ਕਾਂਗਰਸ ਦੇ ਗੜ੍ਹ 'ਤੇ 'ਆਪ' ਦਾ ਕਬਜ਼ਾ, ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਦਰਜ ਕਰਕੇ ਰਚਿਆ ਇਤਿਹਾਸ

Saturday, May 13, 2023 - 05:15 PM (IST)

ਕਾਂਗਰਸ ਦੇ ਗੜ੍ਹ 'ਤੇ 'ਆਪ' ਦਾ ਕਬਜ਼ਾ, ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਦਰਜ ਕਰਕੇ ਰਚਿਆ ਇਤਿਹਾਸ

ਜਲੰਧਰ (ਵੈੱਬ ਡੈਸਕ)- 10 ਮਈ ਹੋਈ ਜਲੰਧਰ ਜ਼ਿਮਨੀ ਚੋਣ ਵਿਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ।  'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ 60 ਹਜ਼ਾਰ ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਹੈ।‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ 302279 ਵੋਟਾਂ ਹਾਸਲ ਕਰ ਕੇ ਆਪਣੀ ਵਿਰੋਧੀ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ 58691 ਵੋਟਾਂ ਦੇ ਵੱਡੇ ਅੰਤਰ ਨਾਲ ਸ਼ਿਕਸਤ ਦਿੱਤੀ, ਜਦਕਿ ਅਕਾਲੀ ਦਲ-ਬਸਪਾ ਗੱਠਜੋੜ ਉਮੀਦਵਾਰ ਡਾ. ਸੁਖਵਿੰਦਰ ਸੁੱਖੀ 158445 ਵੋਟਾਂ ਲੈ ਕੇ ਤੀਜੇ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ 134800 ਵੋਟਾਂ ਹਾਸਲ ਕਰ ਕੇ ਚੌਥੇ ਨੰਬਰ ’ਤੇ ਰਹੇ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 243588 ਵੋਟਾਂ ਪਈਆਂ। ਇਸ ਦੇ ਨਾਲ ਹੀ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਲੋਕ ਸਭਾ ਸੀਟ 'ਤੇ ਵੱਡੀ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ। ਕਾਂਗਰਸ ਪਿਛਲੀ ਚੋਣਾਂ ਦੌਰਾਨ 4 ਵਾਰ ਤੋਂ ਇਸ ਸੀਟ 'ਤੇ ਜਿੱਤ ਹਾਸਲ ਕਰਦੀ ਆ ਰਹੀ ਸੀ। ਕਾਂਗਰਸ ਦੇ ਇਸ ਗੜ੍ਹ 'ਚ 'ਆਪ' ਸ਼ੁਰੂ ਤੋਂ ਹੀ ਅੱਗੇ ਚੱਲ ਰਹੀ ਸੀ। ‘ਆਪ’ ਉਮੀਦਵਾਰ ਰਿੰਕੂ ਦੇ ਘਰ ਵੀ ਵਰਕਰਾਂ ਦਾ ਇਕੱਠ ਸ਼ੁਰੂ ਹੋ ਗਿਆ ਹੈ। ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ ਅਤੇ ਲੋਕਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। 

ਚੋਣ ਜਿੱਤ ਕੇ ਸੁਸ਼ੀਲ ਰਿੰਕੂ ਜਲੰਧਰ ਦੇ ਨਵੇਂ ਸੰਸਦ ਮੈਂਬਰ ਬਣੇ ਹਨ ਅਤੇ ਰਿੰਕੂ ਜ਼ਰੀਏ ਹੀ ‘ਆਪ’ ਨੇ ਲੋਕ ਸਭਾ ’ਚ ਆਪਣੀ ਦੋਬਾਰਾ ਐਂਟਰੀ ਮਾਰੀ ਹੈ। ਜ਼ਿਮਨੀ ਚੋਣ ’ਚ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀਆਂ ਅਰਵਿੰਦ ਧੂਮਲ, ਗਜੇਂਦਰ ਸ਼ੇਖਾਵਤ, ਸੋਮ ਪ੍ਰਕਾਸ਼, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਕਈ ਕੱਦਾਵਰਾਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ’ਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ। 10 ਮਈ ਨੂੰ ਜ਼ਿਮਨੀ ਚੋਣ ’ਚ ਪੋਲਿੰਗ ਦੌਰਾਨ ਜ਼ਿਲੇ ਦੇ ਕੁੱਲ 1621600 ਵੋਟਰਾਂ ’ਚੋਂ ਸਿਰਫ਼ 54.5 ਫੀਸਦੀ ਵੋਟਰਾਂ ਨੇ ਵੋਟਿੰਗ ’ਚ ਹਿੱਸਾ ਲਿਆ।

ਹੁਣ ਤੱਕ ਦੇ ਰੁਝਾਨ, 3 ਲੱਖ ਤੋਂ ਵਧੇਰੇ ਪਈਆਂ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟਾਂ 
ਸੁਸ਼ੀਲ ਰਿੰਕੂ (ਆਪ)- 302279 ਵੋਟਾਂ 
ਕਰਮਜੀਤ ਕੌਰ ਚੌਧਰੀ (ਕਾਂਗਰਸ)- 243588
ਸੁਖਵਿੰਦਰ ਸੁੱਖੀ (ਅਕਾਲੀ ਦਲ)- 158445

ਇੰਦਰ ਇਕਬਾਲ ਅਟਵਾਲ (ਭਾਜਪਾ)- 134800

ਇਹ ਖ਼ਬਰ ਵੀ ਪੜ੍ਹੋ - ਜਿੱਤ ਦੇ ਕਰੀਬ ਪਹੁੰਚੀ 'ਆਪ', ਜਲੰਧਰ ਦੀਆਂ ਸੜਕਾਂ 'ਤੇ ਜਸ਼ਨ, ਢੋਲ ਦੀ ਥਾਪ 'ਤੇ ਪੈ ਰਹੇ ਭੰਗੜੇ (ਵੀਡੀਓ)

10 ਵਜੇ ਤੱਕ ਦਾ ਰੁਝਾਨ
ਸੁਸ਼ੀਲ ਰਿੰਕੂ- 91072 ਵੋਟਾਂ 
ਕਰਮਜੀਤ ਕੌਰ ਚੌਧਰੀ- 77076
ਸੁਖਵਿੰਦਰ ਸੁੱਖੀ- 42763
ਇੰਦਰ ਇਕਬਾਲ ਅਟਵਾਲ-  48918

10.10 ਵਜੇ ਤੱਕ ਦਾ ਰੁਝਾਨ 
ਸੁਸ਼ੀਲ ਰਿੰਕੂ- 105257 ਵੋਟਾਂ 
ਕਰਮਜੀਤ ਕੌਰ ਚੌਧਰੀ- 88690    
ਸੁਖਵਿੰਦਰ ਸੁੱਖੀ- 51303
ਇੰਦਰ ਇਕਬਾਲ ਅਟਵਾਲ-  56599

9 ਵਜੇ ਤੱਕ ਦਾ ਰੁਝਾਨ
ਸੁਸ਼ੀਲ ਰਿੰਕੂ- 77439 ਵੋਟਾਂ 
ਕਰਮਜੀਤ ਕੌਰ ਚੌਧਰੀ- 68115
ਸੁਖਵਿੰਦਰ ਸੁੱਖੀ- 35857
ਇੰਦਰ ਇਕਬਾਲ ਅਟਵਾਲ-  42379

ਅੱਜ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਅਤੇ ਸਪੋਰਟਸ ਕਾਲਜ ਕਪੂਰਥਲਾ ਰੋਡ ’ਚ ਬਣਾਏ ਗਏ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਕਾਊਂਟਿੰਗ ਸੈਂਟਰਾਂ ’ਚ ਸਵੇਰੇ 7.30 ਦੇ ਕਰੀਬ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਕਿਸੇ ਵੀ ਵਿਅਕਤੀ ਨੂੰ ਬਿਨਾਂ ਇਜਾਜ਼ਤ ਕਾਊਂਟਿੰਗ ਸੈਂਟਰ ’ਚ ਦਾਖਲ ਨਹੀਂ ਹੋਣ ਦਿੱਤਾ ਅਤੇ ਮੋਬਾਇਲ ਅੰਦਰ ਲਿਜਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਸੀ। ਇਸ ਤੋਂ ਇਲਾਵਾ ਅਧਿਕਾਰਤ ਵਿਅਕਤੀ ਤੋਂ ਬਿਨਾਂ ਕਿਸੇ ਨੂੰ ਵੀ ਹਥਿਆਰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਸੀ, ਜਿਸ ਕਾਰਨ ਸਾਰੀਆਂ ਪਾਰਟੀਆਂ ਦੇ ਸਿਰਫ਼ ਉਮੀਦਵਾਰ ਅਤੇ ਕਾਊਂਟਿੰਗ ਏਜੰਟਾਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ, ਜਦਕਿ ਸਾਰੀਆਂ ਪਾਰਟੀਆਂ ਦੇ ਸਮਰਥਕ ਬਾਹਰ ਖੜ੍ਹੇ ਹੋ ਕੇ ਬੇਸਬਰੀ ਨਾਲ ਨਤੀਜਿਆਂ ਦੇ ਆਉਣ ਦੀ ਉਡੀਕ ਕਰਦੇ ਰਹੇ।

