ਜਲੰਧਰ ਲਈ ਖੱਟੇ-ਮਿੱਠੇ ਰਹੇ 2019 ਦੇ ਤਜ਼ਰਬੇ, ਕੈਪਟਨ ਨੇ ਦਿੱਤੇ ਕਈ ਵਿਕਾਸ ਪ੍ਰਾਜੈਕਟਾਂ ਦੇ ਤੋਹਫੇ
Monday, Dec 30, 2019 - 01:49 PM (IST)
ਜਲੰਧਰ (ਚੋਪੜਾ)— ਜਲੰਧਰ ਜ਼ਿਲਾ ਪ੍ਰਸ਼ਾਸਨ ਲਈ ਸਾਲ 2019 ਦੇ ਤਜ਼ਰਬੇ ਬੇਹੱਦ ਖੱਟੇ-ਮਿੱਠੇ ਰਹੇ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ 'ਚ ਸਮੁੱਚੀ ਪ੍ਰਸ਼ਾਸਨਿਕ ਟੀਮ ਨੇ ਇਸ ਸਾਲ ਮਿਲੀਆਂ ਕਈ ਚੁਣੌਤੀਆਂ ਦਾ ਬੇਹੱਦ ਜ਼ਿੰਮੇਵਾਰੀ ਨਾਲ ਮੁਕਾਬਲਾ ਕੀਤਾ। ਉਥੇ ਹੀ ਜ਼ਿਲੇ 'ਚ ਸ਼ਾਂਤੀ ਵਿਵਸਥਾ ਬਰਕਰਾਰ ਰੱਖਦੇ ਹੋਏ ਲੋਕਾਂ 'ਚ ਆਪਸੀ ਪ੍ਰੇਮ ਪਿਆਰ ਦੀ ਭਾਵਨਾ ਬਣਾਈ ਰੱਖਣ ਦੀ ਸਫਲ ਕੋਸ਼ਿਸ਼ ਕੀਤੀ। ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਵੱਲੋਂ ਜਲੰਧਰ ਦੇ ਵਿਕਾਸ ਕੰਮਾਂ ਲਈ ਜਾਰੀ ਕੀਤੇ ਗਏ ਕਰੋੜਾਂ ਰੁਪਏ ਦੇ ਫੰਡ ਨਾਲ ਜ਼ਿਲਾ ਪ੍ਰਸ਼ਾਸਨ ਨੇ ਬਲਾਕ ਫਿਲੌਰ ਅਤੇ ਲੋਹੀਆਂ ਖਾਸ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨਾਲ ਜੁੜ ਕੇ ਲੋਕਾਂ ਦੀ ਖੂਬ ਵਾਹੋ-ਵਾਹੀ ਲੁੱਟੀ ਅਤੇ ਸਾਲ 2019 ਨੂੰ ਜਲੰਧਰ ਵਾਸੀਆਂ ਲਈ ਯਾਦਗਾਰ ਬਣਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਤੋਹਫੇ ਸਾਲ 2019 ਦੌਰਾਨ ਪ੍ਰਾਪਤ ਹੋਏ। ਮੁੱਖ ਮੰਤਰੀ ਦੇ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਦਾ ਮੁੱਖ ਮੰਤਵ ਜਲੰਧਰ ਜ਼ਿਲੇ ਦੀ ਤਸਵੀਰ ਬਦਲਣ ਦੇ ਨਾਲ ਲੋਕਾਂ ਦੀ ਖ਼ੁਸ਼ਹਾਲੀ ਨੂੰ ਭਰੋਸੇਯੋਗ ਬਣਾਉਣਾ ਸੀ।
ਚਰਚਾ 'ਚ ਰਹੀ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦੀ ਤਿੱਕੜੀ
ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦਿਹਾਤੀ ਦੀ ਤਿੱਕੜੀ ਜ਼ਿਲੇ 'ਚ ਛਾਈ ਰਹੀ। ਤਿੰਨਾਂ ਅਧਿਕਾਰੀਆਂ ਦੇ ਦੋਸਤਾਨਾ ਸਬੰਧ, ਸੂਝ-ਬੁਝ ਦੀ ਕਾਰਜਸ਼ੈਲੀ ਕਾਫੀ ਚਰਚਿਤ ਹੋਈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਦਿਹਾਤੀ ਨਵਜੋਤ ਮਾਹਲ ਦੀ ਬਿਹਤਰੀਨ ਕਾਰਜਸ਼ੈਲੀ ਨੇ ਜਲੰਧਰ 'ਚ ਇਕ ਨਵਾਂ ਕੀਰਤੀਮਾਨ ਸਥਾਪਤ ਕਰਕੇ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਦਿੱਤੀਆਂ। ਪੁਲਸ ਅਤੇ ਸਿਵਲ ਪ੍ਰਸ਼ਾਸਨ 'ਚ ਅਜਿਹਾ ਪਿਆਰ ਅਤੇ ਤਾਲਮੇਲ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਪਰ ਜਲੰਧਰ ਦੇ ਇਨ੍ਹਾਂ ਅਫਸਰਾਂ ਨੇ ਇਕ ਟੀਮ ਦੇ ਤੌਰ 'ਤੇ ਕੰਮ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਸਫਲਤਾ ਨਾਲ ਪਹੁੰਚਾਇਆ ਹੈ। ਇਹੋ ਹੀ ਨਹੀਂ ਹੜ੍ਹ ਪ੍ਰਬੰਧ ਦਾ ਮਸਲਾ ਹੋਵੇ ਜਾਂ ਫਿਰ ਨਸ਼ੇ 'ਤੇ ਕਾਬੂ ਪਾਉਣ ਦੀ ਕਵਾਇਦ ਇਹ ਤਿੱਕੜੀ ਹਰ ਕਸੌਟੀ 'ਤੇ ਖਰੀ ਉੱਤਰੀ ਹੈ। ਇਸ ਤੋਂ ਇਲਾਵਾ ਜ਼ਿਲੇ 'ਚ ਸ਼ਾਂਤੀ, ਭਾਈਚਾਰਕ ਸਾਂਝ, ਪ੍ਰੇਮ-ਪਿਆਰ ਨੂੰ ਬਣਾਈ ਰੱਖਣਾ ਵੀ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਲਈ ਖਾਸ ਉਪਲਬਧੀ ਰਹੀ। ਸਿਵਲ ਅਤੇ ਪੁਲਸ ਦੇ ਆਪਸੀ ਉਚਿਤ ਤਾਲਮੇਲ ਨਾਲ ਹਰ ਹਾਲਤ 'ਚ ਜ਼ਿਲੇ 'ਚ ਸ਼ਾਂਤੀ ਨੂੰ ਬਰਕਰਾਰ ਰੱਖਿਆ ਗਿਆ। ਉਥੇ ਹੀ ਜਨਤਾ ਨਾਲ ਸਬੰਧਤ ਸਮੱਸਿਆਵਾਂ ਨੂੰ ਵੀ ਬਾਖੂਬੀ ਨਾਲ ਨਿਪਟਾਇਆ।
ਵੈਸਟ ਵਿਧਾਨ ਸਭਾ ਹਲਕੇ ਨੂੰ ਮਿਲਿਆ ਲੜਕੀਆਂ ਲਈ ਸਰਕਾਰੀ ਕਾਲਜ
ਸਾਲ ਦੀ ਸ਼ੁਰੂਆਤ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੈਸਟ ਵਿਧਾਨ ਸਭਾ ਹਲਕੇ ਦੇ ਵਾਸੀਆਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਬੂਟਾ ਮੰਡੀ 'ਚ ਲੜਕੀਆਂ ਲਈ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ਕਾਲਜ ਦਾ ਨਾਂ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ 'ਤੇ ਰੱਖਿਆ ਗਿਆ। ਕਾਲਜ ਦੇ ਸ਼ੁਰੂ ਹੋਣ ਨਾਲ ਜਲੰਧਰ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਨੇੜੇ ਦੀਆਂ ਲੜਕੀਆਂ ਨੂੰ ਵੀ ਕਾਲਜ ਦਾ ਲਾਭ ਮਿਲੇਗਾ। ਸਾਲ ਦੇ ਅੰਤ ਵਿਚ ਸਰਕਾਰ ਨੇ ਇਸ ਪ੍ਰਾਜੈਕਟ ਲਈ ਫੰਡ ਰਿਲੀਜ਼ ਕਰ ਦਿੱਤੇ, ਜਿਸ ਉਪਰੰਤ ਵਿਧਾਇਕ ਸੁਸ਼ੀਲ ਰਿੰਕੂ ਨੇ ਕਾਲਜ ਦੇ ਉਸਾਰੀ ਕਾਰਜ ਦੀ ਸ਼ੁਰੂਆਤ ਕੀਤੀ। 