ਲੌਂਗੋਵਾਲ ਹਾਦਸੇ ਮਗਰੋਂ ਕੁੰਭਕਰਨੀ ਨੀਂਦ ਤੋਂ ਜਾਗੀ ਪੰਜਾਬ ਸਰਕਾਰ, ਚਲਾਈ ਚੈਕਿੰਗ ਮੁਹਿੰਮ
Monday, Feb 17, 2020 - 10:36 AM (IST)
ਜਲੰਧਰ (ਚੌਪੜਾ, ਜਸਪ੍ਰੀਤ, ਸੋਨੂੰ) - ਲੌਂਗੋਵਾਲ ਵਿਖੇ ਵਾਪਰੇ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਕੂਲੀ ਵਾਹਨਾਂ ਦੀ ਜਾਂਚ ਕਰਨ ਦੀਆਂ ਹਦਾਇਤਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਭੜਥੂ ਪਾ ਦਿੱਤਾ। ਇਸ ਦੌਰਾਨ ਲੋਕਾਂ ਦੇ ਮਨ ਵਿਚ ਹਮੇਸ਼ਾ ਵਾਂਗ ਇਕ ਵੱਡਾ ਸਵਾਲ ਸੀ ਕਿ ਆਖਿਰ ਕਦੋਂ ਤੱਕ ਹਾਦਸਿਆਂ ਤੋਂ ਬਾਅਦ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਜਾਗਦਾ ਰਹੇਗਾ। ਮੁੱਖ ਮੰਤਰੀ ਦੀਆਂ ਹਦਾਇਤਾਂ ਮਗਰੋਂ ਇਸ ਸੰਦਰਭ ’ਚ ਜਲੰਧਰ ਦੇ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਵਲੋਂ ਹੁਕਮਾਂ ਤੋਂ ਬਾਅਦ ਅੱਜ ਜ਼ਿਲੇ ਨਾਲ ਸਬੰਧਤ ਸਾਰੇ ਐੱਸ. ਡੀ.ਐੱਮਜ਼ ਖੁਦ ਸੜਕਾਂ 'ਤੇ ਜਾਂਚ ਕਰਦੇ ਵੇਖੇ ਗਏ। ਅੱਜ ਸਵੇਰੇ ਬੀ. ਐੱਮ. ਸੀ. ਚੌਕ ਵਿਚ ਸੈਕਟਰੀ ਰੀਜਨਲ ਟਰਾਂਸਪੋਰਟ ਅਥਾਰਟੀ ਨਯਨ ਜੱਸਲ ਅਤੇ ਨਕੋਦਰ ਚੌਕ ਵਿਚ ਐੱਸ. ਡੀ. ਐੱਮ. 1 ਡਾ. ਜੈਇੰਦਰ ਸਿੰਘ ਨੇ ਦਲ-ਬਲ ਦੇ ਨਾਲ ਨਾਕੇ ਲਾਏ ਅਤੇ ਉਥੇ ਬੱਚਿਆਂ ਨੂੰ ਲੈਣ ਜਾ ਰਹੀਆਂ ਵੱਖ-ਵੱਖ ਸਕੂਲੀ ਬੱਸਾਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਐੱਸ. ਡੀ. ਐੱਮ. 2 ਰਾਹੁਲ ਸਿੰਧੂ ਨੇ ਕਰਤਾਰਪੁਰ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰ ਬੱਚਿਆਂ ਲਈ ਵਰਤੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ।
