ਸਰਦੀ ਕਾਰਨ ਠੰਡਾ ਪਿਆ ਨਿਗਮ, ਫਰਵਰੀ-ਮਾਰਚ ’ਚ ਕੋਡ ਆਫ਼ ਕੰਡਕਟ ਲੱਗਾ ਤਾਂ ਠੱਪ ਹੋ ਜਾਣਗੇ ਸਾਰੇ ਕੰਮ

Wednesday, Jan 17, 2024 - 11:56 AM (IST)

ਜਲੰਧਰ (ਖੁਰਾਣਾ)–ਇਨ੍ਹੀਂ ਦਿਨੀਂ ਪੂਰੇ ਪੰਜਾਬ ਦੇ ਨਾਲ-ਨਾਲ ਜਲੰਧਰ ਵਿਚ ਮੌਸਮ ਬਹੁਤ ਠੰਡਾ ਅਤੇ ਖਰਾਬ ਚੱਲ ਰਿਹਾ ਹੈ। ਦਿਨ ਦੇ ਸਮੇਂ ਵੀ ਧੁੰਦ ਅਤੇ ਕੋਹਰੇ ਕਾਰਨ ਪਾਰਾ ਬਹੁਤ ਡਿੱਗ ਜਾਂਦਾ ਹੈ ਅਤੇ ਲੋਕ ਘਰਾਂ ਵਿਚ ਹੀ ਬੈਠੇ ਰਹਿਣ ’ਤੇ ਮਜਬੂਰ ਹਨ। ਅਜਿਹੀ ਸਰਦੀ ਵਿਚ ਅੱਜਕਲ੍ਹ ਜਲੰਧਰ ਨਗਰ ਨਿਗਮ ਦਾ ਕੰਮ ਵੀ ਬਿਲਕੁਲ ਠੰਡਾ ਪਿਆ ਹੋਇਆ ਹੈ। ਵਧੇਰੇ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਸੀਟਾਂ ਤੋਂ ਗਾਇਬ ਨਜ਼ਰ ਆਉਂਦੇ ਹਨ ਅਤੇ ਜਿਹੜੇ ਅਧਿਕਾਰੀ ਨਿਗਮ ਆਉਂਦੇ ਵੀ ਹਨ, ਉਹ ਵੀ ਹੀਟਰ ਸੇਕਦੇ ਨਜ਼ਰ ਆਉਂਦੇ ਹਨ। ਇਸ ਕਾਰਨ ਨਿਗਮ ਦੀਆਂ ਸਾਰੀਆਂ ਮੁਹਿੰਮਾਂ ਲਗਭਗ ਬੰਦ ਹਨ ਅਤੇ ਵਸੂਲੀ ਤਕ ਪ੍ਰਭਾਵਿਤ ਹੋ ਰਹੀ ਹੈ। ਹੋਰ ਤਾਂ ਹੋਰ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਨਾ ਬੈਠਣ ਨਾਲ ਨਿਗਮ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ ਵੀ ਬਹੁਤ ਪ੍ਰੇਸ਼ਾਨ ਹੁੰਦੇ ਹਨ। ਇਸ ਸਮੇਂ ਜਲੰਧਰ ਵਿਚ ਕੋਈ ਕੌਂਸਲਰ ਵੀ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਨਿਗਮ ਤੋਂ ਕੰਮ ਕਰਵਾਉਣ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੰਧਾਵਾ ਦੇ ਜਾਣ ਤੋਂ ਬਾਅਦ ਕਿਸੇ ਨੇ ਚੈੱਕ ਹੀ ਨਹੀਂ ਕੀਤੀ ਹਾਜ਼ਰੀ
ਨਗਰ ਨਿਗਮ ਵਿਚ ਜਦੋਂ ਮੈਡਮ ਗੁਰਵਿੰਦਰ ਕੌਰ ਰੰਧਾਵਾ ਜੁਆਇੰਟ ਕਮਿਸ਼ਨਰ ਹੁੰਦੇ ਸਨ, ਉਦੋਂ ਉਹ ਹਰ ਦੂਜੇ-ਚੌਥੇ ਦਿਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕਰਦੇ ਸਨ ਅਤੇ ਗੈਰ-ਹਾਜ਼ਰ ਰਹਿਣ ਵਾਲਿਆਂ ਨੂੰ ਨੋਟਿਸ ਤਕ ਜਾਰੀ ਹੁੰਦੇ ਸਨ ਪਰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਇਹ ਸਿਲਸਿਲਾ ਵੀ ਠੱਪ ਹੋ ਕੇ ਰਹਿ ਗਿਆ ਹੈ ਅਤੇ ਉਸ ਤੋਂ ਬਾਅਦ ਕਿਸੇ ਨੇ ਵੀ ਨਿਗਮ ਦੇ ਦਫਤਰ ਜਾ ਕੇ ਕਿਸੇ ਦੀ ਹਾਜ਼ਰੀ ਚੈੱਕ ਨਹੀਂ ਕੀਤੀ। ਅੱਜ ਹਾਲਤ ਇਹ ਹੈ ਕਿ ਜਦੋਂ ਕਮਿਸ਼ਨਰ ਆਪਣੇ ਆਫਿਸ ਵਿਚ ਬੈਠੇ ਹੁੰਦੇ ਹਨ, ਉਦੋਂ ਵਧੇਰੇ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਸੀਟਾਂ ’ਤੇ ਦਿਖਾਈ ਦਿੰਦੇ ਹਨ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਵਧੇਰੇ ਦਫਤਰ ਖਾਲੀ ਹੋਣੇ ਸ਼ੁਰੂ ਹੋ ਜਾਂਦੇ ਹਨ। ਸ਼ਾਮ ਦੇ 4 ਵਜਦੇ ਹੀ ਨਿਗਮ ਦੀ ਪੂਰੀ ਬਿਲਡਿੰਗ ਸੁੰਨਸਾਨ ਦਿਖਾਈ ਦੇਣ ਲੱਗਦੀ ਹੈ।