2020 'ਚ ਲੜਕੀਆਂ ਦੇ ਕਾਲਜ ਦਾ ਨਿਰਮਾਣ ਹੋਣ ਨਾਲ ਅਗਲੇ ਸੈਸ਼ਨ 'ਚ ਇੱਥੇ ਕਲਾਸਾਂ ਵੀ ਸ਼ੁਰੂ ਹੋ ਜਾਣਗੀਆਂ।
ਕੈ. ਅਮਰਿੰਦਰ ਨੇ ਜੰਗ-ਏ-ਆਜ਼ਾਦੀ ਦੇ ਤੀਸਰੇ ਫੇਜ਼ ਨੂੰ ਰਾਸ਼ਟਰ ਨੂੰ ਕੀਤਾ ਸਮਰਪਿਤ
ਭਾਰਤ ਦੇ 73ਵੇਂ ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗ-ਏ-ਆਜ਼ਾਦੀ ਯਾਦਗਾਰ 'ਚ ਬਣਾਏ ਗਏ ਜਲਿਆਂਵਾਲਾ ਬਾਗ ਦੀ ਵੀਰ ਕਥਾ ਅਤੇ ਦੇਸ਼ ਦੇ ਆਜ਼ਾਦੀ ਸੰਘਰਸ਼ 'ਚ ਕਈ ਯੋਧਿਆਂ ਦੀ ਅੰਡੇਮਾਨ ਦੀ ਸੇਲੁਲਰ ਜੇਲ ਕੱਟਣ ਦੀ ਯਾਦ ਵਿਚ ਬਣਾਏ ਗਏ ਤੀਸਰੇ ਫੇਜ਼ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਜ਼ਿਲੇ ਦੇ ਵਿਕਾਸ ਨੂੰ ਰਫਤਾਰ ਦੇਣ ਲਈ 133 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਅਤੇ ਉਨ੍ਹਾਂ ਦੇ ਨੀਂਹ ਪੱਥਰ ਵੀ ਰੱਖੇ।
ਹੜ੍ਹ ਪੀੜਤਾਂ ਦੀ ਮਦਦ ਲਈ ਲੋਕਾਂ ਨਾਲ ਜੁੜਿਆ ਜ਼ਿਲਾ ਪ੍ਰਸ਼ਾਸਨ
19 ਅਗਸਤ ਨੂੰ ਹਿਮਾਚਲ ਅਤੇ ਪੰਜਾਬ 'ਚ ਜ਼ਬਰਦਸਤ ਮੀਂਹ ਕਾਰਣ ਫਿਲੌਰ 'ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਇਕ ਕਿਨਾਰਾ ਪਾਣੀ 'ਚ ਵਹਿ ਗਿਆ, ਜਿਸ ਨਾਲ ਖੇਤਰ ਦੇ ਕਈ ਪਿੰਡ ਹੜ੍ਹ ਦੀ ਲਪੇਟ 'ਚ ਆ ਗਏ ਪਰ ਜਿਵੇਂ ਹੀ ਬੰਨ੍ਹ ਦੇ ਕੰਢੇ ਟੁੱਟਣ ਦਾ ਪਤਾ ਜ਼ਿਲਾ ਪ੍ਰਸ਼ਾਸਨ ਨੂੰ ਲੱਗਾ ਤਾਂ ਉਸੇ ਸਮੇਂ ਸਵੇਰੇ ਹੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਅਧਿਕਾਰੀਆਂ ਨਾਲ ਹੜ੍ਹ ਵਿਚ ਫਸੇ ਲੋਕਾਂ ਨੂੰ ਉੱਥੋਂ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਜੰਗੀ ਪੱਧਰ 'ਤੇ ਬਚਾਅ ਕੰਮਾਂ ਨੂੰ ਸ਼ੁਰੂ ਕਰਵਾ ਕੇ ਸੈਂਕੜੇ ਪੀੜਤ ਪਰਿਵਾਰਾਂ ਨੂੰ ਰਾਹਤ ਦਿਵਾਈ। ਫਿਲੌਰ ਤੋਂ ਬਾਅਦ ਜਦੋਂ ਬਲਾਕ ਲੋਹੀਆਂ 'ਚ ਦਰਿਆ ਦੇ ਬੰਨ੍ਹ ਟੁੱਟੇ ਤਾਂ ਦੋਵੇਂ ਆਧਿਕਾਰੀਆਂ ਨੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਹੜ੍ਹ 'ਚ ਫਸੇ ਲੋਕਾਂ ਨੂੰ ਜਿੱਥੇ ਹੈਲੀਕਾਪਟਰ ਰਾਹੀਂ ਰਾਹਤ ਸਮੱਗਰੀ ਪਹੁੰਚਾਈ ਗਈ, ਉਥੇ ਹੀ ਲੋਕਾਂ ਨੂੰ ਕਿਸ਼ਤੀਆਂ ਜ਼ਰੀਏ ਰੈਸਕਿਊ ਕਰ ਕੇ ਸੁਰੱਖਿਅਤ ਸਥਾਨਾਂ 'ਤੇ ਲਿਆਂਦਾ ਗਿਆ। ਜਦੋਂ ਤੱਕ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਾਣੀ ਦਾ ਲੈਵਲ ਖਤਰੇ ਦੇ ਨਿਸ਼ਾਨ ਤੋਂ ਘੱਟ ਨਹੀਂ ਹੋਇਆ ਉਦੋਂ ਤੱਕ ਸਮੁੱਚੇ ਪ੍ਰਬੰਧਕੀ ਅਤੇ ਪੁਲਸ ਅਧਿਕਾਰੀਆਂ ਦੀ ਟੀਮ ਨੇ ਹੜ੍ਹ ਪੀੜਤ ਇਲਾਕਿਆਂ 'ਚ ਦਿਨ-ਰਾਤ ਡਿਊਟੀ ਕਰ ਕੇ ਲੋਕਾਂ ਦੀ ਮਦਦ ਕੀਤੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਭਾਰਤੀ ਫੌਜ ਅਤੇ ਧਾਰਮਕ ਸੰਸਥਾਵਾਂ ਦੇ ਸੇਵਕਾਂ ਦੀ ਮਦਦ ਨਾਲ ਹੜ੍ਹ 'ਚ ਰੁੜ੍ਹੇ ਬੰਨ੍ਹਾਂ ਨੂੰ ਬਣਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ। ਜ਼ਿਲਾ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਨੂੰ ਵੀ ਜ਼ਿੰਮੇਵਾਰੀ ਨਾਲ ਭਰੋਸੇਯੋਗ ਬਣਾਇਆ। ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਜਿੱਥੇ ਲੋਕਾਂ ਨੇ ਖੂਬ ਸਰਾਹਿਆ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਕੁਦਰਤੀ ਮੁਸੀਬਤ 'ਤੇ ਵਧੀਆ ਢੰਗ ਨਾਲ ਕਾਬੂ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਦੀਆਂ ਕੋਸ਼ਿਸ਼ਾਂ ਨਾਲ ਰਾਮਾ ਮੰਡੀ ਅਤੇ ਪੀ. ਏ. ਪੀ. ਫਲਾਈਓਵਰ ਹੋਏ ਸ਼ੁਰੂ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪਿਛਲੇ 10 ਸਾਲਾਂ ਤੋਂ ਲਟਕ ਰਹੇ ਰਾਮਾ ਮੰਡੀ ਅਤੇ ਪੀ. ਏ. ਪੀ. ਫਲਾਈਓਵਰ ਦੀ ਉਸਾਰੀ ਨੂੰ ਪੂਰਾ ਕਰਵਾਉਣ 'ਚ ਖਾਸ ਦਿਲਚਸਪੀ ਦਿਖਾਈ। ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਜ਼ਿਲਾ ਪ੍ਰਸ਼ਾਸਨ ਨੇ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਕਈ ਬੈਠਕਾਂ ਕਰ ਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਫਲਾਈਓਵਰ ਦੀ ਉਸਾਰੀ ਨੂੰ ਜਲਦ ਪੂਰਾ ਕਰਵਾਉਣ ਲਈ ਸਮਾਂਬੱਧ ਕੀਤਾ। ਆਖਿਰਕਾਰ ਪ੍ਰਸ਼ਾਸਨ ਦੀ ਕੋਸ਼ਿਸ਼ ਰੰਗ ਲਿਆਈ, ਜਿਸ ਕਾਰਣ ਦੋਵੇਂ ਫਲਾਈਓਵਰ ਜਨਤਾ ਨੂੰ ਸਮਰਪਿਤ ਕਰਕੇ ਆਵਾਜਾਈ ਨੂੰ ਚਲਾਇਆ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਜਲੰਧਰ ਤੋਂ ਹੋ ਕੇ ਦਿੱਲੀ-ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ ਅਤੇ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਲਾਭ ਮਿਲਿਆ ਹੈ।
ਡੇਪੋ ਮੁਹਿੰਮ ਅਤੇ ਤੰਦਰੁਸਤ ਪੰਜਾਬ ਮਿਸ਼ਨ ਪ੍ਰਾਜੈਕਟਾਂ ਨੂੰ ਬਣਾਇਆ ਯਕੀਨੀ
ਜ਼ਿਲਾ ਪ੍ਰਸ਼ਾਸਨ ਵੱਲੋਂ ਨਸ਼ਾ ਰੋਕਥਾਮ ਅਧਿਕਾਰੀ (ਡੇਪੋ) ਮੁਹਿੰਮ 'ਚ ਲੋਕਾਂ ਦੀ ਸਰਗਰਮ ਹਿੱਸੇਦਾਰੀ ਨੂੰ ਭਰੋਸੇਯੋਗ ਬਣਾਉਂਦੇ ਹੋਏ ਜ਼ਿਲੇ 'ਚ ਨਸ਼ੇ ਦੀ ਭੈੜੀ ਆਦਤ ਨੂੰ ਖਤਮ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ। ਪ੍ਰਸ਼ਾਸਨ ਦੀ ਇਸ ਪਹਿਲ ਨੂੰ ਜ਼ਿਲੇ 'ਚ ਨਸ਼ਿਆਂ ਨੂੰ ਨੱਥ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ। ਇਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਦੇ ਫਲਸਰੂਪ ਰਾਜ 'ਚ ਸ਼ੁਰੂ ਕੀਤੀ ਗਏ ਤੰਦਰੁਸਤ ਪੰਜਾਬ ਮਿਸ਼ਨ ਨੇ ਖਾਸ ਭੂਮਿਕਾ ਨਿਭਾਈ, ਜਿਸ ਦੇ ਅਨੁਸਾਰ ਸਾਰੇ ਵਿਭਾਗਾਂ ਨਾਲ ਮਿਲ ਕੇ ਰਾਜ ਵਿਚ ਲੋਕਾਂ ਦੇ ਜੀਵਨ ਪੱਧਰ 'ਚ ਸੁਧਾਰ ਲਿਆਂਦਾ ਗਿਆ। ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਲੋਕਾਂ ਲਈ ਬਿਹਤਰ ਸਿਹਤ ਨੂੰ ਭਰੋਸੇਯੋਗ ਬਣਾਉਣਾ ਹੈ। ਹਵਾ, ਪਾਣੀ ਅਤੇ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਤੋਂ ਇਲਾਵਾ ਇਸ ਮੁਹਿੰਮ ਅਨੁਸਾਰ ਲੋਕਾਂ ਲਈ ਮਿਲਾਵਟ ਰਹਿਤ ਖੁਰਾਕ ਪਦਾਰਥਾਂ ਨੂੰ ਭਰੋਸੇਯੋਗ ਬਣਾਇਆ ਗਿਆ।
