ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ

05/05/2021 10:55:30 AM

ਜਲੰਧਰ (ਪੁਨੀਤ)– ਇੰਟਰ ਸਟੇਟ (ਦੂਜੇ ਸੂਬਿਆਂ ਲਈ) ਸ਼ੁਰੂ ਕੀਤੀ ਗਈ ਬੱਸ ਸਰਵਿਸ ਦੇ ਦੂਜੇ ਦਿਨ ਹਿਮਾਚਲ, ਹਰਿਆਣਾ ਅਤੇ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਦਰਜ ਹੋਇਆ ਹੈ, ਜਿਸ ਕਾਰਨ ਪੰਜਾਬ ਰੋਡਵੇਜ਼ ਵੱਲੋਂ ਆਉਣ ਵਾਲੇ ਦਿਨਾਂ ਵਿਚ ਬੱਸ ਸਰਵਿਸ ਵਧਾਈ ਜਾ ਸਕਦੀ ਹੈ। ਪੰਜਾਬ ਸਮੇਤ ਕਈ ਸੂਬਿਆਂ ਵਿਚ ਐਂਟਰੀ ਲਈ ਕੋਰੋਨਾ ਟੈਸਟ ਰਿਪੋਰਟ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਬੱਸਾਂ ਦੇ ਚਾਲਕ ਦਲਾਂ ਵੱਲੋਂ ਯਾਤਰੀਆਂ ਨੂੰ ਰਿਪੋਰਟ ਦੇ ਬਿਨਾਂ ਸੈਰ ਨਾ ਕਰਨ ਲਈ ਕਿਹਾ ਜਾ ਰਿਹਾ ਹੈ।

ਹਿਮਾਚਲ ਵਿਚ ਜਾਣ ਵਾਲੇ ਲੋਕਾਂ ਨੂੰ ਟੈਸਟ ਰਿਪੋਰਟ ਸਬੰਧੀ ਕਿਸੇ ਤਰ੍ਹਾਂ ਦੀ ਗਲਤਫਹਿਮੀ ਵਿਚ ਰਹਿਣ ਦੀ ਲੋੜ ਨਹੀਂ ਹੈ। ਹਿਮਾਚਲ ਵਿਚ ਐਂਟਰੀ ਲਈ ਟੈਸਟ ਰਿਪੋਰਟ ਦੀ ਲੋੜ ਨਹੀਂ ਹੈ। ਈ-ਪਾਸ ਨਾਲ ਹਿਮਾਚਲ ਵਿਚ ਐਂਟਰ ਹੋਇਆ ਜਾ ਸਕਦਾ ਹੈ। ਇਸ ਦੇ ਲਈ ਸ਼ਰਤ ਇਹ ਹੈ ਕਿ ਈ-ਪਾਸ ਉਨ੍ਹਾਂ ਲੋਕਾਂ ਲਈ ਮੰਨਣਯੋਗ ਹੋਵੇਗਾ, ਜਿਨ੍ਹਾਂ ਨੇ 72 ਘੰਟਿਆਂ ਤੋਂ ਪਹਿਲਾਂ ਹਿਮਾਚਲ ਤੋਂ ਵਾਪਸ ਮੁੜ ਜਾਣਾ ਹੈ। 72 ਘੰਟਿਆਂ ਤੋਂ ਵੱਧ ਸਮਾਂ ਹਿਮਾਚਲ ਵਿਚ ਰਹਿਣ ਵਾਲਿਆਂ ਕੋਲ ਟੈਸਟ ਰਿਪੋਰਟ ਹੋਣੀ ਜ਼ਰੂਰੀ ਹੈ।

PunjabKesari

ਜੇਕਰ ਕੋਈ ਵਿਅਕਤੀ ਈ-ਪਾਸ ਜ਼ਰੀਏ ਹਿਮਾਚਲ ਵਿਚ ਐਂਟਰ ਹੋ ਜਾਂਦਾ ਹੈ ਅਤੇ 72 ਘੰਟਿਆਂ ਤੋਂ ਪਹਿਲਾਂ ਵਾਪਸ ਨਹੀਂ ਮੁੜਦਾ ਤਾਂ ਫੜੇ ਜਾਣ ’ਤੇ ਉਸ ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਸਰਵਿਸ ਦੀ ਗੱਲ ਕੀਤੀ ਜਾਵੇ ਤਾਂ ਲਾਕਡਾਊਨ ਕਾਰਨ ਜਲੰਧਰ ਦੇ ਡਿਪੂ-1 ਵੱਲੋਂ ਸਿਰਫ ਹਰਿਆਣਾ ਅਤੇ ਚੰਡੀਗੜ੍ਹ ਤੱਕ ਬੱਸਾਂ ਭੇਜੀਆਂ ਜਾ ਰਹੀਆਂ ਹਨ, ਜਦਕਿ ਡਿਪੂ-2 ਵੱਲੋਂ ਉਤਰਾਖੰਡ ਦੇ ਟਨਕਪੁਰ, ਹਿਮਾਚਲ ਅਤੇ ਦਿੱਲੀ ਲਈ ਬੱਸ ਸਰਵਿਸ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲਣੀ ਸ਼ੁਰੂ ਹੋਈ ਹੈ। ਸਰਕਾਰ ਵੱਲੋਂ ਮਿੰਨੀ ਲਾਕਡਾਊਨ ਲਾਉਣ ਤੋਂ ਪਹਿਲਾਂ ਵੀਕੈਂਡ ਲਾਕਡਾਊਨ ਅਤੇ ਰਾਤ ਦਾ ਕਰਫ਼ਿਊ ਲਾਇਆ ਗਿਆ ਸੀ, ਜਿਸ ਕਾਰਨ ਯਾਤਰੀਆਂ ਦੀ ਗਿਣਤੀ ਘਟੀ ਸੀ ਕਿਉਂਕਿ ਯਾਤਰੀ ਬਾਹਰੀ ਸੂਬਿਆਂ ਨੂੰ ਜਾਣ ਤੋਂ ਗੁਰੇਜ਼ ਕਰ ਰਹੇ ਸਨ। ਹੁਣ 15 ਮਈ ਤੱਕ ਲਾਏ ਗਏ ਇਸ ਲਾਕਡਾਊਨ ਦੀ ਸਮਾਂਹੱਦ ਜ਼ਿਆਦਾ ਹੋਣ ਕਾਰਨ ਲੋਕਾਂ ਵੱਲੋਂ ਜ਼ਰੂਰੀ ਕੰਮਕਾਜ ਸ਼ੁਰੂ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫਤੇ ਦੀ ਸ਼ੁਰੂਆਤ ਵਿਚ ਦੂਜੇ ