114 ਸਾਲ ਪਹਿਲਾਂ ਬਣੇ ਜਲੰਧਰ ਦੇ ਸਿਵਲ ਹਸਪਤਾਲ ਨੇ ਹਾਲੇ ਵੀ VIP ਇਤਿਹਾਸ ਨੂੰ ਸੰਜੋਇਆ, ਜਾਣੋ ਕਿਵੇਂ
Monday, Oct 02, 2023 - 01:42 PM (IST)
 
            
            ਜਲੰਧਰ (ਸ਼ੋਰੀ) : ਜਲੰਧਰ ਸਿਵਲ ਹਸਪਤਾਲ ਨੇ ਆਪਣੇ ਆਪ ’ਚ ਵੀ. ਆਈ. ਪੀ. ਇਤਿਹਾਸ ਨੂੰ ਸੰਜੋਇਆ ਹੋਇਆ ਹੈ ਤੇ ਇਸ ’ਚ ਇਕ ਸਮੇਂ ਸਿਰਫ਼ ਅੰਗਰੇਜ਼ਾਂ ਦਾ ਹੀ ਇਲਾਜ ਹੁੰਦਾ ਸੀ ਪਰ ਸਮਾਂ ਬਦਲਿਆ ਤੇ ਆਜ਼ਾਦੀ ਤੋਂ ਬਾਅਦ ਇਹ ਪੰਜਾਬ ਦਾ ਸਭ ਤੋਂ ਵੱਡਾ ਸਿਵਲ ਹਸਪਤਾਲ ਜਲੰਧਰ ’ਚ ਬਣ ਚੁੱਕਾ ਹੈ, ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ’ਚ ਮਰੀਜ਼ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਹਨ। ਸਿਵਲ ਹਸਪਤਾਲ ਦੇ ਇਤਿਹਾਸ ’ਤੇ ਨਜ਼ਰ ਦੌੜਾਈ ਜਾਵੇ ਤਾਂ ਤੁਸੀਂ ਵੀ ਦੰਗ ਰਹਿ ਜਾਓਗੇ। ਸਿਵਲ ਹਸਪਤਾਲ ਦੀ ਸਥਾਪਨਾ 25 ਦਸੰਬਰ, 1909 ’ਚ ਹੋਈ ਸੀ। ਅੰਗਰੇਜ਼ਾਂ ਦੇ ਜ਼ਮਾਨੇ ਦੇ ਤਤਕਾਲੀਨ ਲੈਫ. ਗਵਰਨਰ ਪੰਜਾਬ ਸਰ ਲੁਈਸ ਡੇਨ ਨੇ ਵਿਕਟੋਰੀਆ ਮੈਮੋਰੀਅਲ ਹਸਪਤਾਲ ਦੇ ਨਾਂ ਨਾਲ ਨੀਂਹ-ਪੱਥਰ ਰੱਖਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੁਰੂ-ਸ਼ੁਰੂ ’ਚ ਇਥੇ ਛੋਟੇ-ਛੋਟੇ ਕਮਰੇ ਹੁੰਦੇ ਸਨ ਤੇ ਅੰਗਰੇਜ਼ ਡਾਕਟਰ ਮਰੀਜ਼ਾਂ ਦਾ ਇਲਾਜ ਕਰਦੇ ਸਨ। ਹੌਲੀ-ਹੌਲੀ ਸਮਾਂ ਬਦਲਦਾ ਗਿਆ ਤੇ ਭਾਰਤ ਆਜ਼ਾਦ ਹੋਇਆ। ਇਸ ਤਰ੍ਹਾਂ ਹਸਪਤਾਲ ਵੀ ਬਦਲਦਾ ਗਿਆ। ਆਜ਼ਾਦ ਭਾਰਤ ’ਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਡਾ. ਜ਼ੈਲ ਸਿੰਘ ਨੇ ਸੰਨ 1975 ’ਚ ਹਸਪਤਾਲ ’ਚ ਡਾਕਟਰਾਂ ਦੇ ਬੈਠਣ ਲਈ ਨਵੇਂ ਕਮਰੇ ਬਣਾਉਣ ਦਾ ਨੀਂਹ-ਪੱਥਰ ਰੱਖਿਆ ਤੇ ਹਸਪਤਾਲ ਦਾ ਵਿਕਟੋਰੀਆ ਮੈਮੋਰੀਅਲ ਹਸਪਤਾਲ ਤੋਂ ਨਾਂ ਬਦਲ ਕੇ ਸੁਤੰਤਰਤਾ ਸੈਨਾਨੀ ਸ਼ਹੀਦ ਬਾਬੂ ਲਾਭ ਸਿੰਘ ਦੇ ਨਾਂ ’ਤੇ ਰੱਖਿਆ ਗਿਆ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ ਨਾ ਆਉਣ ਕਾਰਨ ਵਿਦਿਆਰਥੀਆਂ ਸਮੇਤ ਸਵਾਰੀਆਂ ਹੋ ਰਹੀਆਂ ਨੇ ਪ੍ਰੇਸ਼ਾਨ
ਹਸਪਤਾਲ ’ਚ ਰੋਗੀ ਕਲਿਆਣ ਸਮਿਤੀ ਦੇ ਮੈਂਬਰ ਸੁਰਿੰਦਰ ਸੈਣੀ ਦੱਸਦੇ ਹਨ ਕਿ ਉਨ੍ਹਾਂ ਦੇ ਪੂਰਵਜ ਸ਼ਹੀਦ ਬਾਬੂ ਲਾਭ ਸਿੰਘ ਸੁਤੰਤਰਤਾ ਸੈਨਾਨੀ ਸਨ ਤੇ ਰੈਣਕ ਬਾਜ਼ਾਰ ’ਚ ਕੁਝ ਸਾਲ ਪਹਿਲਾਂ ਦੰਗਾਈਆਂ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਨੇ ਇਸ ਬਾਰੇ ਤਤਕਾਲੀਨ ਮੁੱਖ ਮੰਤਰੀ ਡਾ. ਜ਼ੈਲ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਅੰਗਰੇਜ਼ਾਂ ਦਾ ਰਾਜ ਖ਼ਤਮ ਹੋ ਚੁੱਕਾ ਹੈ ਤੇ ਇੰਗਲੈਂਡ ਦੀ ਮਹਾਰਾਣੀ ਦੇ ਨਾਂ ’ਤੇ ਰੱਖੇ ਹਸਪਤਾਲ ਦਾ ਨਾਂ ਬਦਲਿਆ ਜਾਵੇ। ਇਸ ਤੋਂ ਬਾਅਦ ਹਸਪਤਾਲ ਦਾ ਨਾਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਪਿਆ। ਸੁਰਿੰਦਰ ਸੈਣੀ ਮੁਤਾਬਕ ਮੈਮੋਰੀਅਲ ਹਸਪਤਾਲ ’ਚ ਆਮ ਲੋਕਾਂ ਦਾ ਇਲਾਜ ਨਹੀਂ ਹੁੰਦਾ ਸੀ ਸਗੋਂ ਅੰਗਰੇਜ਼ੀ ਡਾਕਟਰ ਅੰਗਰੇਜ਼ਾਂ ਦਾ ਹੀ ਇਲਾਜ ਕਰਦੇ ਸਨ ਤੇ ਹਸਪਤਾਲ ’ਚ ਆਪਣਾ ਕਬਜ਼ਾ ਜਮਾਏ ਬੈਠੇ ਸਨ।
ਇਹ ਵੀ ਪੜ੍ਹੋ- ਗਣਪਤੀ ਵਿਸਰਜਨ ਕਰ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਦੀ ਹਾਦਸੇ ’ਚ ਮੌਤ
ਸਾਬਕਾ ਸਿਹਤ ਮੰਤਰੀ ਕਾਲੀਆ ਦਾ ਯੋਗਦਾਨ ਵੀ ਰਿਹਾ ਅਹਿਮ, 6 ਕਰੋੜ ਨਾਲ ਨਵੀਂ ਬਿਲਡਿੰਗ ਕਰਵਾਈ ਤਿਆਰ