ਵਿਰਸਾ ਵਿਹਾਰ 'ਚ ਏਅਰ ਥੀਏਟਰ ਦਾ ਨਿਰਮਾਣ ਕਰਵਾਇਆ ਸ਼ੁਰੂ
ਦੋਆਬਾ ਖੇਤਰ ਲਈ ਜਲੰਧਰ ਨੂੰ ਕਲਾ ਦੇ ਹੱਬ ਦੇ ਤੌਰ 'ਤੇ ਪਛਾਣੇ ਜਾਣ ਕਾਰਣ ਸ਼ਹਿਰ ਵਿਚ ਕਲਾ, ਵਿਰਾਸਤੀ ਅਤੇ ਸੱਭਿਆਚਾਰਕ ਸਰਗਰਮੀਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਰਸਾ ਵਿਹਾਰ 'ਚ ਕਈ ਸਰਗਰਮੀਆਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵਿਰਸਾ ਵਿਹਾਰ 'ਚ ਓਪਨ ਏਅਰ ਥੀਏਟਰ ਬਣਵਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ, ਜਿਸ ਦਾ ਨੀਂਹ ਪੱਥਰ ਪਿਛਲੇ 10 ਸਾਲਾਂ ਤੋਂ ਰੱਖਿਆ ਗਿਆ ਸੀ।
ਸਿਵਲ ਹਸਪਤਾਲ 'ਚ ਸਾਂਝੀ ਰਸੋਈ ਨੂੰ ਕਰਵਾਇਆ ਸ਼ੁਰੂ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਪਹਿਲ ਕਰਦੇ ਹੋਏ ਸਿਵਲ ਹਸਪਤਾਲ 'ਚ ਇਲਾਜ ਲਈ ਆਏ ਮਰੀਜ਼ਾਂ ਲਈ ਸਾਂਝੀ ਰਸੋਈ ਪ੍ਰਾਜੈਕਟ ਨੂੰ ਸ਼ੁਰੂ ਕਰਵਾਇਆ, ਜਿੱਥੇ ਕੋਈ ਵੀ ਵਿਅਕਤੀ ਸਿਰਫ 10 ਰੁਪਏ 'ਚ ਖਾਣਾ ਖਾ ਸਕਦਾ ਹੈ। ਰਿਆਇਤੀ ਰੇਟ 'ਤੇ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਲਈ ਸਾਂਝੀ ਰਸੋਈ ਪ੍ਰਾਜੈਕਟ ਅੱਜ ਵੀ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਲਗਾਤਾਰ ਦੁਸਿਹਰਾ ਅਤੇ ਦੀਵਾਲੀ ਦੇ ਤਿਉਹਾਰ ਨੂੰ ਰੈੱਡ ਕਰਾਸ ਅਤੇ ਪ੍ਰਯਾਸ ਸਕੂਲਾਂ ਵਿਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨਾਲ ਮਨਾ ਕੇ ਜਨਤਾ 'ਚ ਅਜਿਹੇ ਬੱਚਿਆਂ ਨੂੰ ਸਹਿਯੋਗ ਦੇਣ ਦਾ ਸੰਦੇਸ਼ ਦਿੱਤਾ।
ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਕਰਵਾਇਆ ਲਾਗੂ
