ਅਮਨ ਗਾਇਬ ਸ਼ਾਂਤੀ ਭੰਗ, ਖਾਕੀ ਦੇ ਸਿਰ ਚੜ੍ਹ ਬੋਲ ਰਹੇ ਮੁਲਜ਼ਮ, ਕ੍ਰਾਈਮ ਸਿਟੀ ਬਣ ਰਿਹਾ ਜਲੰਧਰ

Saturday, Aug 05, 2023 - 12:02 PM (IST)

ਅਮਨ ਗਾਇਬ ਸ਼ਾਂਤੀ ਭੰਗ, ਖਾਕੀ ਦੇ ਸਿਰ ਚੜ੍ਹ ਬੋਲ ਰਹੇ ਮੁਲਜ਼ਮ, ਕ੍ਰਾਈਮ ਸਿਟੀ ਬਣ ਰਿਹਾ ਜਲੰਧਰ

ਜਲੰਧਰ (ਵਰੁਣ)–ਪਿਛਲੇ ਕੁਝ ਸਮੇਂ ਤੋਂ ਜੋ ਕੁਝ ਸ਼ਹਿਰ ਵਿਚ ਚੱਲ ਰਿਹਾ ਹੈ, ਉਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਸਾਡਾ ਜਲੰਧਰ ਕ੍ਰਾਈਮ ਸਿਟੀ ਬਣ ਰਿਹਾ ਹੈ। ਸ਼ਹਿਰ ਵਿਚੋਂ ਅਮਨ ਗਾਇਬ ਹੈ ਅਤੇ ਸ਼ਾਂਤੀ ਭੰਗ ਹੋ ਚੁੱਕੀ ਹੈ। ਕਤਲ, ਗੋਲ਼ੀ ਕਾਂਡ, ਲੁੱਟ ਕਾਂਡ, ਸਨੈਚਿੰਗ ਅਤੇ ਜਾਨਲੇਵਾ ਹਮਲੇ ਹੋਣ ਤੋਂ ਸਾਫ਼ ਹੈ ਕਿ ਮੁਲਜ਼ਮ ਖਾਕੀ ਦੇ ਸਿਰ ’ਤੇ ਚੜ੍ਹ ਕੇ ਬੋਲ ਰਹੇ ਹਨ ਅਤੇ ਸੁਰੱਖਿਆ ਪ੍ਰਬੰਧਾਂ ਦੀ ਕਮਰ ਟੁੱਟ ਗਈ ਹੈ।