ਇਸ ਦੌਰਾਨ ਐੱਸ. ਡੀ. ਐੱਮ. ਦੇ ਨਾਲ ਟ੍ਰੈਫਿਕ ਪੁਲਸ ਅਤੇ ਥਾਣਾ ਪੁਲਸ ਵੀ ਮੌਜੂਦ ਰਹੀ, ਜਿਨ੍ਹਾਂ ਨੇ ਓਧਰੋਂ ਲੰਘਣ ਵਾਲੇ ਹਰੇਕ ਵਾਹਨ ਨੂੰ ਰੋਕ ਉਸ ਦੇ ਦਸਤਾਵੇਜ਼, ਡਰਾਈਵਰਾਂ ਦੇ ਲਾਇਸੈਂਸ, ਰੂਟ ਪਰਮਿਟ, ਫਿਟਨੈੱਸ ਸਰਟੀਫਿਕੇਟ, ਮੈਡੀਕਲ ਕਿੱਟ, ਪਲਿਊਸ਼ਨ ਸਰਟੀਫਿਕੇਟ, ਅੱਗ ਬੁਝਾਊ ਯੰਤਰ, ਐਮਰਜੈਂਸੀ ਦਰਵਾਜ਼ੇ, ਸਪੀਡ ਗਵਰਨਰ ਆਦਿ ਦੀ ਜਾਂਚ ਕੀਤੀ। ਸਵੇਰੇ 7 ਵਜੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੌਰਾਨ ਐੱਸ. ਡੀ. ਐੱਮ. ਜੈਇੰਦਰ ਸਿੰਘ ਨੇ ਦੋ-ਢਾਈ ਘੰਟੇ ਸੜਕਾਂ 'ਤੇ ਖੜ੍ਹੇ ਹੋ ਕੇ ਵਾਹਨਾਂ ਦੀ ਜਾਂਚ ਕੀਤੀ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਾਂਚ ਮੁਹਿੰਮ ਦੌਰਾਨ 140 ਬੱਸਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਲੰਘਣਾ ਕਰਨ 'ਤੇ 48 ਬੱਸਾਂ ਦਾ ਚਲਾਨ ਕੀਤਾ ਅਤੇ 9 ਬੱਸਾਂ ਜ਼ਬਤ ਕੀਤੀਆਂ ਗਈਆਂ। ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸੈਕਟਰੀ ਆਰ. ਟੀ. ਓ. ਨੇ 41 ਸਕੂਲੀ ਬੱਸਾਂ ਦੀ ਜਾਂਚ ਕਰ ਕੇ 26 ਦੇ ਚਲਾਨ ਕਰਨ ਤੋਂ ਇਲਾਵਾ 6 ਬੱਸਾਂ ਨੂੰ ਜ਼ਬਤ ਕੀਤਾ। ਇਸੇ ਤਰ੍ਹਾਂ ਐੱਸ. ਡੀ. ਐੱਮ. 1 ਜੈ ਇੰਦਰ ਸਿੰਘ ਅਤੇ ਐੱਸ. ਡੀ. ਐੱਮ. 2 ਰਾਹੁਲ ਸਿੰਧੂ ਵਲੋਂ 45 ਬੱਸਾਂ ਦੇ ਚਲਾਨ ਕੀਤੇ ਗਏ।
ਇਸੇ ਤਰ੍ਹਾਂ ਐੱਸ.ਡੀ.ਐੱਮ. ਸ਼ਾਹਕੋਟ ਵਲੋਂ 10 ਬੱਸਾਂ ਦੀ ਜਾਂਚ ਕਰ ਕੇ 3 ਬੱਸਾਂ ਦੇ ਚਲਾਨ ਕੀਤੇ ਗਏ। ਐੱਸ. ਡੀ. ਐੱਮ. ਫਿਲੌਰ ਨੇ ਜਾਂਚ ਮੁਹਿੰਮ ਦੌਰਾਨ 30 ਬੱਸਾਂ ਦੀ ਜਾਂਚ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 8 ਬੱਸਾਂ ਦੇ ਚਲਾਨ ਕੀਤੇ ਅਤੇ ਇਕ ਬੱਸ ਜ਼ਬਤ ਕੀਤੀ। ਡੀ.ਸੀ ਨੇ ਦੱਸਿਆ ਕਿ ਵਿੱਦਿਅਕ ਅਦਾਰਿਆਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੈਪਟਨ ਵਲੋਂ ਜਾਰੀ ਹਦਾਇਤਾਂ ਦੇ ਤਹਿਤ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਲਗਾਤਾਰ ਜਾਰੀ ਰਹੇਗੀ ਅਤੇ ਉਹ ਖੁਦ ਅਜਿਹੀ ਮੁਹਿੰਮ ਦੀ ਨਿਗਰਾਨੀ ਰੱਖਣਗੇ।