ਜ਼ਿਲਾ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ 'ਚ ਕੋਈ ਕਸਰ ਨਹੀ ਛੱਡੀ। ਪੰਜਾਬ ਸਰਕਾਰ ਦੀਆਂ ਅਹਿਮ ਸਕੀਮਾਂ ਜਿਨ੍ਹਾਂ 'ਚ ਮੁੱਖ ਤੌਰ 'ਤੇ ਪੰਜਾਬ ਸ਼ਹਿਰੀ ਆਵਾਸ ਯੋਜਨਾ, ਗਾਰਡੀਅਨਜ਼ ਆਫ ਗਵਰਨੈਂਸ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਕਿਸਾਨ ਕਰਜ਼ਾ ਰਾਹਤ ਸਕੀਮ ਅਤੇ ਹੋਰ ਅਹਿਮ ਸਕੀਮਾਂ ਦਾ ਮੁਨਾਫ਼ਾ ਸਿੱਧਾ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ।
ਕਿਸਾਨਾਂ ਦੀਆਂ ਫਸਲਾਂ ਦਾ ਕਰਵਾਇਆ ਭੁਗਤਾਨ
ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਕਾਰਨ ਹੀ ਇਸ ਸਾਲ 10 ਲੱਖ ਮੀਟ੍ਰਿਕ ਟਨ ਝੋਨਾ ਅਤੇ 5 ਲੱਖ ਮੀਟ੍ਰਿਕ ਟਨ ਕਣਕ ਦੀ ਜ਼ਿਲੇ 'ਚ ਨਿਰਵਿਘਨ ਖਰੀਦ ਕੀਤੀ ਜਾ ਸਕੀ। ਝੋਨਾ ਅਤੇ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਨਿਰਵਿਘਨ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਦੂਜੇ ਅਧਿਕਾਰੀਆਂ ਵੱਲੋਂ ਜ਼ਿਲੇ 'ਚ ਸਥਾਪਤ ਕੀਤੇ ਗਏ 70 ਤੋਂ ਜ਼ਿਆਦਾ ਖਰੀਦ ਕੇਂਦਰਾਂ 'ਚ ਖਰੀਦ ਪ੍ਰਕਿਰਿਆ ਦਾ ਨਿੱਜੀ ਤੌਰ 'ਤੇ ਜਾ ਕੇ ਜਾਇਜ਼ਾ ਲਿਆ ਗਿਆ, ਜਿਸ ਨਾਲ ਕਿਸਾਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।
6ਵੇਂ ਸਪਾਰਕ ਕੈਰੀਅਰ ਗਾਈਡੈਂਸ ਮੇਲੇ ਦੀ ਸਫਲਤਾ ਰਹੀ ਵੱਡੀ ਉਪਲੱਬਧੀ
ਜ਼ਿਲੇ ਦੇ ਨੌਜਵਾਨਾਂ ਦੇ ਕੈਰੀਅਰ ਗਾਈਡੈਂਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ 6ਵੇਂ ਸਪਾਰਕ ਕੈਰੀਅਰ ਗਾਈਡੈਂਸ ਮੇਲੇ ਦੀ ਸਫਲਤਾ ਵੀ ਇਕ ਵੱਡੀ ਉਪਲਬਧੀ ਰਹੀ। ਇਸ ਮੇਲੇ 'ਚ ਜ਼ਿਲੇ ਭਰ ਤੋਂ 34000 ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ। ਇਸ ਮੇਲੇ ਦਾ ਮੁੱਖ ਮੰਤਵ ਵਿਦਿਆਰਥੀਆਂ ਲਈ ਸੁਨਹਿਰੇ ਭਵਿੱਖ ਲਈ ਤਿਆਰ ਕਰਨਾ ਸੀ, ਜਿਸ ਦੇ ਤਹਿਤ ਕਈ ਵਿੱਦਿਅਕ ਅਤੇ ਖੇਡ ਸਰਗਰਮੀਆਂ ਕਰਵਾਈਆਂ ਗਈਆਂ।