1 ਸਾਲ ਤੋਂ ਜੋ ਕੰਮ ਪੰਜਾਬ ਸਰਕਾਰ ਨਹੀਂ ਕਰ ਸਕੀ, ''ਯਾਰਾਨਾ ਕਲੱਬ'' ਨੇ 4 ਦਿਨ ''ਚ ਕਰਾਇਆ

Monday, Jul 29, 2019 - 01:22 PM (IST)

1 ਸਾਲ ਤੋਂ ਜੋ ਕੰਮ ਪੰਜਾਬ ਸਰਕਾਰ ਨਹੀਂ ਕਰ ਸਕੀ, ''ਯਾਰਾਨਾ ਕਲੱਬ'' ਨੇ 4 ਦਿਨ ''ਚ ਕਰਾਇਆ

ਜਲੰਧਰ (ਸ਼ੋਰੀ) - ਪੰਜਾਬ ਸਰਕਾਰ ਲੱਖ ਦਾਅਵੇ ਕਰ ਲਵੇ ਕਿ ਸਰਕਾਰੀ ਹਸਪਤਾਲਾਂ 'ਚ ਫੰਡ ਜਾਰੀ ਹੋ ਰਹੇ ਹਨ ਅਤੇ ਸੁਧਾਰ ਹੋਣ ਨਾਲ ਮਰੀਜ਼ਾਂ ਨੂੰ ਵਧੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਸਰਕਾਰ ਦੀ ਕਹਿਣੀ ਤੇ ਕਥਨੀ 'ਚ ਫਰਕ ਜਲੰਧਰ ਦਾ ਸਿਵਲ ਹਸਪਤਾਲ ਬਿਆਨ ਕਰ ਦਿੰਦਾ ਹੈ। ਹਸਪਤਾਲ ਦੇ ਅੰਦਰ ਹਾਲ ਹੀ 'ਚ ਬਣੇ ਜੱਚਾ-ਬੱਚਾ ਹਸਪਤਾਲ ਦੇ ਗਾਇਨੀ ਵਾਰਡ 'ਚ ਲੱਗੇ ਸਾਰੇ ਨਵੇਂ ਏ. ਸੀ. ਜਿੱਥੇ ਬੰਦ ਪਏ ਸਨ, ਉਥੇ ਲਾਈਟਾਂ ਤਾਂ ਵਾਰਡ 'ਚ ਨਾ ਦੇ ਬਰਾਬਰ ਸਨ। ਲਾਈਟਾਂ ਖ਼ਰਾਬ, ਪੱਖਿਆਂ ਦੀ ਹਾਲਤ ਮਾੜੀ ਤੇ ਮਰੀਜ਼ਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। 'ਜਗ ਬਾਣੀ' ਨੇ ਇਸ ਸਬੰਧ 'ਚ ਖ਼ਬਰਾਂ ਲਾ ਕੇ ਹਸਪਤਾਲ ਪ੍ਰਸ਼ਾਸਨ ਨੂੰ ਜਗਾਉਣਾ ਚਾਹਿਆ ਪਰ ਫੰਡ ਨਾ ਹੋਣ ਕਾਰਨ ਹਸਪਤਾਲ ਪ੍ਰਬੰਧਕ ਮਾਯੂਸ ਹੋ ਕੇ ਬੈਠੇ ਰਹੇ ਅਤੇ ਮਰੀਜ਼ ਪ੍ਰੇਸ਼ਾਨ ਹੁੰਦੇ ਰਹੇ ਪਰ ਹੁਣ 1 ਸਾਲ ਤੋਂ ਜੋ ਕੰਮ ਪੰਜਾਬ ਸਰਕਾਰ ਨਹੀਂ ਕਰ ਸਕੀ। ਉਹ ਕੰਮ ਸਮਾਜਸੇਵੀ ਸੰਸਥਾ 'ਯਾਰਾਨਾ ਕਲੱਬ' ਦੇ ਮੈਂਬਰਾਂ ਨੇ ਮਿਲ ਕੇ 4 ਦਿਨ 'ਚ ਕਰ ਦਿਖਾਇਆ।

ਫਰਿਸ਼ਤੇ ਬਣ ਕੇ ਆਏ ਕਲੱਬ ਮੈਂਬਰ
ਯਾਰਾਨਾ ਕਲੱਬ ਜੋ ਕਿ ਮਹਾਨਗਰ ਵਿਚ ਕਈ ਸਮਾਜ ਸੇਵੀ ਕੰਮ ਕਰਨ ਨੂੰ ਲੈ ਕੇ ਪ੍ਰਸਿੱਧ ਹੈ, ਉਨ੍ਹਾਂ ਦੇ ਮੈਂਬਰਾਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਪੂਰੇ ਹਸਪਤਾਲ 'ਚ ਪਾਣੀ ਵਾਲੇ ਕੂਲਰ ਖ਼ਰਾਬ ਪਏ ਸਨ। ਗਰਮੀ ਤੋਂ ਪ੍ਰੇਸ਼ਾਨ ਗਰਭਵਤੀ ਔਰਤ ਗਾਇਨੀ ਵਾਰਡ ਤੋਂ ਬਾਹਰ ਹਵਾ ਲੈਣ ਲਈ ਘੁੰਮਦੀ ਨਜ਼ਰ ਆਈ। ਯਾਰਾਨਾ ਕਲੱਬ ਦੇ ਮੈਂਬਰਾਂ ਨੇ ਫੈਸਲਾ ਲਿਆ ਕਿ ਉਹ ਹਸਪਤਾਲ 'ਚ ਸੁਧਾਰ ਕਰ ਕੇ ਹੀ ਦਮ ਲੈਣਗੇ ਅਤੇ ਅਗਲੇ ਹੀ ਦਿਨ ਹਸਪਤਾਲ 'ਚ ਪਾਣੀ ਫਿਲਟਰ ਠੀਕ ਕਰਨ ਲਈ ਨਿਖਿਲ ਕੋਹਲੀ ਆਏ ਅਤੇ ਆਪਣੇ ਸਟਾਫ ਦੇ ਨਾਲ ਪਾਣੀ ਵਾਲੇ ਕੂਲਰਾਂ ਦੇ ਫਿਲਟਰ ਬਦਲੇ। ਹਾਲਾਂਕਿ ਪੁਰਾਣੇ ਫਿਲਟਰਾਂ ਦਾ ਹਾਲ ਤਾਂ ਇਹ ਸੀ ਕਿ ਫਿਲਟਰਾਂ 'ਚ ਛਿਪਕਲੀ ਨੇ ਆਂਡੇ ਦਿੱਤੇ ਸੀ। ਕੁਝ ਪਾਣੀ ਵਾਲੇ ਕੂਲਰਾਂ 'ਚ ਪਾਣੀ ਤਾਂ ਸੀ ਪਰ ਠੰਡਾ ਨਹੀਂ ਸੀ। ਕੋਹਲੀ ਨੇ ਫਿਲਟਰਾਂ 'ਚ ਗੈਸ ਭਰਵਾਈ ਅਤੇ ਸਾਫ਼ ਠੰਡਾ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਇਆ।

