ਪਨਬੱਸ/PRTC ਮੁਲਾਜ਼ਮ ਭਲਕੇ ਘੇਰਣਗੇ ਕੈਪਟਨ ਦੀ ਰਿਹਾਇਸ਼, ਮੰਗਾਂ ਨਾ ਮੰਨਣ ’ਤੇ ਦਿੱਤੀ ਇਹ ਚਿਤਾਵਨੀ
Monday, Sep 06, 2021 - 04:39 PM (IST)
ਜਲੰਧਰ (ਸੋਨੂੰ)— ਆਪਣੀ ਮੰਗਾਂ ਨੂੰ ਲੈ ਕੇ ਪਨਬੱਸ, ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਭਰ ’ਚ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ। ਇਸੇ ਤਹਿਤ ਜਲੰਧਰ ਦੇ ਬੱਸ ਸਟੈਂਡ ’ਤੇ ਵੀ ਪੰਜਾਬ ਸਰਕਾਰ ਖ਼ਿਲਾਫ਼ ਠੇਕਾ ਮੁਲਾਜ਼ਮਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਦੌਰਾਨ ਲੋਕਾਂ ਨੂੰ ਕਾਫ਼ੀ ਖੱਜਲ-ਖੁਆਰ ਵੀ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: 'ਰਿੰਗ ਸੈਰੇਮਨੀ' ਦੌਰਾਨ ਡਾਇਮੰਡ ਦੀ ਰਿੰਗ ਨਾ ਮਿਲਣ ’ਤੇ ਵਾਲਾਂ ਤੋਂ ਫੜ ਕੇ ਘੜੀਸੀ ਕੁੜੀ, ਮੁੰਡੇ ਨੇ ਤੋੜਿਆ ਰਿਸ਼ਤਾ
ਹੜਤਾਲ ’ਤੇ ਠੇਕਾ ਮੁਲਾਜ਼ਮਾਂ ਨਾਲ ਬੈਠੇ ਪਨਬੱਸ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਾਡੀਆਂ ਮੰਗਾਂ ਲਟਕ ਰਹੀਆਂ ਹਨ। ਪਿਛਲੇ ਦਿਨੀਂ ਦੋ ਵਾਰ ਟਰਾਂਸਪੋਰਟ ਮੰਤਰੀ ਦੇ ਨਾਲ ਸਾਡੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ। ਮੰਤਰੀ ਵੱਲੋਂ ਪਰਪੋਜ਼ਲ ਦੀ ਮੰਗ ਕੀਤੀ ਗਈ ਸੀ ਅਤੇ ਯੂਨੀਅਨ ਵੱਲੋਂ ਪਰਪੋਜ਼ਲ ਵੀ ਬਣਾ ਕੇ ਦਿੱਤੇ ਗਏ ਅਤੇ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਸਾਡੀ ਪਰਪੋਜ਼ਲ ਨੂੰ ਕੈਬਨਿਟ ਮੰਤਰੀ ’ਚ ਲਿਆਂਦਾ ਜਾਵੇਗਾ ਅਤੇ ਮਸਲੇ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ
ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਦੋ ਵਾਰ ਕੈਬਨਿਟ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਡੀ ਮੰਗ ਉਥੇ ਦੀ ਉਥੇ ਹੀ ਖੜ੍ਹੀ ਹੈ, ਕੋਈ ਵੀ ਹੱਲ ਨਹੀਂ ਕੱਢਿਆ ਗਿਆ ਹੈ। ਇਸੇ ਕਰਕੇ ਹੀ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਕੱਲ੍ਹ ਨੂੰ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਪੱਕੇ ਤੌਰ ’ਤੇ ਧਰਨਾ ਲਾਇਆ ਜਾ ਰਿਹਾ ਹੈ। ਇਹ ਹੜਤਾਲ ਅਤੇ ਧਰਨਾ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਡੇ ਕੋਲੋ 15 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ ਜਦਕਿ ਅਸੀਂ 20 ਦਿਨਾਂ ਤੱਕ ਦਾ ਸਮਾਂ ਉਨ੍ਹਾਂ ਨੂੰ ਦਿੱਤਾ। ਸਰਕਾਰ ਨੇ ਵਾਰ-ਵਾਰ ਸਮਾਂ ਲੈਣ ਦੇ ਬਾਵਜੂਦ ਸਾਡੀ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ।
