ਜ਼ਮੀਨ ਵੰਡਣ ਵੇਲੇ ਪੁੱਤਰਾਂ ਨੇ ਵੰਡ ਲਿਆ ਪਿਉ, ਹੁਣ ਉਸ ਤੋਂ ਵੀ ਮੁਕਰੇ (ਵੀਡੀਓ)

Friday, Jun 21, 2019 - 11:16 AM (IST)

ਜਲੰਧਰ (ਸੋਨੂੰ) - 'ਪੁੱਤ ਵੰਡਾਉਣ ਜ਼ਮੀਨਾਂ' ਗਾਣਾ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਇਥੇ ਪੁੱਤਰਾਂ ਨੇ ਸਿਰਫ ਜ਼ਮੀਨਾਂ ਹੀ ਨਹੀਂ ਵੰਡੀਆਂ, ਸਗੋਂ ਬਜ਼ੁਰਗ ਪਿਓ ਦੀਆਂ ਵੀ ਵੰਡੀਆਂ ਪਾ ਲਈਆਂ। ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਹ ਵਾਕਿਆ ਜਲੰਧਰ ਦੇ ਲੰਮਾ ਪਿੰਡ ਕੋਲ ਵਾਪਰਿਆ ਹੈ, ਜਿਥੇ ਨੂੰਹ-ਪੁੱਤ ਵਲੋਂ ਬਜ਼ੁਰਗ ਪਿਤਾ ਨੂੰ ਸੜਕ 'ਤੇ ਛੱਡ ਕੇ ਜਾਣ 'ਤੇ ਲੋਕਾਂ ਨੇ ਹੰਗਾਮਾ ਕਰ ਦਿੱਤਾ। ਦੱਸ ਦੇਈਏ ਕਿ ਬਜ਼ੁਰਗ ਪਿਤਾ ਉਹ ਬਦਨਸੀਬ ਪਿਤਾ ਹੈ, ਜਿਸ ਦੇ ਚਾਰ ਪੁੱਤਰ ਹਨ ਅਤੇ ਪਿਤਾ ਨੂੰ ਪਾਲਣ ਦਾ ਜੇਰਾ ਕਿਸੇ ਕੋਲ ਨਹੀਂ। ਮਿਲੀ ਜਾਣਕਾਰੀ ਅਨੁਸਾਰ ਬੇਗੋਵਾਲ ਦੇ ਇਸ ਬਜ਼ੁਰਗ ਦੀ ਜ਼ਮੀਨ ਜਾਇਦਾਦ ਪੁੱਤਰਾਂ ਨੇ ਆਪਸ 'ਚ ਵੰਡ ਲਈ ਤੇ ਫੈਸਲਾ ਕੀਤਾ ਕਿ ਬਜ਼ੁਰਗ ਹਰ ਪੁੱਤਰ ਕੋਲ 6-6 ਮਹੀਨੇ ਰਹੇਗਾ।

ਇਸ ਫੈਸਲੇ ਮੁਤਾਬਕ ਜਦੋਂ ਇਕ ਨੂੰਹ ਪੁੱਤਰ ਆਪਣਾ ਸਮਾਂ ਪੂਰਾ ਹੋਣ 'ਤੇ ਬਜ਼ੁਰਗ ਨੂੰ ਦੂਜੇ ਪੁੱਤਰ ਕੋਲ ਛੱਡਣ ਲਈ ਪਹੁੰਚੇ ਤਾਂ ਉਸ ਨੇ ਬਜ਼ੁਰਗ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਨੂੰਹ-ਪੁੱਤਰ ਵਲੋਂ ਬਜ਼ੁਰਗ ਨੂੰ ਸੜਕ 'ਤੇ ਹੀ ਛੱਡ ਜਾਣ 'ਤੇ ਲੋਕਾਂ ਨੇ ਹੰਗਾਮਾ ਕਰ ਦਿੱਤਾ ਅਤੇ ਪੁਲਸ ਨੂੰ ਬੁਲਾ ਲਿਆ, ਜਿਸ ਤੋਂ ਬਾਅਦ ਬਜ਼ੁਰਗ ਨੂੰ ਛੱਡਣ ਆਇਆ ਪੁੱਤਰ ਉਸ ਨੂੰ ਵਾਪਸ ਲਿਜਾਣ ਲਈ ਤਿਆਰ ਹੋ ਗਿਆ ।ਜ਼ਿਕਰਯੋਗ ਹੈ ਕਿ ਮਾਪੇ ਆਪਣੀ ਸਾਰੀ ਉਮਰ ਬੱਚਿਆਂ ਨੂੰ ਪਾਲਣ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ 'ਤੇ ਲਗਾ ਦਿੰਦੇ ਹਨ ਪਰ ਅਫਸੋਸ ਜਦੋਂ ਬੁਢਾਪੇ 'ਚ ਬੱਚਿਆਂ ਦੀ ਵਾਰੀ ਆਉਂਦੀ ਹੈ ਤਾਂ ਉਹ ਆਪਣੇ ਮਾਪਿਆਂ ਨੂੰ 2 ਰੋਟੀਆਂ ਵੀ ਨਹੀਂ ਖੁਆ ਸਕਦੇ। ਬਜ਼ੁਰਗਾਂ ਦੀ ਇਹ ਬੇਕਦਰੀ ਸਮਾਜ ਦੇ ਮੱਥੇ 'ਤੇ ਨਾ ਸਿਰਫ ਵੱਡਾ ਕਲੰਕ ਹੈ, ਸਗੋਂ ਇਨਸਾਨੀਅਤ 'ਤੇ ਵੀ ਧੱਬਾ ਹੈ।


author

rajwinder kaur

Content Editor

Related News