ਏ. ਸੀ. 'ਚ ਠੇਕੇਦਾਰ ਨੇ ਲਾਈਆਂ ਸੀ ਘਟੀਆਂ ਤਾਰਾਂ
ਯਾਰਾਨਾ ਕਲੱਬ ਦੇ ਪ੍ਰਧਾਨ ਸੰਦੀਪ ਜਿੰਦਲ ਨੇ ਗਾਇਨੀ ਵਾਰਡ 'ਚ ਏ. ਸੀ. ਦੀ ਸਰਵਿਸ ਕਰਵਾਉਣ ਅਤੇ ਨਵੀਆਂ ਐੱਲ. ਈ. ਡੀ. ਲਾਈਟਾਂ ਲਗਵਾਉਣ ਲਈ ਬਿਜਲੀ ਵਾਲੇ ਅਤੇ ਏ. ਸੀ. ਠੀਕ ਕਰਨ ਵਾਲਿਆਂ ਨੂੰ ਭੇਜਿਆ। ਏ. ਸੀ. ਠੀਕ ਕਰਨ ਵਾਲੇ ਨੌਜਵਾਨ ਨੇ ਜਦੋਂ ਏ. ਸੀ. ਖੋਲ੍ਹ ਕੇ ਦੇਖਿਆ ਤਾਂ ਉਸ 'ਚ ਘਟੀਆਂ ਤਾਰਾਂ ਲੱਗੀਆਂ ਹੋਣ ਕਾਰਣ ਤਾਰਾਂ ਸ਼ਾਰਟ-ਸਰਕਟ ਕਾਰਣ ਖ਼ਰਾਬ ਹੋ ਚੁੱਕੀਆਂ ਸਨ ਅਤੇ ਏ. ਸੀ. ਬੰਦ ਪਏ ਸਨ। ਕਲੱਬ ਦੇ ਮੈਂਬਰਾਂ ਨੇ 2 ਤਾਰਾਂ ਦੇ ਬੰਡਲ ਮਾਰਕੀਟ ਤੋਂ ਮੰਗਵਾ ਕੇ ਬੰਦ ਪਏ 2 ਏ. ਸੀ. ਠੀਕ ਕਰਵਾਏ। ਇਸ ਦੇ ਨਾਲ ਲੇਬਰ ਰੂਮ 'ਚ ਲੱਗੇ ਇਕ ਏ. ਸੀ. ਦਾ ਹਾਲ ਤਾਂ ਇਹ ਸੀ ਕਿ ਏ. ਸੀ. ਦੇ ਅੰਦਰ ਹੀ ਬਰਫ ਜੰਮੀ ਸੀ ਅਤੇ ਦੂਜੇ ਏ. ਸੀ. ਦੇ ਅੰਦਰ ਇੰਨੀ ਗੰਦਗੀ ਸੀ ਕਿ ਏ. ਸੀ. ਰਿਪੇਅਰ ਕਰਨ ਵਾਲੇ ਦੀ ਹਾਲਤ ਵੀ ਖ਼ਰਾਬ ਹੋਣ ਲੱਗੀ। ਇਸ ਤੋਂ ਇਲਾਵਾ ਸਾਹਮਣੇ ਥਿਏਟਰ 'ਚ ਬੰਦ ਪਏ 2 ਏ. ਸੀ. ਨੂੰ ਵੀ ਸਰਵਿਸ ਅਤੇ ਗੈਸ ਭਰਵਾ ਕੇ ਠੀਕ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਇਸ ਬਿਲਡਿੰਗ ਨੂੰ ਠੇਕੇਦਾਰ ਨੇ ਤਿਆਰ ਕੀਤਾ ਸੀ ਪਰ ਸ਼ਾਇਦ ਕਮਿਸ਼ਨ ਦੇ ਚੱਕਰ 'ਚ ਉਹ ਬਿਜਲੀ ਦੀਆਂ ਤਾਰਾਂ ਦੀ ਸਪਲਾਈ ਘਟੀਆ ਕਰ ਕੇ ਚੱਲਦਾ ਬਣਿਆ। ਉਥੇ ਹੀ ਕਲੱਬ ਦੇ ਮੈਂਬਰਾਂ ਨੇ ਵਾਰਡ 'ਚ ਖ਼ਰਾਬ ਟਿਊਬ ਲਾਈਟਾਂ ਬਦਲ ਕੇ ਨਵੀਆਂ ਐੱਲ. ਈ. ਡੀ. ਲਾਈਟਾਂ ਲਗਵਾ ਦਿੱਤੀਆਂ ਅਤੇ ਵਾਰਡ 'ਚ ਇੰਨੀ ਰੌਸ਼ਨੀ ਦੇਖਣ ਨੂੰ ਮਿਲ ਰਹੀ ਹੈ ਕਿ ਮਰੀਜ਼ ਕੁਝ ਟਿਊਬਾਂ ਬੰਦ ਕਰਨ ਨੂੰ ਮਜਬੂਰ ਹੋ ਰਹੇ ਸਨ ਕਿਉਂਕਿ ਜ਼ਿਆਦਾ ਰੌਸ਼ਨੀ ਉਨ੍ਹਾਂ ਦੀਆਂ ਅੱਖਾਂ ਵਿਚ ਪੈ ਰਹੀ ਸੀ। ਦੂਜੇ ਪਾਸੇ ਗਰਭਵਤੀ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਵਿਚ ਖੁਸ਼ੀ ਦੀ ਲਹਿਰ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਉਹ ਗਰਮੀ ਤੋਂ ਕਾਫੀ ਪ੍ਰੇਸ਼ਾਨ ਸੀ ਅਤੇ ਹੁਣ ਏ. ਸੀ. ਤੱਕ ਠੀਕ ਹੋ ਚੁੱਕੇ ਹਨ।