ਸਿਵਲ ਹਸਪਤਾਲ ਜਿਵੇਂ-ਜਿਵੇਂ ਨਵੇਂ ਯੁੱਗ ’ਚ ਪੈਰ ਰੱਖਦਾ ਗਿਆ ਤਾਂ ਇਥੋਂ ਦੀ ਨੁਹਾਰ ਵੀ ਬਦਲਦੀ ਗਈ। ਹਸਪਤਾਲ ’ਚ ਕਈ ਨਵੀਆਂ ਬਿਲਡਿੰਗਾਂ ਵੀ ਬਣੀਆਂ। ਗੱਲ ਕਰੀਏ ਤਾਂ ਟੀ. ਬੀ. ਵਾਰਡ ਵੀ ਇੱਥੇ ਸਾਲ 1993 ’ਚ ਬਣਿਆ। ਉਸ ਦੌਰਾਨ ਆਈ. ਏ. ਐੱਸ. ਅਫਸਰ ਆਰ. ਪੀ. ਐੱਸ. ਪਵਾਰ ਨੇ ਟੀ. ਬੀ. ਦੀ ਓ. ਪੀ. ਡੀ. ’ਚ ਬੈਠਣ ਲਈ ਡਾਕਟਰਾਂ ਲਈ ਕਮਰਿਆਂ ਦਾ ਨਿਰਮਾਣ ਕਰਵਾਇਆ। ਇਸ ਤੋਂ ਬਾਅਦ ਹੁਣ ਟੀ. ਬੀ. ਦੇ ਮਰੀਜ਼ਾਂ ਦੇ ਇਲਾਜ ਲਈ ਨਵੀਂ ਬਿਲਡਿੰਗ ਲਗਭਗ 20 ਲੱਖ ਰੁਪਏ ਦੀ ਗ੍ਰਾਂਟ ਨਾਲ ਤਿਆਰ ਕੀਤੀ ਗਈ ਹੈ। ਹਾਲਾਂਕਿ ਸਟਾਫ ਦੀ ਕਮੀ ਕਾਰਨ ਇਸ ਵਾਰਡ ਨੂੰ ਮਰੀਜ਼ਾਂ ਦੇ ਹਵਾਲੇ ਨਹੀਂ ਕੀਤਾ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਦੌਰਾਨ ਵੀ ਸਿਹਤ ਮੰਤਰੀ ਰਹੇ ਮਨੋਰੰਜਨ ਕਾਲੀਆ ਦਾ ਸੁਪਨਾ ਸੀ ਕਿ ਸਿਵਲ ਹਸਪਤਾਲ ’ਚ ਵੱਡੇ ਪੱਧਰ ’ਤੇ ਨਿਰਮਾਣ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਇੱਥੇ ਆ ਕੇ ਸਿਹਤ ਸਹੂਲਤਾਂ ਦਾ ਲਾਭ ਲੈ ਸਕਣ। ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਉਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ’ਚ ਮਾਮਲਾ ਲਿਆ ਕੇ ਉਨ੍ਹਾਂ ਨੇ ਹਸਪਤਾਲ ’ਚ ਨਵੀਂ ਬਿਲਡਿੰਗ ਤਿਆਰ ਕਰਵਾਉਣ ਲਈ ਲਗਭਗ 6 ਕਰੋੜ ਦਾ ਫੰਡ ਜਾਰੀ ਕਰਵਾ ਕੇ ਸਾਲ 1999 ਨੂੰ ਨੀਂਹ ਪੱਥਰ ਰੱਖਿਆ ਤੇ ਫਿਰ ਲਗਾਤਾਰ ਦਿਨ-ਰਾਤ ਕੰਮ ਹੁੰਦਾ ਰਿਹਾ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਾਲ 2001 ’ਚ ਹੀ ਬਿਲਡਿੰਗ ਤੇਜ਼ੀ ਨਾਲ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ। ਸਾਬਕਾ ਮੰਤਰੀ ਕਾਲੀਆ ਦੱਸਦੇ ਹਨ ਕਿ ਉਨ੍ਹਾਂ ਨੇ ਸੁਤੰਤਰਤਾ ਸੈਨਾਨੀਆਂ ਨੂੰ ਬੁਲਾ ਕੇ ਉਨ੍ਹਾਂ ਤੋਂ ਉਦਘਾਟਨ ਕਰਵਾਇਆ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਬਿਲਡਿੰਗਾਂ ਦੀ ਮੇਨਟੀਨੈਂਸ ਠੀਕ ਤਰੀਕੇ ਨਾਲ ਨਾ ਹੋਣ ਕਾਰਨ ਵਧੇਰੇ ਬਿਲਡਿੰਗਾਂ ਖਰਾਬ ਹੋ ਰਹੀਆਂ ਹਨ। 

ਇਹ ਵੀ ਪੜ੍ਹੋ- ਨਵਜੋਤ ਸਿੱਧੂ ਹੋਏ ਸਰਗਰਮ ‘ਦਿੱਲੀਓਂ’ ਤਾਰ ‘ਖੜਕਣ’ ਦੀ ਚਰਚਾ
ਟਰੌਮਾ ਵਾਰਡ, ਜੱਚਾ-ਬੱਚਾ ਹਸਪਤਾਲ, ਨਸ਼ਾ ਛੁਡਾਊ ਕੇਂਦਰ ਵੀ ਇਲਾਜ ਕਰਨ ’ਚ ਅੱਗੇ
ਹਸਪਤਾਲ ’ਚ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤੇ ਗਏ ਟਰੌਮਾ ਵਾਰਡ ਜਿੱਥੇ ਸੱਪ ਦੇ ਕੱਟੇ, ਸੜਕ ਹਾਦਸਿਆਂ ’ਚ ਜ਼ਖਮੀ, ਜ਼ਹਿਰ ਦਾ ਸੇਵਨ ਕਰਨ ਵਾਲੇ ਆਦਿ ਮਰੀਜ਼ ਇਲਾਜ ਲਈ ਦਾਖਲ ਹੁੰਦੇ ਹਨ। ਇੱਥੇ ਅੱਜ ਵੀ ਲੋਕ ਸਿਹਤ ਸਹੂਲਤਾਂ ਦਾ ਫ੍ਰੀ ’ਚ ਲਾਭ ਲੈ ਰਹੇ ਹਨ। ਟਰੌਮਾ ਵਾਰਡ ’ਚ ਇਲਾਜ ਅਧੀਨ ਮਰੀਜ਼ਾਂ ਦਾ ਇਲਾਜ ਫ੍ਰੀ ਕੀਤਾ ਜਾਂਦਾ ਹੈ। ਇਸ ਦੇ ਨਾਲ ਨਸ਼ਾ ਕਰਨ ਵਾਲੇ ਲੋਕ ਵੀ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਹੋ ਕੇ ਤੇ ਓ. ਪੀ. ਡੀ. ’ਚ ਦਵਾਈ ਲੈ ਕੇ ਨਸ਼ੇ ਦਾ ਤਿਆਗ ਕਰ ਰਹੇ ਹਨ। ਜੱਚਾ-ਬੱਚਾ ਹਸਪਤਾਲ ’ਚ ਵੀ ਗਰਭਵਤੀ ਔਰਤਾਂ ਦੀ ਫ੍ਰੀ ’ਚ ਡਲਿਵਰੀ ਹੋਣ ਦੇ ਨਾਲ ਨਵਜੰਮੇ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ‘ਆਪ’ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਟਰੌਮਾ ਵਾਰਡ ਦੀ ਦੂਸਰੀ ਮੰਜ਼ਿਲ ’ਤੇ ਤਿਆਰ ਹੋਏ ਨਵੇਂ ਆਧੁਨਿਕ ਬਰਨ ਕੇਅਰ ਯੂਨਿਟ ਦਾ ਵੀ ਉਦਘਾਟਨ ਕੀਤਾ। ਇਹ ਵਾਰਡ 1 ਕਰੋੜ 21 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਤੇ ਫੁੱਲੀ ਏ. ਸੀ. ਹੈ। ਉੱਥੇ ਹੀ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਿੰਟੈਂਡੈਂਟ ਡਾ. ਗੀਤਾ, ਸੀਨੀ. ਮੈਡੀਕਲ ਅਫਸਰ ਡਾ. ਵਰਿੰਦਰ ਕੌਰ ਤੇ ਡਾ. ਪਰਮਜੀਤ ਸਿੰਘ, ਡਾ. ਸਤਿੰਦਰ ਬਜਾਜ, ਡਾ. ਸੁਰਜੀਤ ਸਿੰਘ ਵੀ ਸਮੇਂ-ਸਮੇਂ ’ਤੇ ਬਿਨਾਂ ਦੱਸੇ ਮਰੀਜ਼ਾਂ ਦਾ ਹਾਲਚਾਲ ਜਾਣਨ ਲਈ ਖੁਦ ਵਾਰਡਾਂ ’ਚ ਘੁੰਮਦੇ ਦੇਖੇ ਜਾ ਸਕਦੇ ਹਨ, ਜੋ ਕਿ ਇਕ ਚੰਗੀ ਪਹਿਲ ਹੈ।

ਡੀ. ਐੱਨ. ਬੀ. ਕੋਰਸ ਨੇ ਵੀ ਦੂਸਰੇ ਸੂਬਿਆਂ ’ਚ ਕੀਤਾ ਹਸਪਤਾਲ ਦਾ ਨਾਂ ਰੌਸ਼ਨ
ਸਿਵਲ ਹਸਪਤਾਲ ’ਚ ਕਿਸੇ ਨੂੰ ਯਕੀਨ ਨਹੀਂ ਸੀ ਕਿ ਇਥੇ ਡੀ. ਐੱਨ. ਬੀ. ਕਾਲਜ ਦੀ ਸਥਾਪਨਾ ਹੋਵੇਗੀ। ਗੌਰ ਹੋਵੇ ਕਿ ਇਸ ਕਾਲਜ ਦੀ ਪਰਮਿਸ਼ਨ ਲਈ ਸੀਨੀ. ਮੈਡੀਕਲ ਅਫਸਰ ਡਾ. ਸਤਿੰਦਰ ਬਜਾਜ, ਡਾ. ਪਰਮਜੀਤ ਸਿੰਘ ਨੇ ਸਾਲ 2019 ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਕੁਝ ਡਾਕਟਰਾਂ ਦਾ ਮੰਨਣਾ ਸੀ ਕਿ ਇਹ ਸੁਪਨਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ ਪਰ ਡਾ. ਬਜਾਜ ਤੇ ਡਾ. ਪਰਮਜੀਤ ਨੇ ਹੌਸਲਾ ਨਹੀਂ ਛੱਡਿਆ ਤੇ ਉਨ੍ਹਾਂ ਦੀ ਮਿਹਨਤ ਦਾ ਫਲ ਹੈ ਕਿ ਅੱਜ ਹਸਪਤਾਲ ’ਚ ਡੀ. ਐੱਨ. ਬੀ. ਕਾਲਜ ਸਥਾਪਿਤ ਹੋ ਚੁੱਕਾ ਹੈ, ਜਿੱਥੇ ਦੂਸਰੇ ਸੂਬਿਆਂ ਤੋਂ ਵਿਦਿਆਰਥੀ ਵੀ ਪੜ੍ਹਾਈ ਲਈ ਆ ਰਹੇ ਹਨ। ਡੀ. ਐੱਨ. ਬੀ. ਕਾਲਜ ਦੇ ਡੀਨ ਅਕੈਡਮਿਕਸ, ਕੋ-ਆਰਡੀਨੇਟਰ-ਕਮ-ਨੋਡਲ ਆਫਿਸਰ ਡਾ. ਸਤਿੰਦਰ ਬਜਾਜ ਦੱਸਦੇ ਹਨ ਕਿ ਉਨ੍ਹਾਂ ਕੋਲ 19 ਡੀ. ਐੱਨ. ਬੀ. ਵਿਦਿਆਰਥੀ ਹਨ ਤੇ 19 ਵਿਦਿਆਰਥੀ ਹੋਰ ਜਲਦੀ ਹੀ ਜੁਆਇਨ ਕਰਨ ਵਾਲੇ ਹਨ। ਸਿਵਲ ਹਸਪਤਾਲ ’ਚ ਲੱਗਭਗ 500 ਬੈੱਡ ਹਨ ਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਨਿਯਮਾਂ ਮੁਤਾਬਕ ਡੀ. ਐੱਨ. ਬੀ. ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਡਿਗਰੀ ਐੱਮ. ਡੀ., ਐੱਮ. ਐੱਸ. ਦੇ ਬਰਾਬਰ ਹੈ। ਹਸਪਤਾਲ ’ਚ ਉਨ੍ਹਾਂ ਕੋਲ ਐਨੇਸਥੀਸੀਆ (ਬੇਹੋਸ਼ੀ), ਮੈਡੀਸਨ, ਗਾਇਨੀ, ਬੱਚਿਆਂ ਦੇ ਮਾਹਿਰ ਡਾਕਟਰ, ਸਰਜਰੀ ਤੇ ਰੇਡੀਓਲਾਜਿਸਟ ਦੀਆਂ ਸੀਟਾਂ ਵੀ ਆ ਚੁੱਕੀਆਂ ਹਨ।
ਹਸਪਤਾਲ ਨੂੰ ਮਿਲੇਗਾ ਤੋਹਫਾ, ਕ੍ਰਿਟੀਕਲ ਕੇਅਰ ਯੂਨਿਟ ਅਤੇ ਕਾਰਡੀਅਕ ਕੈਥ ਲੈਬ ਬਣੇਗੀ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਹੁਕਮਾਂ ’ਤੇ ਜਲਦੀ ਹੀ ਆਉਣ ਵਾਲੇ ਦਿਨਾਂ ’ਚ ਹਸਪਤਾਲ ’ਚ ਕ੍ਰਿਟੀਕਲ ਕੇਅਰ ਯੂਨਿਟ ਤੇ ਕਾਰਡੀਅਕ ਕੈਥ ਲੈਬ ਬਣੇਗੀ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਅਨ ਸੁਖਚੈਨ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦਾ ਨਵੀਨੀਕਰਨ ਕਰਨ ਦਾ ਪ੍ਰਪੋਜ਼ਲ ਤਿਆਰ ਹੋ ਚੁੱਕਾ ਹੈ। ਲੱਗਭਗ 29 ਕਰੋੜ 25 ਲੱਖ ਦਾ ਇਸ ’ਚ ਖਰਚਾ ਆਵੇਗਾ। ਫਾਈਲ ਤਿਆਰ ਕਰ ਕੇ ਚੰਡੀਗੜ੍ਹ ਭੇਜ ਦਿੱਤੀ ਗਈ ਹੈ। ਹਸਪਤਾਲ ’ਚ ਕ੍ਰਿਟੀਕਲ ਕੇਅਰ ਯੂਨਿਟ ਤੇ ਕਾਰਡੀਅਕ ਕੈਥ ਲੈਬ 35 ਕਰੋੜ ਨਾਲ ਤਿਆਰ ਹੋਵੇਗੀ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੀ ਦਸ਼ਾ ਨੂੰ ਸੁਧਾਰ ਰਹੀ ਹੈ। ਹਸਪਤਾਲ ’ਚ 2 ਆਕਸੀਜਨ ਸਪਲਾਈ ਪਲਾਂਟ ਵੀ ਤਿਆਰ ਹਨ ਤੇ ਮਰੀਜ਼ਾਂ ਨੂੰ ਆਕਸੀਜਨ ਮਿਲ ਰਹੀ ਹੈ।
