ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ ਵਿਚਾਲੇ ਚੱਲੀਆਂ ਗੋਲੀਆਂ, ਇਲਾਕੇ ''ਚ ਤਣਾਅ ਦਾ ਮਾਹੌਲ
Tuesday, Aug 04, 2026 - 09:05 PM (IST)
ਜਲੰਧਰ (ਸੋਨੂੰ ਮਹਾਜਨ) - ਸ਼ਹਿਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਐਕਸਾਈਜ਼ ਟੀਮ ਅਤੇ ਨਸ਼ਾ ਤਸਕਰ ਵਿਚਾਲੇ ਹੋਏ ਵਿਵਾਦ ਦੌਰਾਨ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਭਾਜੜ ਮਚ ਗਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ, ਜਦਕਿ ਕਈ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਦੇ ਹੀ ਥਾਣਾ ਭਾਰਗਵ ਕੈਂਪ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਵਾਲੀ ਥਾਂ ਤੋਂ ਇੱਕ ਗੋਲੀ ਦਾ ਖੋਲ ਬਰਾਮਦ ਕੀਤਾ। ਪੁਲਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
ਭਾਰਗਵ ਕੈਂਪ ਦੇ ਰਹਿਣ ਵਾਲੇ ਸੰਦੀਪ ਪਾਹਵਾ ਨੇ ਇਲਜ਼ਾਮ ਲਗਾਇਆ ਕਿ ਐਕਸਾਈਜ਼ ਟੀਮ ਅਕਸਰ ਇਲਾਕੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਅਤੇ ਬਿਨਾਂ ਕਿਸੇ ਸੂਚਨਾ ਦੇ ਘਰਾਂ ਵਿੱਚ ਦਾਖਲ ਹੋ ਜਾਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੰਗਲਵਾਰ ਸ਼ਾਮ ਵੀ ਐਕਸਾਈਜ਼ ਟੀਮ ਉਹਨਾਂ ਦੇ ਇਲਾਕੇ ਵਿੱਚ ਪਹੁੰਚੀ ਸੀ। ਜਦੋਂ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਵਿਵਾਦ ਵਧ ਗਿਆ ਅਤੇ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ।
ਏ.ਸੀ.ਪੀ. ਆਤੀਸ਼ ਭਾਟੀਆ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਭਾਰਗਵ ਕੈਂਪ ਇਲਾਕੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਘਟਨਾ ਵਾਲੀ ਥਾਂ ਤੋਂ ਇੱਕ ਖੋਖਾ ਬਰਾਮਦ ਹੋਇਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਐਕਸਾਈਜ਼ ਟੀਮ ਕਥਿਤ ਨਸ਼ਾ ਤਸਕਰ ਦੇ ਘਰ ਛਾਪੇਮਾਰੀ ਕਰਨ ਗਈ ਸੀ, ਜਿੱਥੇ ਵਿਰੋਧ ਦੌਰਾਨ ਵਿਵਾਦ ਹੋ ਗਿਆ ਅਤੇ ਗੋਲੀ ਚੱਲ ਗਈ। ਏਸੀਪੀ ਨੇ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀ ਕਿਸ ਨੇ ਚਲਾਈ। ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਗੋਲੀ ਚਲਾਉਣ ਵਾਲੇ ਦੀ ਪਛਾਣ ਕਰਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