ਵਿਧਾਇਕ ਬੇਰੀ ਵੀ ਪਹੁੰਚੇ ਹਸਪਤਾਲ ਦਾ ਦੌਰਾ ਕਰਨ
ਯਾਰਾਨਾ ਕਲੱਬ ਦੇ ਮੈਂਬਰਾਂ ਵਲੋਂ ਹਸਪਤਾਲ 'ਚ ਕਰਵਾਏ ਵਧੀਆ ਕੰਮ ਦੀ ਤਾਰੀਫ ਕਰਨ ਸੈਂਟਰਲ ਹਲਕੇ ਤੋਂ ਵਿਧਾਇਕ ਰਾਜਿੰਦਰ ਬੇਰੀ ਪਹੁੰਚੇ। ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਿੰਟੈਂਡੈਂਟ ਡਾ. ਚਣਜੀਵ ਸਿੰਘ, ਸੀਨੀਅਰ ਮੈਡੀਕਲ ਆਫੀਸਰ ਡਾ. ਕਸ਼ਮੀਰੀ ਲਾਲ ਨੇ ਯਾਰਾਨਾ ਕਲੱਬ ਦੇ ਸ਼ਲਾਘਾਯੋਗ ਕੰਮਾਂ ਦੀ ਤਾਰੀਫ ਕੀਤੀ। ਕਲੱਬ ਦੇ ਪ੍ਰਧਾਨ ਸੰਦੀਪ ਜਿੰਦਲ ਨੇ ਕਿਹਾ ਕਿ ਕਲੱਬ ਦੇ ਮੈਂਬਰ ਦੀਪਕ ਬੱਤਰਾ ਅਤੇ ਨਿਖਿਲ ਕੋਹਲੀ ਨੇ ਭਰਪੂਰ ਯੋਗਦਾਨ ਦਿੱਤਾ ਅਤੇ ਸਿਵਲ ਹਸਪਤਾਲ ਦੇ ਹਾਲਾਤ ਸੁਧਾਰੇ। ਇਸ ਤੋਂ ਇਲਾਵਾ ਤਜਿੰਦਰ ਭਗਤ, ਰਾਮ ਕੁਮਾਰ ਜਿੰਦਲ, ਅਜੇ ਜੈਨ, ਸੌਰਭ ਟੰਡਨ ਆਦਿ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਲੋਕਾਂ ਦੀ ਸੇਵਾ ਕਰ ਰਿਹਾ ਹੈ ਤੇ ਅੱਗੇ ਵੀ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਕਰੀਬ 50 ਹਜ਼ਾਰ ਦੀ ਲਾਗਤ ਨਾਲ ਹਸਪਤਾਲ 'ਚ ਸੁਧਾਰ ਕਰਵਾਉਣ 'ਚ ਕਲੱਬ ਦੇ ਮੈਂਬਰਾਂ ਨੇ ਯੋਗਦਾਨ ਦਿੱਤਾ ਹੈ।