ਲੋਕਾਂ ਦੀ ਬਿਹਤਰ ਸੇਵਾ ਕਰਨਾ ਹੀ ਮੇਰਾ ਟੀਚਾ : ਸਿਹਤ ਮੰਤਰੀ ਡਾ. ਬਲਵੀਰ ਸਿੰਘ
ਇਸ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ‘ਆਪ’ ਲੋਕਾਂ ਦੀ ਸੇਵਾ ਲਈ ਹੀ ਮੈਦਾਨ ’ਚ ਉਤਰੀ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਟੀਚਾ ਹੀ ਲੋਕ ਸੇਵਾ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਡਾਕਟਰ ਹੋਣ ਦੇ ਨਾਤੇ ਜ਼ਮੀਨੀ ਹਕੀਕਤ ਜਾਣਦੇ ਹਨ ਤੇ ਇਸੇ ਕਾਰਨ ਖੁਦ ਸਰਕਾਰੀ ਹਸਪਤਾਲਾਂ ’ਚ ਜਾ ਕੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਲ ਕਰ ਉਨ੍ਹਾਂ ਨੂੰ ਦੂਰ ਕਰਦੇ ਹਨ। ਸਿਵਲ ਹਸਪਤਾਲ ਜਲੰਧਰ ਵੱਲ ਉਨ੍ਹਾਂ ਦਾ ਪੂਰਾ ਧਿਆਨ ਹੈ ਤੇ ਜਲਦੀ ਹੀ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਦੇਣ ਲਈ ਕੰਮ ਕਰ ਰਹੇ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਹਾਊਸ ਸਰਜਨਾਂ ਦੀ ਤਨਖਾਹ ਨੂੰ ਵਧਾਉਣ ਤੋਂ ਬਾਅਦ ਹੁਣ ਨਵੇਂ ਹਾਊਸ ਸਰਜਨ ਜੁਆਇਨ ਕਰਵਾਏ ਜਾ ਰਹੇ ਹਨ। ਪੁਰਾਣੀ ਸਰਕਾਰ ਹਾਊਸ ਸਰਜਨਾਂ ਨੂੰ ਪ੍ਰਤੀ ਮਹੀਨਾ 30 ਹਜ਼ਾਰ ਰੁਪਏ ਦਿੰਦੀ ਸੀ, ਜੋ ਕਿ ਮਜ਼ਾਕ ਸੀ, ਉਹ ਸਿਹਤ ਮੰਤਰੀ ਬਣੇ ਤਾਂ ਤੁਰੰਤ ਹਾਊਸ ਸਰਜਨਾਂ ਨੂੰ ਪ੍ਰਤੀ ਮਹੀਨਾ 70 ਹਜ਼ਾਰ ਦੇਣਾ ਸ਼ੁਰੂ ਕੀਤਾ। ਹੁਣ ਹਾਊਸ ਸਰਜਨਾਂ ਦੇ ਆਉਣ ਨਾਲ ਡਾਕਟਰਾਂ ਦੀ ਕਮੀ ਨੂੰ ਪੂਰਾ ਕਰ ਕੇ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            