ਪਿਛਲੇ 10 ਸਾਲਾਂ 'ਚ ਉੱਜੜ ਗਈ ਜਲੰਧਰ ਦੀ ਫੁੱਟਬਾਲ ਇੰਡਸਟਰੀ

07/14/2018 1:12:05 PM

ਜਲੰਧਰ (ਬਿਊਰੋ)— ਇਸ ਸਮੇਂ ਜਿੱਥੇ ਪੂਰੀ ਦੁਨੀਆ ਦਾ ਧਿਆਨ ਫੀਫਾ ਫੁੱਟਬਾਲ ਵਰਲਡ ਕੱਪ 'ਤੇ ਟਿਕਿਆ ਹੈ, ਅਜਿਹੇ 'ਚ ਖੇਡਾਂ ਦੇ ਸਾਮਾਨ ਲਈ ਜਾਣੇ ਜਾਂਦੇ ਜਲੰਧਰ ਦੀ ਫੁੱਟਬਾਲ ਇੰਡਸਟਰੀ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਦਰਅਸਲ ਇੱਕ ਵੇਲਾ ਸੀ ਜਦੋਂ ਜਲੰਧਰ ਦੀ ਫੁੱਟਬਾਲ ਇੰਡਸਟਰੀ ਕੋਲ ਲੱਖਾਂ ਆਰਡਰ ਹੁੰਦੇ ਸਨ ਪਰ ਇਨ੍ਹੀਂ ਦਿਨੀਂ ਇੰਡਸਟਰੀ ਬਹੁਤ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ।

ਕਦੇ ਜਲੰਧਰ ਵਿੱਚ ਫੁਟਬਾਲ ਦਾ ਕੰਮ ਇੰਨਾ ਸਿਖਰ 'ਤੇ ਸੀ ਕਿ ਸ਼ਹਿਰ ਵਿੱਚ ਇੱਕ ਫੁੱਟਬਾਲ ਚੌਕ ਹੀ ਬਣਾ ਦਿੱਤਾ ਗਿਆ ਪਰ ਕੌਮਾਂਤਰੀ ਮੁਕਾਬਲੇ ਤੇ ਸਰਕਾਰਾਂ ਦੀ ਬੇਰੁਖ਼ੀ ਨੇ ਇਸ ਨੂੰ ਮਾੜੇ ਦੌਰ ਵਿੱਚ ਪਹੁੰਚਾ ਦਿੱਤਾ ਹੈ। ਜਲੰਧਰ 'ਚ ਫੁੱਟਬਾਲ ਮੈਨੂਫੈਕਚਰਰ ਨੇ ਦੱਸਿਆ ਕਿ ਜਲੰਧਰ ਦੀ ਫੁੱਟਬਾਲ ਇੰਡਸਟਰੀ ਦੇ ਪਿਛਲੇ 10 ਸਾਲਾਂ ਵਿੱਚ ਬਰਬਾਦ ਹੋਣ ਦੇ ਕਈ ਕਾਰਨ ਹਨ। ਦਿਨੋਂ-ਦਿਨ ਮਹਿੰਗੀ ਹੁੰਦੀ ਲੇਬਰ, ਲੇਬਰ ਦੀ ਘਾਟ ਵੀ ਇਸ ਦਾ ਵੱਡਾ ਕਾਰਨ ਹੈ। ਅੱਜ ਹਾਲਾਤ ਇਹ ਹਨ ਕਿ ਜੇਕਰ ਵੱਡਾ ਆਰਡਰ ਆ ਵੀ ਜਾਵੇ ਤਾਂ ਲੇਬਰ ਦੀ ਘਾਟ ਕਾਰਨ ਟਾਈਮ 'ਤੇ ਮਾਲ ਤਿਆਰ ਨਹੀਂ ਹੋ ਸਕਦਾ।

ਫੁੱਟਬਾਲ ਮੈਨੂਫੈਕਚਰਰ ਮੁਨੀਸ਼ ਚੋਪੜਾ ਨੇ ਕਿਹਾ ਕਿ ਇੰਡਸਟਰੀ ਲਈ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਤੋਂ ਵੀ ਫੁੱਟਬਾਲ ਕਾਰੋਬਾਰੀਆਂ ਨੂੰ ਕਾਫੀ ਉਮੀਦਾਂ ਸਨ ਪਰ ਸਰਕਾਰ ਵੱਲੋਂ ਸਿਰਫ ਵਾਅਦੇ ਹੀ ਕੀਤੇ ਗਏ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਫੁੱਟਬਾਲ ਕਾਰੋਬਾਰ ਦੇ ਢਹਿੰਦੀ ਕਲਾ ਵੱਲ ਜਾਣ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਮੁਲਕ ਵਿੱਚ ਵਧੀਆ ਖੇਡ ਦੇ ਮੈਦਾਨ ਨਹੀਂ। ਇਸ ਲਈ ਖੇਡ ਮੈਦਾਨਾਂ ਦੀ ਸਹੂਲਤ
ਨਾ ਹੋਣ ਕਾਰਨ ਖਿਡਾਰੀ ਇਸ ਖੇਡ ਵੱਲ ਜ਼ਿਆਦਾ ਉਤਸ਼ਾਹਤ ਨਹੀਂ ਹੁੰਦੇ।


Related News