ਇਕ ਪਾਸੇ ਸ਼ਹਿਰ ਵਿਚ ਪੁਲਸ ਅਧਿਕਾਰੀਆਂ ਦੀ ਲਾਈਨ ਲੱਗੀ ਹੋਈ ਹੈ, ਜਿਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਹੈ ਪਰ ਗਰਾਊਂਡ ਲੈਵਲ ’ਤੇ ਇਸ ਦਾ ਕੁਝ ਅਸਰ ਵਿਖਾਈ ਨਹੀਂ ਦੇ ਰਿਹਾ। ਕਾਰਨ ਇਹ ਹੈ ਕਿ ਥਾਣਿਆਂ ਵਿਚ ਪੁਲਸ ਮੁਲਾਜ਼ਮਾਂ ਦੀ ਨਫ਼ਰੀ ਪੂਰੀ ਨਹੀਂ ਹੈ ਅਤੇ ਮੁਲਾਜ਼ਮਾਂ ਦੇ ਸੇਵਾਮੁਕਤ ਹੋਣ ਦਾ ਸਿਲਸਿਲਾ ਜਾਰੀ ਹੈ। ਵਧੇਰੇ ਵਾਰਦਾਤਾਂ ਟਰੇਸ ਨਹੀਂ ਹੋ ਰਹੀਆਂ ਅਤੇ ਰੋਜ਼ਾਨਾ ਲਗਾਤਾਰ ਨਵੀਆਂ-ਨਵੀਆਂ ਵਾਰਦਾਤਾਂ ਵੇਖਣ ਨੂੰ ਮਿਲ ਰਹੀਆਂ ਹਨ।
ਸ਼ੁੱਕਰਵਾਰ ਦੀ ਹੀ ਗੱਲ ਕਰੀਏ ਤਾਂ ਸੰਤੋਖਪੁਰਾ ਵਿਚ ਟੇਲਰ ਦਾ ਕਤਲ ਅਤੇ ਫਿਰ ਜਲੰਧਰ ਕੈਂਟ ਦੇ ਇਲਾਕੇ ਅੰਦਰ ਘਰ ਵਿਚ ਦਾਖ਼ਲ ਹੋ ਕੇ ਔਰਤ ਦੀ ਚੇਨ ਲੁੱਟਣ ਦੀਆਂ ਵਾਰਦਾਤਾਂ ਨੇ ਪੁਲਸ ਤੰਤਰ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ, ਹਾਲਾਂਕਿ ਕਤਲ ਦੀ ਵਾਰਦਾਤ ਨੂੰ ਪੁਲਸ ਟਰੇਸ ਕਰ ਲਿਆ ਸੀ। ਸ਼ਹਿਰ ਦੇ ਹਾਲਾਤ ਨੂੰ ਲੈ ਕੇ ਜਦੋਂ ਡੀ. ਸੀ. ਪੀ. ਲਾਅ ਐਂਡ ਆਰਡਰ ਆਈ. ਪੀ. ਐੱਸ.ਅੰਕੁਰ ਗੁਪਤਾ ਨਾਲ ਗੱਲ ਕਰਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਵਾਰਦਾਤਾਂ ਹੀ ਵਾਰਦਾਤਾਂ
* ਵਾਹਨਾਂ ਦੀ ਚੋਰੀ, ਸਨੈਚਿੰਗ, ਘਰਾਂ ਤੇ ਦੁਕਾਨਾਂ ਵਿਚ ਚੋਰੀਆਂ ਆਮ ਵਾਰਦਾਤਾਂ ਹੋਣ ਲੱਗੀਆਂ ਹਨ। ਇੰਡਸਟਰੀਅਲ ਏਰੀਆ ਵਿਚ 22 ਜੂਨ ਨੂੰ ਫਲਿਪਕਾਰਟ ਵਿਚ ਦਾਖਲ ਹੋ ਕੇ 2 ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਸਟਾਫ ਨੂੰ ਬੰਦੀ ਬਣਾ ਕੇ ਨਕਦੀ ਅਤੇ ਮੋਬਾਇਲ ਫੋਨ ਲੁੱਟ ਲਏ ਸਨ। ਥਾਣਾ ਨੰਬਰ 8 ਵਿਚ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ।
* 18 ਜੁਲਾਈ ਨੂੰ ਮੁਹੱਲਾ ਗੋਬਿੰਦਗੜ੍ਹ ਵਿਚ ਕੇਬਲ ਆਪ੍ਰੇਟਰ ’ਤੇ ਹਮਲਾ, ਜਿਸ ਤੋਂ ਬਾਅਦ ਆਪ੍ਰੇਟਰ ਨੇ ਸੈਲਫ ਡਿਫੈਂਸ ਵਿਚ ਗੋਲੀਆਂ ਚਲਾਈਆਂ ਤਾਂ ਮੁਲਜ਼ਮਾਂ ਨੇ ਉਸਦੀ ਰਿਵਾਲਵਰ ਖੋਹ ਕੇ ਫਾਇਰਿੰਗ ਕਰ ਕੇ ਲਾਅ ਐਂਡ ਆਰਡਰ ਦੀ ਸਥਿਤੀ ਦਾ ਮਜ਼ਾਕ ਬਣਾ ਦਿੱਤਾ ਸੀ, ਹਾਲਾਂਕਿ ਪੁਲਸ ਨੇ ਮੁਲਜ਼ਮ਼ਾਂ ਨੂੰ ਕੁਝ ਸਮੇਂ ਵਿਚ ਗ੍ਰਿਫ਼ਤਾਰ ਵੀ ਕਰ ਲਿਆ ਸੀ।
* 21 ਜੁਲਾਈ ਨੂੰ ਪਠਾਨਕੋਟ ਚੌਕ ਵਿਚ 2 ਧਿਰਾਂ ਵਿਚ ਟਕਰਾਅ ਦੌਰਾਨ ਇਕ ਧਿਰ ਨੇ ਸ਼ਰੇਆਮ ਗੋਲੀਆਂ ਚਲਾਈਆਂ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਪਰ ਅਜੇ ਤਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋ ਸਕੇ ਹਨ।
* 27 ਜੁਲਾਈ ਨੂੰ ਅਰਬਨ ਅਸਟੇਟ ਦੇ ਰੈਸਟੋਰੈਂਟ ’ਚ ਖੂਨੀ ਝੜਪ ਹੋਈ।
* 28 ਜੁਲਾਈ ਨੂੰ ਲੱਧੇਵਾਲੀ ਵਿਚ ਗੋਲੀ ਚੱਲਣ ਨਾਲ ਹੜਕੰਪ ਮਚ ਗਿਆ ਸੀ।
* 1 ਅਗਸਤ ਨੂੰ ਪਰਾਗਪੁਰ ਹਾਈਵੇ ’ਤੇ ਮੱਕੜ ਮੋਟਰਜ਼ ਵਿਚ ਗੰਨ ਪੁਆਇੰਟ ’ਤੇ ਲੁੱਟ ਹੋ ਗਈ।
* 3 ਅਗਸਤ ਨੂੰ ਗੀਤਾ ਮੰਦਿਰ ਦੇ ਪੁਜਾਰੀ ਨਾਲ ਮਿੱਠਾਪੁਰ ਰੋਡ ’ਤੇ ਲੁੱਟ ਹੋਈ।

