ਜੇਕਰ ਹੋ ਸਕਦੀ ਹੈ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਤਾਂ RDX ਦੀ ਐਂਟਰੀ ਮੁਸ਼ਕਲ ਨਹੀਂ!
Friday, Feb 22, 2019 - 12:12 PM (IST)
ਜਲੰਧਰ(ਜ.ਬ.)— ਕੈਂਟ ਵਿਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜੇਕਰ ਕੈਂਟ ਵਿਚ ਨਾਜਾਇਜ਼ ਸ਼ਰਾਬ ਦਾਖਲ ਹੋ ਸਕਦੀ ਹੈ ਤਾਂ ਆਰ. ਡੀ. ਐਕਸ. ਤੇ ਹੋਰ ਹਥਿਆਰਾਂ ਦੀ ਐਂਟਰੀ ਹੋਣਾ ਵੀ ਮੁਸ਼ਕਲ ਨਹੀਂ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਂਟ ਖਤਰੇ ਦੇ ਸਾਏ ਹੇਠ ਹੈ। ਜ਼ਿਕਰਯੋਗ ਹੈ ਕਿ ਕੈਂਟ ਵਿਚ ਹਰ ਐਂਟਰੀ 'ਤੇ ਆਰਮੀ ਦਾ ਪਹਿਰਾ ਹੁੰਦਾ ਹੈ ਤੇ ਇਸਦੇ ਬਾਵਜੂਦ ਵੀ ਜੇਕਰ ਕੋਈ ਨਾਜਾਇਜ਼ ਚੀਜ਼ ਕੈਂਟ ਵਿਚ ਦਾਖਲ ਹੁੰਦੀ ਹੈ ਤਾਂ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਣਾ ਲਾਜ਼ਮੀ ਹੈ। ਐਂਟਰੀ ਪੁਆਇੰਟਾਂ 'ਤੇ ਆਰਮੀ ਜਵਾਨਾਂ ਵਲੋਂ ਹਰ ਵਾਹਨ ਚਾਲਕ ਦਾ ਪਛਾਣ ਪੱਤਰ ਚੈੱਕ ਕੀਤਾ ਜਾਂਦਾ ਹੈ ਪਰ ਸਿਰਫ ਹਾਈ ਅਰਲਟ ਹੋਣ 'ਤੇ ਹੀ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਅਜਿਹੇ ਵਿਚ ਕੈਂਟ ਵਿਚ ਵਾਹਨਾਂ ਵਿਚ ਨਾਜਾਇਜ਼ ਚੀਜ਼ ਲੈ ਕੇ ਐਂਟਰੀ ਕਰਨਾ ਕੋਈ ਮੁਸ਼ਕਲ ਗੱਲ ਨਹੀਂ ਹੈ। ਫਰਜ਼ੀ ਪਛਾਣ ਪੱਤਰ ਬਣਾਉਣਾ ਅੱਤਵਾਦੀ ਮਾਡਿਊਲਸ ਲਈ ਬੇਹੱਦ ਆਸਾਨ ਹੈ ਤੇ ਅਜਿਹਾ ਕਰਨ ਵਿਚ ਉਹ ਐਕਸਪਰਟ ਹਨ।
ਸਲੀਪਰ ਸੈੱਲਜ਼ ਦੇ ਸਕਦੇ ਹਨ ਵਾਰਦਾਤ ਨੂੰ ਅੰਜਾਮ :
ਪੁਲਵਾਮਾ ਵਿਚ ਅੱਤਵਾਦੀਆਂ ਵਲੋਂ ਹਮਲਾ ਭਾਰਤ ਲਈ ਖਤਰੇ ਦੀ ਘੰਟੀ ਹੈ, ਜਲੰਧਰ ਨੂੰ ਵੀ ਸੈਂਸੇਟਿਵ ਏਰੀਏ ਵਿਚ ਗਿਣਿਆ ਜਾਂਦਾ ਹੈ। ਕੈਂਟ ਵਿਚ ਐਂਟਰੀ ਪੁਆਇੰਟਸ 'ਤੇ ਚੈਕਿੰਗ ਨਾ ਹੋਣ ਕਾਰਨ ਅੱਤਵਾਦੀ ਸਲੀਪਰ ਸੈੱਲ ਦਾ ਸਹਾਰਾ ਲੈ ਕੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਤੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਸਲੀਪਰ ਸੈੱਲਜ਼ ਦੀ ਮਦਦ ਨਾਲ ਅੱਤਵਾਦੀਆਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਕੈਂਟ ਨਾਲ ਲੱਗਦੇ ਦੀਪ ਨਗਰ ਅਤੇ ਰਾਮਾ ਮੰਡੀ ਵਿਚ ਕਈ ਕਸ਼ਮੀਰੀ ਵਿਦਿਆਰਥੀ ਰਹਿੰਦੇ ਹਨ ਅਤੇ ਪੁਲਸ ਦੀ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਪੁਲਸ ਨੂੰ ਇੱਕਾ-ਦੁੱਕਾ ਛੱਡ ਕੇ ਪੀ. ਜੀ. ਅਤੇ ਕੋਠੀਆਂ ਵਿਚ ਰਹਿ ਰਹੇ ਕਸ਼ਮੀਰੀ ਅਤੇ ਵਿਦੇਸ਼ੀ ਵਿਦਿਆਰਥੀਆਂ ਦੀ ਕੋਈ ਜਾਣਕਾਰੀ ਨਹੀਂ ਹੈ। ਕੈਂਟ ਨੂੰ ਸ਼ਹਿਰ ਦਾ ਸਭ ਤੋਂ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਹੈ ਅਤੇ ਜੇਕਰ ਕੈਂਟ ਵਿਚ ਵੀ ਸੁਰੱਖਿਆ ਵਿਚ ਕੋਤਾਹੀ ਵਰਤੀ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ।
ਕਿਥੇ ਗਾਇਬ ਹੈ ਖੁਫੀਆ ਵਿਭਾਗ?
ਕੈਂਟ ਵਿਚ ਸ਼ਰਾਬ ਦੀ ਨਾਜਾਇਜ਼ ਸਮੱਗਲਿੰਗ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕੈਂਟ ਵਿਚ ਖੁਫੀਆ ਵਿਭਾਗ ਫੇਲ ਹੈ ਕਿਉਂਕਿ ਜੇਕਰ ਖੁਫੀਆ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਹੁੰਦੀ ਤਾਂ ਪਹਿਲਾਂ ਹੀ ਸਮੱਗਲਿੰਗ 'ਤੇ ਰੋਕ ਲੱਗ ਗਈ ਹੁੰਦੀ। ਸ਼ਰਾਬ ਸਮੱਗਲਿੰਗ ਤਾਂ ਇਕ ਛੋਟਾ ਏਜੰਡਾ ਹੈ। ਜੇਕਰ ਖੁਫੀਆ ਵਿਭਾਗ ਕੋਲ ਇਸ ਦੀ ਹੀ ਇਨਪੁਟ ਨਹੀਂ ਹੈ ਤਾਂ ਭਵਿੱਖ ਵਿਚ ਜੇਕਰ ਕੋਈ ਅੱਤਵਾਦੀ ਗਰੁੱਪ ਵੱਡੀ ਵਾਰਦਾਤ ਦੀ ਪਲਾਨਿੰਗ ਕਰਦਾ ਹੈ ਤਾਂ ਉਸ ਨੂੰ ਡਿਟੈਕਟ ਕਿਵੇਂ ਕੀਤਾ ਜਾ ਸਕੇਗਾ। ਕੈਂਟ ਵਿਚ ਆਰਮੀ ਇੰਟੈਲੀਜੈਂਸ, ਸੀ. ਆਈ. ਡੀ. ਅਤੇ ਆਈ. ਬੀ. ਸਾਰੇ ਵਿਭਾਗ ਸਰਗਰਮ ਹੁੰਦੇ ਹਨ। ਅਜਿਹੇ ਵਿਚ ਇਨ੍ਹਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਕੋਈ ਵੀ ਸੁਰੱਖਿਆ ਵਿਵਸਥਾ ਨੂੰ ਚੈਲੰਜ ਕਰ ਸਕਦਾ ਹੈ।