ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਘਰਾਂ ’ਚ ਫਸੇ 34 ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਚਲਾਇਆ ਨਾਈਟ ਰੈਸਕਿਊ ਆਪ੍ਰੇਸ਼ਨ

Tuesday, Jul 11, 2023 - 12:02 PM (IST)

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਘਰਾਂ ’ਚ ਫਸੇ 34 ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਚਲਾਇਆ ਨਾਈਟ ਰੈਸਕਿਊ ਆਪ੍ਰੇਸ਼ਨ

ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਮਾਨਸੂਨ ਦੌਰਾਨ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਦਰਿਆ ਵਿਚ ਪਾਣੀ ਸੇਫ ਪੱਧਰ ’ਤੇ ਹੈ ਅਤੇ ਪਾਣੀ ਦਾ ਵਹਾਅ ਅੱਗੇ ਵੀ ਲਗਾਤਾਰ ਜਾਰੀ ਹੈ। ਸਮੁੱਚੀ ਸਥਿਤੀ ਅੰਡਰ ਕੰਟਰੋਲ ਹੈ ਅਤੇ ਸਾਰੇ ਅਧਿਕਾਰੀ ਆਨ ਗਰਾਊਂਡ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਬੀਤੇ ਦਿਨ ਸਿਵਲ ਅਤੇ ਪੁਲਸ ਅਧਿਕਾਰੀਆਂ ਨਾਲ ਸਬ-ਡਿਵੀਜ਼ਨ ਫਿਲੌਰ, ਸ਼ਾਹਕੋਟ ਅਤੇ ਬਲਾਕ ਲੋਹੀਆਂ ਖ਼ਾਸ ਵਿਚ ਸਤਲੁਜ ਦਰਿਆ ਦੇ ਕਿਨਾਰੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਭਾਰੀ ਬਾਰਿਸ਼ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਦੱਸਿਆ ਕਿ ਬੰਨ੍ਹ ਦੀ ਹਾਲਤ ਵੀ ਵਧੀਆ ਹੈ। ਉਨ੍ਹਾਂ ਅਪੀਲ ਕੀਤੀ ਕਿ ਉਮੀਦ ਹੈ ਕਿ ਹਾਲਾਤ ਕੰਟਰੋਲ ਵਿਚ ਰਹਿਣਗੇ, ਲੋਕ ਅਫ਼ਵਾਹਾਂ ਅਤੇ ਉਨ੍ਹਾਂ ਨੂੰ ਫੈਲਾਉਣ ਵਾਲਿਆਂ ਤੋਂ ਗੁਰੇਜ਼ ਕਰਨ।

ਡਿਪਟੀ ਕਮਿਸ਼ਨਰ ਨੇ ਲੋਹੀਆਂ ਖ਼ਾਸ ਦੇ ਪਿੰਡ ਜਾਣੀਆਂ ਵਿਚ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਬਾਰਿਸ਼ ਕਾਰਨ ਪਾਣੀ ਦਾ ਵਹਾਅ ਜ਼ਿਆਦਾ ਹੈ ਪਰ ਸੁਰੱਖਿਅਤ ਪੱਧਰ ’ਤੇ ਹੈ। ਪਾਣੀ ਦਾ ਵਹਾਅ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਮੌਜੂਦਾ ਸਥਿਤੀ ਨੂੰ ਦੇਖਦਿਆਂ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਸੇ ਵੀ ਅਫ਼ਵਾਹ ਆਦਿ ’ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ। ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਪਾਣੀ ਵਿਚ ਕਿਸੇ ਦੇ ਫਸੇ ਹੋਣ ਦੀ ਜਾਣਕਾਰੀ ਮਿਲਦੀ ਹੈ ਜਾਂ ਕੋਈ ਘਟਨਾ ਵਾਪਰਦੀ ਦਿਸਦੀ ਹੈ ਤਾਂ ਤੁਰੰਤ ਐਮਰਜੈਂਸੀ 112 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਫਲੱਡ ਕੰਟਰੋਲ ਸੈਂਟਰ ਦੇ ਨੰਬਰ 0181-2224417 ’ਤੇ ਸੂਚਨਾ ਦੇਣ ਤਾਂ ਕਿ ਸਮਾਂ ਰਹਿੰਦੇ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਤਾ ਅਤੇ ਪੁਲਸ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ, ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ਼. ਦੀਆਂ ਟੀਮਾਂ ਅਤੇ ਫੌਜ ਕਿਸੇ ਵੀ ਮੁਸ਼ਕਲ ਹਾਲਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ- ਗਿੱਦੜਪਿੰਡੀ ਨੇੜੇ ਟੁੱਟਿਆ ਸਤਲੁਜ ਦਰਿਆ ਦਾ ਬੰਨ੍ਹ, ਹੜ੍ਹ ਦੇ ਪਾਣੀ 'ਚ ਰੁੜਿਆ ਨੌਜਵਾਨ

PunjabKesari

ਡਿਪਟੀ ਕਮਿਸ਼ਨਰ ਨੇ ਗਿੱਦੜਪਿੰਡੀ ਨੇੜੇ ਫਸੇ ਲੋਕਾਂ ਨੂੰ ਕੱਢਣ ਲਈ ਸ਼ੁਰੂ ਮੁਹਿੰਮ ਦੀ ਖ਼ੁਦ ਕੀਤੀ ਅਗਵਾਈ
ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿਚ ਦੇਰ ਰਾਤ ਪਿੰਡ ਜਾਣੀਆਂ ਅੰਦਰ ਪਾਣੀ ਵਿਚ ਫਸੇ ਲਗਭਗ 34 ਲੋਕਾਂ ਨੂੰ ਕੱਢਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਤਹਿਤ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਨੇ ਕਿਸ਼ਤੀਆਂ ਜ਼ਰੀਏ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨੂੰ ਕੱਢਣ ਦੇ ਆਪ੍ਰੇਸ਼ਨ ਦੀ ਡਿਪਟੀ ਕਮਿਸ਼ਨਰ ਖੁਦ ਮੌਕੇ ’ਤੇ ਮੌਜੂਦ ਰਹਿ ਕੇ ਨਿਗਰਾਨੀ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਅਲਰਟ ਮਿਲਿਆ ਸੀ ਕਿ ਪਿੰਡ ਜਾਣੀਆਂ ਵਿਚ ਲਗਭਗ 34 ਲੋਕ ਆਪਣੇ ਘਰਾਂ ਵਿਚ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਉਸੇ ਸਮੇਂ ਨਾਈਟ ਰੈਸਕਿਊ ਆਪ੍ਰੇਸ਼ਨ ਲਾਂਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਲਗਾਤਾਰ ਲੋਕਾਂ ਨੂੰ ਕੱਢਣ ਲਈ ਯਤਨ ਕੀਤੇ ਅਤੇ 1-1 ਕਰ ਕੇ ਘਰਾਂ ਵਿਚ ਫਸੇ ਲੋਕਾਂ ਨੂੰ ਬਾਹਰ ਲਿਆਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਸਵੇਰੇ ਤੋਂ ਫਿਲੌਰ, ਨਕੋਦਰ, ਸ਼ਾਹਕੋਟ ਅਤੇ ਲੋਹੀਆਂ ਦੇ ਪ੍ਰਭਾਵਿਤ ਇਲਾਕਿਆਂ ਵਿਚ ਡਟੇ ਹੋਏ ਹਨ ਅਤੇ ਸਾਰੀ ਸੁਰੱਖਿਆ ਮੁਹਿੰਮ ਦੀ ਉਹ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਕੰਮ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ

ਪਾੜ ਨੂੰ ਭਰਨ ਲਈ ਮਿੱਟੀ ਦੇ ਬੋਰੇ ਭਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਣੀ ਭਰਨ ਦੌਰਾਨ ਕਿਸੇ ਵੀ ਪਾੜ ਨੂੰ ਭਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਪ੍ਰਬੰਧ ਸ਼ੁਰੂ ਕੀਤੇ ਹੋਏ ਹਨ। ਦਰਿਆ ਦੇ ਨੇੜੇ ਇਲਾਕਿਆਂ ਵਿਚ ਮਿੱਟੀ ਦੇ ਬੋਰੇ ਭਰਨ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਤਾਂ ਕਿ ਜੇਕਰ ਕੋਈ ਅਜਿਹੀ ਘਟਨਾ ਸਾਹਮਣੇ ਆਵੇ ਤਾਂ ਮਿੱਟੀ ਦੇ ਬੋਰੇ ਪਾ ਕੇ ਪਾੜ ਨੂੰ ਤੁਰੰਤ ਭਰਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬੰਨ੍ਹ ਨੂੰ ਵੀ ਕਿਸੇ ਨੁਕਸਾਨ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News