੋਰਦਾਰ ਮੁਹਿੰਮ ਵਿੱਢੀ ਸੀ, ਉਸ ਦਾ ਵੋਟਰਾਂ ’ਤੇ ਅਸਰ ਪੈਣਾ ਸੁਭਾਵਿਕ ਸੀ।

ਜਲੰਧਰ ’ਚ ਹੋਏ ਚਹੁੰ-ਕੋਣੀ ਮੁਕਾਬਲੇ ’ਚ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਕ੍ਰਿਸ਼ਮੇ ਕਾਰਨ ਕਾਂਗਰਸ ਨੂੰ ਹਰਾਉਣ ’ਚ ਕਾਮਯਾਬ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ’ਚ ਜਿਸ ਤਰ੍ਹਾਂ ਡੇਰਾ ਲਗਾਇਆ, ਉਸ ਦਾ ਅਸਰ ਉਨ੍ਹਾਂ ਦੇ ਮੰਤਰੀਆਂ ਤੇ ਵਿਧਾਇਕਾਂ ’ਤੇ ਵੀ ਪਿਆ। ਮੁੱਖ ਮੰਤਰੀ ਦੀ ਮੌਜੂਦਗੀ ਕਾਰਨ ਉਨ੍ਹਾਂ ਦੇ ਵਿਧਾਇਕਾਂ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਜ਼ਮੀਨੀ ਪੱਧਰ ’ਤੇ ਬਣਾਈਆਂ ਗਈਆਂ ਟੀਮਾਂ ਵੀ ਕੰਮ ਕਰਦੀਆਂ ਰਹੀਆਂ। ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ’ਚ ‘ਆਪ’ ਨੇ ਜੋ ਗਲਤੀ ਦੁਹਰਾਈ ਸੀ, ਉਸੇ ਜਲੰਧਰ ਉਪ ਚੋਣ ’ਚ ਨਹੀਂ ਦੁਹਰਾਇਆ ਹੈ। ਕਿਉਂਕਿ ਆਮ ਆਦਮੀ ਪਾਰਟੀ ਦੀ ਅਗਵਾਈ ਨੂੰ ਪਤਾ ਸੀ ਕਿ ਜੇਕਰ ਉਹ ਇਹ ਉਪ ਚੋਣ ਹਾਰ ਗਏ ਤਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਉਹ ਦੌੜ ਤੋਂ ਬਾਹਰ ਹੋ ਜਾਣਗੇ।

ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

ਵਿੱਤ ਮੰਤਰੀ ਹਰਪਾਲ ਚੀਮਾ ਦਾ ਵੀ ਕੱਦ ਵਧਿਆ
ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕੱਦ ਵੀ ਵਧ ਗਿਆ ਹੈ। ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਤਰਫੋਂ ਮੁੱਖ ਮੰਤਰੀ ਨੇ ਜਲੰਧਰ ਲੋਕ ਸਭਾ ਸੀਟ ਦਾ ਇੰਚਾਰਜ ਨਿਯੁਕਤ ਕੀਤਾ ਸੀ। ਹਰਪਾਲ ਚੀਮਾ ਵੀ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਜਲੰਧਰ ’ਚ ਡੇਰੇ ਲਾਏ ਹੋਏ ਹਨ। ਹਰਪਾਲ ਚੀਮਾ ਨੇ ਜਲੰਧਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਲਗਾਤਾਰ ਦੌਰਾ ਕੀਤਾ ਅਤੇ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਮੰਤਰੀਆਂ ਨਾਲ ਲਗਾਤਾਰ ਸੰਪਰਕ ਬਣਾਏ ਰੱਖਿਆ। ਹਰਪਾਲ ਚੀਮਾ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਪਰਕ ’ਚ ਰਹੇ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਫੀਡਬੈਕ ਦਿੰਦੇ ਰਹੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News