ਕ੍ਰਾਈਮ ਕੰਟਰੋਲ ਕਰਨ ਲਈ ਮੀਟਿੰਗ ਸਿਰਫ਼ ਕਾਗਜ਼ੀ ਕਾਰਵਾਈ
ਕਮਿਸ਼ਨਰੇਟ ਪੁਲਸ ਕੁਝ ਸਮੇਂ ਤੋਂ ਕ੍ਰਾਈਮ ਕੰਟਰੋਲ ਲਈ ਮੀਟਿੰਗ ਬੁਲਾ ਰਹੀ ਹੈ ਪਰ ਉਸ ਦਾ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ। ਗਲੀਆਂ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਮੁਲਜ਼ਮ ਬੇਲਗਾਮ ਹੋ ਰਹੇ ਹਨ ਅਤੇ ਕ੍ਰਾਈਮ ਕੰਟਰੋਲ ਹੋਣ ਦਾ ਨਾਂ ਨਹੀਂ ਲੈ ਰਿਹਾ। ਅਕਸਰ ਪੁਲਸ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਜਲੰਧਰ ਨੂੰ ਕ੍ਰਾਈਮ ਸਿਟੀ ਫ੍ਰੀ ਬਣਾਉਣਗੇ ਪਰ ਹਕੀਕਤ ਇਸ ਦੇ ਉਲਟ ਵਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ: ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ

ਸ਼ਹਿਰ ਦੇ ਅਜਿਹੇ ਹਾਲਾਤ ਮੈਂ ਕਦੀ ਨਹੀਂ ਵੇਖੇ: ਸੁਦੇਸ਼ ਵਿਜ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਦੇਸ਼ ਵਿਜ ਦਾ ਕਹਿਣਾ ਹੈ ਕਿ ਇਸ ਸਮੇਂ ਸ਼ਹਿਰ ਦੇ ਜੋ ਹਾਲਾਤ ਬਣ ਚੁੱਕੇ ਹਨ, ਉਹ ਉਨ੍ਹਾਂ ਪਹਿਲਾਂ ਕਦੀ ਨਹੀਂ ਦੇਖੇ। ਉਨ੍ਹਾਂ ਕਿਹਾ ਕਿ ਥਾਣਿਆਂ ਵਿਚ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਕ੍ਰਾਈਮ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। ਸੁਦੇਸ਼ ਵਿਜ ਨੇ ਕਿਹਾ ਕਿ ਇਸ ਸਮੇਂ ਥਾਣਿਆਂ ਵਿਚ ਨਫਰੀ ’ਤੇ ਧਿਆਨ ਦਿੱਤਾ ਜਾਵੇ ਅਤੇ ਵਧੀਆ ਇਨਵੈਸਟੀਗੇਸ਼ਨ ਕਰਨ ਵਾਲੇ ਮੁਲਾਜ਼ਮਾਂ ਨੂੰ ਗਰਾਊਂਡ ਲੈਵਲ ’ਤੇ ਉਤਾਰਿਆ ਜਾਵੇ।

ਸ਼ਹਿਰ ’ਚ ਕ੍ਰਾਈਮ ਦੇ ਨਾਲ ਨਸ਼ਾ ਸਮੱਗਲਿੰਗ ਵੀ ਨਹੀਂ ਹੋ ਰਹੀ ਕੰਟਰੋਲ: ਐਡਵੋਕੇਟ ਹਨੀ ਕੰਬੋਜ
ਐਡਵੋਕੇਟ ਅਤੇ ਭਾਜਪਾ ਦੇ ਨੌਜਵਾਨ ਆਗੂ ਹਨੀ ਕੰਬੋਜ ਨੇ ਕਿਹਾ ਕਿ ਸ਼ਹਿਰ ਵਿਚ ਜੁਰਮ ਤਾਂ ਵਧਿਆ ਹੀ ਹੈ, ਇਸਦੇ ਨਾਲ ਨਸ਼ਿਆਂ ਦੀ ਸਮੱਗਲਿੰਗ ਦੀ ਵੀ ਲਗਾਮ ਨਹੀਂ ਕੱਸੀ ਜਾ ਰਹੀ। ਕਈ ਅਜਿਹੇ ਪੁਆਇੰਟਸ ਹਨ, ਜਿਥੇ ਰੋਜ਼ਾਨਾ ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਸਨੈਚਰ ਤੜਕੇ ਜਾਂ ਫਿਰ ਰਾਤ ਦੇ ਸਮੇਂ ਲੋਕਾਂ ਨਾਲ ਲੁੱਟਖੋਹ ਕਰਦੇ ਹਨ ਅਤੇ ਉਸ ਦੇ ਬਾਵਜੂਦ ਉਕਤ ਇਲਾਕਿਆਂ ਵਿਚ ਪੈਟਰੋਲਿੰਗ ਜ਼ੀਰੋ ਹੈ।

ਇਹ ਵੀ ਪੜ੍ਹੋ- ਕੁੜੀ ਨੂੰ ਥਾਰ 'ਤੇ ਸਟੰਟਬਾਜ਼ੀ ਪਈ ਮਹਿੰਗੀ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਕੱਸਿਆ ਸ਼ਿਕੰਜਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News