ਹਸਪਤਾਲ ਦਾ ਕਾਰਜਕਾਰੀ ਮੈਡੀਕਲ ਸੁਪਰਿੰਟੈਂਡੈਂਟ ਡਾ. ਚਣਜੀਵ ਸਿੰਘ ਨੇ ਯਰਾਨਾ ਕਲੱਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਸਪਤਾਲ ਦੇ ਕੋਲ ਫੰਡ ਦੀ ਕਮੀ ਹੈ, ਇਸ ਲਈ ਉਹ ਅਜਿਹੀਆਂ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੀ ਸਿਵਲ ਹਸਪਤਾਲ ਆ ਕੇ ਦੌਰਾ ਕਰਨ ਅਤੇ ਹਸਪਤਾਲ 'ਚ ਸੁਧਾਰ ਲਈ ਅੱਗੇ ਵਧਣ। ਉਨ੍ਹਾਂ ਦਾ ਕਹਿਣਾ ਸੀ ਕਿ 'ਨਰ ਸੇਵਾ ਹੀ ਨਰਾਇਣ ਸੇਵਾ' ਹੈ। ਉਨ੍ਹਾਂ ਕਿਹਾ ਕਿ ਮਹਾਨਗਰ 'ਚ ਕਾਫ਼ੀ ਸਮਾਜ ਸੇਵੀ ਸੰਸਥਾਵਾਂ ਹਨ, ਜੇਕਰ ਕੁਝ ਹੋਰ ਸੰਸਥਾਵਾਂ ਹਸਪਤਾਲ ਆ ਕੇ ਯਾਰਾਨਾ ਕਲੱਬ ਦੀ ਤਰ੍ਹਾਂ ਬਾਕੀ ਵਾਰਡਾਂ ਵਿਚ ਵੀ ਸੁਧਾਰ ਲਿਆ ਦੇਣ ਤਾਂ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ।

ਸਰਕਾਰ ਤੋਂ ਜਲਦੀ ਫੰਡ ਜਾਰੀ ਕਰਵਾ ਕੇ ਸੁਧਾਰਣਗੇ ਸਿਵਲ ਹਸਪਤਾਲ ਦੇ ਹਾਲਾਤ
ਉਥੇ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕਲੱਬ ਦੇ ਮੈਂਬਰਾਂ ਨੇ ਵਧੀਆ ਕੰਮ ਕੀਤਾ ਹੈ ਪਰ ਦੁੱਖ ਵੀ ਹੋਇਆ ਕਿ ਕਾਂਗਰਸ ਦੇ ਰਾਜ 'ਚ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ 'ਚ ਉਹ ਜਲਦੀ ਹੀ ਮੁੱਖ ਮੰਤਰੀ ਨਾਲ ਮਿਲ ਕੇ ਸਿਵਲ ਹਸਪਤਾਲ ਨੂੰ ਫੰਡ ਜਾਰੀ ਕਰਵਾਉਣਗੇ ਤਾਂ ਜੋ ਸੁਧਾਰ ਹੋ ਸਕੇ ਅਤੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਵਿਧਾਇਕ ਬੇਰੀ ਨੇ ਕਿਹਾ ਕਿ ਮੇਲ ਅਤੇ ਫੀਮੇਲ ਬਰਨ ਵਾਰਡ 'ਚ ਵੀ ਏ. ਸੀ. ਖਰਾਬ ਹਨ, ਉਹ ਠੀਕ ਕਰਵਾਉਣ ਲਈ ਖੁਦ ਆਪਣੇ ਪੱਧਰ 'ਤੇ ਕੰਮ ਕਰਨਗੇ ਅਤੇ ਏ. ਸੀ. ਠੀਕ ਕਰਵਾਉਣਗੇ।


author

rajwinder kaur

Content Editor

Related News