ਇਹ ਵੀ ਪੜ੍ਹੋ :  ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ

ਨਿਗਮ ਵਿਚ ਰੁਕੀਆਂ ਹੋਈਆਂ ਹਨ ਮਹੱਤਵਪੂਰਨ ਫਾਈਲਾਂ
ਨਗਰ ਨਿਗਮ ਕਮਿਸ਼ਨਰ ਨੂੰ ਵਾਰ-ਵਾਰ ਬਦਲੇ ਜਾਣ ਨਾਲ ਪਿਛਲੇ ਸਮੇਂ ਦੌਰਾਨ ਜਲੰਧਰ ਨਿਗਮ ਦੇ ਕਈ ਮਹੱਤਵਪੂਰਨ ਪ੍ਰਾਜੈਕਟ ਲਟਕੇ ਹੋਏ ਹਨ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਦਿਨ-ਰਾਤ ਧੁੰਦ ਪੈ ਰਹੀ ਹੈ ਪਰ ਸ਼ਹਿਰ ਦੀਆਂ ਹਜ਼ਾਰਾਂ ਸਟਰੀਟ ਲਾਈਟਾਂ ਖਰਾਬ ਪਈਆਂ ਹਨ। ਲਗਭਗ 6 ਹਜ਼ਾਰ ਨਵੀਆਂ ਸਟਰੀਟ ਲਾਈਟਾਂ ਲਾਉਣ ਦੇ ਕੰਮ ਦੇ ਟੈਂਡਰ ਕਾਫੀ ਸਮਾਂ ਪਹਿਲਾਂ ਲਾਏ ਗਏ ਸਨ ਪਰ ਅਜੇ ਤਕ ਉਨ੍ਹਾਂ ਦਾ ਵਰਕ ਆਰਡਰ ਹੀ ਜਾਰੀ ਨਹੀਂ ਕੀਤਾ ਗਿਆ। ਸਟਰੀਟ ਲਾਈਟਾਂ ਨੂੰ ਮੇਨਟੇਨ ਕਰਨ ਸਬੰਧੀ ਟੈਂਡਰ ਦੀ ਪ੍ਰਕਿਰਿਆ ਵੀ ਅਜੇ ਪੂਰੀ ਨਹੀਂ ਹੋਈ। ਅਜਿਹੇ ਕਈ ਕੰਮ ਹਨ, ਜਿਨ੍ਹਾਂ ’ਤੇ ਜਲਦ ਫੈਸਲਾ ਨਾ ਲੈਣ ਨਾਲ ਸ਼ਹਿਰ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ।