ਜਨਤਾ ਨੂੰ ਆ ਰਹੀ ਪਰੇਸ਼ਾਨੀ ਲਈ ਸਰਕਾਰ ਜ਼ਿੰਮੇਵਾਰ
ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ ਪਰ ਕੁਝ ਅਜਿਹੇ ਵੀ ਰੂਟ ਹਨ, ਜਿਨ੍ਹਾਂ ’ਤੇ ਸਿਰਫ਼ ਸਰਕਾਰੀ ਬੱਸਾਂ ਹੀ ਚੱਲਦੀਆਂ ਹਨ, ਇਸ ਕਰਕੇ ਜਨਤਾ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਬਲਿਕ ਨੂੰ ਆ ਰਹੀ ਪਰੇਸ਼ਾਨੀ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੰੁਦੀ ਹੈ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਤਾਂ ਸਰਕਾਰ ਤੁਰੰਤ ਸਾਡੀਆਂ ਮੰਗਾਂ ਨੂੰ ਮੰਨ ਕੇ ਹੜਤਾਲ ਨੂੰ ਤੁਰੰਤ ਖ਼ਤਮ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ’ਚ ਪੂਰਾ ਪੰਜਾਬ ਬਲਾਕ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੜਤਾਲ ਕਰਨ ਦੇ ਨਾਲ ਕਰੋੜਾਂ ਰੁਪਏ ਦਾ ਘਾਟਾ ਹੋਵੇਗਾ।
ਇਹ ਵੀ ਪੜ੍ਹੋ: ਮਜੀਠੀਆ ਦਾ ਵੱਡਾ ਬਿਆਨ, ਕਿਸਾਨਾਂ ਦੀ ਆੜ ’ਚ ਕਾਂਗਰਸ ਦੇ ਸ਼ਰਾਰਤੀ ਅਨਸਰ ਵਿਗਾੜ ਰਹੇ ਨੇ ਪੰਜਾਬ ਦਾ ਮਾਹੌਲ
ਇਥੇ ਦੱਸ ਦਈਏ ਕਿ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਐਤਵਾਰ ਰਾਤ 12 ਵਜੇ ਤੋਂ ਸ਼ੁਰੂ ਹੋ ਗਈ, ਜਿਸ ਕਾਰਨ 2100 ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਇਸ ਦੇ ਮੱਦੇਨਜ਼ਰ 6000 ਤੋਂ ਜ਼ਿਆਦਾ ਠੇਕਾ ਮੁਲਾਜ਼ਮਾਂ ਨੇ ਕੰਮਕਾਜ ਠੱਪ ਕਰ ਦਿੱਤਾ। ਹੜਤਾਲ ਨੂੰ ਰੋਕਣ ਦੇ ਸਰਕਾਰੀ ਦਾਅ-ਪੇਚ ਫੇਲ੍ਹ ਹੋ ਗਏ ਹਨ ਕਿਉਂਕਿ ਕਈ ਤਰ੍ਹਾਂ ਦੇ ਲਾਲਚ ਦੇਣ ਦੇ ਬਾਵਜੂਦ ਮੁਲਾਜ਼ਮ ਪੱਕਾ ਕਰਨ ਦੀ ਮੰਗ ’ਤੇ ਅੜੇ ਰਹੇ, ਜੋ ਕਿ ਲੋਕਾਂ ਲਈ ਪਰੇਸ਼ਾਨੀ ਵਾਲਾ ਦਿਨ ਸਾਬਤ ਹੋਵੇਗਾ। ਅਧਿਕਾਰੀਆਂ ਮੁਤਾਬਕ ਪੰਜਾਬ ਰੋਡਵੇਜ਼ ਅਤੇ ਪਨਬੱਸ ਕੋਲ 1500 ਦੇ ਕਰੀਬ ਬੱਸਾਂ ਹਨ, ਜਦੋਂਕਿ ਪੀ. ਆਰ. ਟੀ. ਸੀ. ਕੋਲ 1100 ਤੋਂ ਜ਼ਿਆਦਾ ਬੱਸਾਂ ਮੌਜੂਦ ਹਨ, ਜਿਨ੍ਹਾਂ ਵਿਚ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਵੀ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।