ਸਭ ਤੋਂ ਪਹਿਲਾਂ ਸਵੇਰੇ 7.30 ਵਜੇ ਦੇ ਕਰੀਬ ਪੋਸਟਲ ਬੈਲੇਟ ਦੀ ਗਿਣਤੀ ਹੋਈ, ਜਿਸ ਤੋਂ ਬਾਅਦ 8 ਵਜੇ ਈ. ਵੀ. ਐੱਮਜ਼ ਨੂੰ ਖੋਲ੍ਹਿਆ ਗਿਆ। ਚੋਣ ਨਤੀਜਿਆਂ ਦੇ ਪਹਿਲੇ ਰੁਝਾਨ ’ਚ ਹੀ ਸੁਸ਼ੀਲ ਰਿੰਕੂ ਦੀ ਅਜਿਹੀ ਬੜ੍ਹਤ ਬਣੀ ਕਿ ਆਖਰੀ ਦੌਰ ਦੀ ਵੋਟਾਂ ਦੀ ਗਿਣਤੀ ਤੱਕ ਉਨ੍ਹਾਂ ਦੀ ਲੀਡ ਦਾ ਗ੍ਰਾਫ਼ ਲਗਾਤਾਰ ਵਧਦਾ ਹੀ ਰਿਹਾ। ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ ਅਤੇ ਭਾਜਪਾ ਦੇ ਉਮੀਦਵਾਰ ਉਨ੍ਹਾਂ ਦੇ ਮਾਰਜਨ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਪਾ ਰਹੇ ਸਨ, ਜਿਸ ਕਾਰਨ ਜਿੱਤ ਲਗਭਗ ਇਕਤਰਫਾ ਹੁੰਦੀ ਗਈ। ਰਿੰਕੂ ਦੀ ਜਿੱਤ ਦਾ ਪਤਾ ਲੱਗਦੇ ਹੀ ਕਾਊਂਟਿੰਗ ਸੈਂਟਰ ਦੇ ਬਾਹਰ ਖੜ੍ਹੇ ‘ਆਪ’ ਆਗੂਆਂ ਤੇ ਵਰਕਰਾਂ ਨੇ ਢੋਲ ਦੀ ਥਾਪ ’ਤੇ ਜੰਮ ਕੇ ਜਸ਼ਨ ਮਨਾਇਆ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਰਿੰਕ ਦੇ ਬਾਹਰ ਆਉਂਦੇ ਹੀ ਰੋਡ ਸ਼ੋਅ ਕੱਢ ਕੇ ਵੋਟਰਾਂ ਦਾ ਸ਼ੁਕਰੀਆ ਅਦਾ ਕੀਤਾ। ਸੁਸ਼ੀਲ ਰਿੰਕੂ ਨੇ ਕਿਹਾ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਦੀ ਇਹ ਜਿੱਤ ਹੋਈ ਹੈ।

ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਅਤੇ ਉਹ ਪੰਜਾਬ ਨਾਲ ਸਬੰਧਤ ਮੁੱਦਿਆਂ ਅਤੇ ਜਲੰਧਰ ਦੇ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਲੋਕ ਸਭਾ ’ਚ ਆਵਾਜ਼ ਉਠਾਉਣਗੇ। ਰਿੰਕੂ ਨੇ ਕਿਹਾ ਕਿ ਆਦਮਪੁਰ ਏਅਰਪੋਰਟ ਨੂੰ ਸ਼ੁਰੂ ਕਰਨ, ਆਦਮਪੁਰ ’ਚ ਫਲਾਈਓਵਰ ਅਤੇ ਸੜਕ ਦਾ ਨਿਰਮਾਣ ਕਰਵਾਉਣਾ, ਨੈਸ਼ਨਲ ਹਾਈਵੇਅ ਅਤੇ ਇੰਡਸਟਰੀ ਲਈ ਕੇਂਦਰ ਨਾਲ ਸਬੰਧਤ ਮਸਲਿਆਂ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਆਮ ਜਨਤਾ ਤੱਕ ਲਾਭ ਪਹੁੰਚਾਉਣ ’ਤੇ ਕੰਮ ਕਰਨਗੇ ਤੇ ਸਾਰੇ ਵਰਗਾਂ ਦੀਆਂ ਦਿੱਕਤਾਂ ਦਾ ਹੱਲ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਭਾਵੇਂ ਅਜੇ ਉਨ੍ਹਾਂ ਨੂੰ 11 ਮਹੀਨੇ ਮਿਲੇ ਹਨ ਪਰ ਇੰਨੇ ਸਮੇਂ ’ਚ ਵੀ ਉਨ੍ਹਾਂ ’ਚ ਬਹੁਤ ਕੁਝ ਕਰ ਵਿਖਾਉਣ ਦਾ ਜਜ਼ਬਾ ਹੈ ਅਤੇ ਉਹ ਇਸ ’ਚ ਸਫ਼ਲਤਾ ਹਾਸਲ ਕਰ ਕੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ। ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ’ਤੇ ਸਾਲ 1999 ਤੋਂ ਕਾਂਗਰਸ ਦਾ ਕਬਜ਼ਾ ਚਲਿਆ ਆ ਰਿਹਾ ਸੀ। ‘ਆਪ’ਦੇ ਸੁਸ਼ੀਲ ਕੁਮਾਰ ਰਿੰਕੂ ਦੇ ਚੋਣ ਜਿੱਤਣ ਨਾਲ ਕਾਂਗਰਸ ਦਾ ਗੜ੍ਹ ਪੂਰੀ ਤਰ੍ਹਾਂ ਢਹਿ ਗਿਆ ਹੈ। ਇਸ ਤੋਂ ਇਲਾਵਾ ਲੋਕ ਸਭਾ ’ਚ ਪੰਜਾਬ ਤੋਂ ਆਮ ਆਦਮੀ ਪਾਰਟੀ ਦਾ ਫਿਰ ਤੋਂ ਖਾਤਾ ਖੁੱਲ੍ਹ ਗਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਿਰਫ ਭਗਵੰਤ ਮਾਨ ਹੀ ਲੋਕ ਸਭਾ ’ਚ ਸੰਸਦ ਮੈਂਬਰ ਸਨ ਪਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਸੰਗਰੂਰ ਲੋਕ ਸਭਾ ਦੀ ਖਾਲੀ ਹੋਈ ਸੀਟ ’ਤੇ ‘ਆਪ’ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

‘ਆਪ’ ਨੇ 9 ’ਚੋਂ 7 ਵਿਧਾਨ ਸਭਾ ਹਲਕਿਆਂ ’ਚ ਬਣਾਈ ਬੜ੍ਹਤ
ਫਿਲੌਰ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਵੀ ਆਪਣੀ ਮਾਂ ਨੂੰ ਨਹੀਂ ਦਿਵਾ ਸਕੇ ਬੜ੍ਹਤ

ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਲਈ ਰਾਹਤ ਦੀ ਖ਼ਬਰ ਰਹੀ ਕਿ ਉਨ੍ਹਾਂ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਵੈਸਟ, ਕੈਂਟ, ਸ਼ਾਹਕੋਟ, ਫਿਲੌਰ, ਨਕੋਦਰ, ਕਰਤਾਰਪੁਰ ਅਤੇ ਆਦਮਪੁਰ ਵਿਧਾਨ ਸਭਾ ਹਲਕਿਆਂ ’ਚ ਬੜ੍ਹਤ ਮਿਲੀ, ਜਦੋਂ ਕਿ ਜਲੰਧਰ ਨਾਰਥ ਅਤੇ ਸੈਂਟਰਲ ਵਿਧਾਨ ਸਭਾ ਹਲਕਿਆਂ ’ਚ ਕਾਂਗਰਸ ਸਾਖ ਬਚਾਉਣ ਵਿਚ ਸਫ਼ਲ ਰਹੀ, ਹਾਲਾਂਕਿ ਫਿਲੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਆਪਣੀ ਮਾਂ ਅਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਬੜ੍ਹਤ ਦਿਵਾਉਣ ’ਚ ਸਫ਼ਲ ਸਾਬਤ ਨਹੀਂ ਹੋ ਸਕੇ।
 

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ : ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਮਿਲੀ ਵੱਡੀ ਲੀਡ, 16579 ਵੋਟਾਂ ਨਾਲ ਅੱਗੇ

 

 


author

shivani attri

Content Editor

Related News