ਚੋਣਾਵੀ ਕੋਡ ਲੱਗਣ ਨਾਲ ਸੜਕ ਦੇ ਨਿਰਮਾਣ ਕਾਰਜਾਂ ’ਚ ਆਵੇਗੀ ਮੁਸ਼ਕਿਲ
22 ਜਨਵਰੀ ਨੂੰ ਰਾਮ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਤੋਂ ਬਾਅਦ ਕੇਂਦਰ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਦੇਸ਼ ਵਿਚ ਸੰਸਦੀ ਚੋਣਾਂ ਕਰਵਾ ਲਈਆਂ ਜਾਣ। ਅਜਿਹੇ ਿਵਚ ਫਰਵਰੀ ਜਾਂ ਮਾਰਚ ਮਹੀਨੇ ਦੇ ਆਰੰਭ ਵਿਚ ਚੋਣਾਵੀ ਕੋਡ ਆਫ ਕੰਡਕਟ ਲੱਗ ਸਕਦਾ ਹੈ, ਜਿਸ ਕਾਰਨ ਜਲੰਧਰ ਵਿਚ ਸੜਕ ਦੇ ਨਿਰਮਾਣ ਕਾਰਜਾਂ ਵਿਚ ਮੁਸ਼ਕਲ ਪੇਸ਼ ਆ ਸਕਦੀ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਨਾਬਾਲਗ ਕੁੜੀ ਨਾਲ ਦੋ ਨੌਜਵਾਨਾਂ ਵੱਲੋਂ ਗੈਂਗਰੇਪ, ਵੀਡੀਓ ਹੋਈ ਵਾਇਰਲ

ਜ਼ਿਕਰਯੋਗ ਹੈ ਕਿ ਇਸ ਸਮੇਂ ਨਕੋਦਰ ਰੋਡ, ਕੂਲ ਰੋਡ ਅਤੇ ਮਹਾਵੀਰ ਮਾਰਗ ਵਰਗੀਆਂ ਕਈ ਮੇਨ ਸੜਕਾਂ ਬਹੁਤ ਬੁਰੀ ਹਾਲਤ ਵਿਚ ਹਨ। ਨਿਗਮ ਉਨ੍ਹਾਂ ਨੂੰ ਸਰਦੀਆਂ ਦੇ ਮੌਸਮ ਤੋਂ ਬਾਅਦ ਬਣਵਾਉਣਾ ਚਾਹੁੰਦਾ ਹੈ ਪਰ ਜੇਕਰ ਫਰਵਰੀ-ਮਾਰਚ ਵਿਚ ਕੋਡ ਆਫ ਕੰਡਕਟ ਲੱਗ ਗਿਆ ਤਾਂ ਇਨ੍ਹਾਂ ਸਾਰੀਆਂ ਸੜਕਾਂ ਦਾ ਨਿਰਮਾਣ ਕਾਰਜ ਰੁਕ ਸਕਦਾ ਹੈ। ਭਾਵੇਂ ਅਜਿਹੀਆਂ ਵਧੇਰੇ ਸੜਕਾਂ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਵਰਕ ਆਰਡਰ ਵੀ ਜਾਰੀ ਹੋ ਗਏ ਹਨ। ਅਜਿਹੇ ਵਿਚ ਇਨ੍ਹਾਂ ਸੜਕਾਂ ਦੇ ਨਿਰਮਾਣ ਵਿਚ ਕੋਈ ਮੁਸ਼ਕਲ ਤਾਂ ਪੇਸ਼ ਨਹੀਂ ਆਉਣੀ ਚਾਹੀਦੀ ਪਰ ਫਿਰ ਵੀ ਚੋਣ ਕਮਿਸ਼ਨ ਅਕਸਰ ਵਿਵਾਦਾਂ ਤੋਂ ਬਚਣ ਲਈ ਵਧੇਰੇ ਕੰਮ ਰੁਕਵਾ ਹੀ ਦਿੰਦਾ ਹੈ। ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਸ਼ਹਿਰ ਦੇ ਕਈ ਹੋਰ ਵਿਕਾਸ ਕਾਰਜ ਵੀ ਕਾਫੀ ਪ੍ਰਭਾਵਿਤ ਹੋਣਗੇ।

ਸਮਾਰਟ ਸਿਟੀ ਦੇ ਕੰਮ ਵੀ ਪੂਰੀ ਤਰ੍ਹਾਂ ਨਾਲ ਠੱਪ
ਪੰਜਾਬ ਸਰਕਾਰ ਨੇ ਸਮਾਰਟ ਸਿਟੀ ਤਹਿਤ ਹੋਏ ਸਾਰੇ ਕੰਮਾਂ ਦੀ ਜਾਂਚ ਦਾ ਜ਼ਿੰਮਾ ਸਟੇਟ ਵਿਜੀਲੈਂਸ ਨੂੰ ਸੌਂਪਿਆ ਹੋਇਆ ਹੈ ਅਤੇ ਹੁਣ ਤਾਂ ਕੇਂਦਰ ਸਰਕਾਰ ਨੇ ਵੀ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਜਾਂਚ ਸ਼ੁਰੂ ਕਰਨ ਦੇ ਸੰਕੇਤ ਦੇ ਦਿੱਤੇ ਹਨ। ਅਜਿਹੇ ਵਿਚ ਜਲੰਧਰ ਸਮਾਰਟ ਸਿਟੀ ਅਤੇ ਜਲੰਧਰ ਨਿਗਮ ਦੇ ਮੌਜੂਦਾ ਅਧਿਕਾਰੀਆਂ ਨੇ ਬਚੇ-ਖੁਚੇ ਕੰਮਾਂ ਨੂੰ ਵੀ ਲਗਭਗ ਬੰਦ ਕਰ ਦਿੱਤਾ ਹੈ। ਸਮਾਰਟ ਸਿਟੀ ਦੇ ਕਈ ਪ੍ਰਾਜੈਕਟ ਪੂਰੇ ਹੋਣ ਦਾ ਨਾਂ ਹੀ ਨਹੀਂ ਲੈ ਰਹੇ। ਹੁਣ ਨਾ ਤਾਂ ਠੇਕੇਦਾਰਾਂ ਨੂੰ ਨਵੀਂ ਪੇਮੈਂਟ ਕੀਤੀ ਜਾ ਰਹੀ ਹੈ ਅਤੇ ਨਾ ਹੀ ਠੇਕੇਦਾਰ ਕੋਈ ਕੰਮ ਹੀ ਨਿਬੇੜ ਰਹੇ ਹਨ। ਸਮਾਰਟ ਸਿਟੀ ਦੇ ਅਧੂਰੇ ਕੰਮਾਂ ਤੋਂ ਲੋਕ ਫਿਰ ਪ੍ਰੇਸ਼ਾਨ ਹੋਣ ਲੱਗ ਗਏ ਹਨ। ਸਪੋਰਟਸ ਹੱਬ ਅਤੇ ਬਾਇਓ-ਮਾਈਨਿੰਗ ਪ੍ਰਾਜੈਕਟ ਵੀ ਲਟਕ ਗਏ ਜਾਪ ਰਹੇ ਹਨ। ਸਰਫੇਸ ਵਾਟਰ ਪ੍ਰਾਜੈਕਟ ਵਿਚ ਵੀ ਕਈ ਅੜਚਨਾਂ ਆ ਰਹੀਆਂ ਹਨ। ਚੋਣਾਵੀ ਮਾਹੌਲ ਵਿਚ ਇਸ ਪ੍ਰਾਜੈਕਟ ਤਹਿਤ ਨਵੀਆਂ ਸੜਕਾਂ ਨੂੰ ਖੋਦਣ ’ਤੇ ਵੀ ਪਾਬੰਦੀ ਲੱਗ ਸਕਦੀ ਹੈ। ਕੁਲ ਮਿਲਾ ਕੇ ਜਲੰਧਰ ਸਮਾਰਟ ਸਿਟੀ ਦਾ ਕੰਮ ਹੁਣ ਲਗਭਗ ਸਿਮਟ ਗਿਆ ਜਾਪ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ 'ਚ ਅਕਾਲੀ ਦਲ-ਬਸਪਾ ਦਾ ਟੁੱਟਿਆ ਗਠਜੋੜ ! BSP ਮੁਖੀ ਮਾਇਆਵਤੀ ਨੇ ਕੀਤਾ ਵੱਡਾ ਐਲਾਨ

 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News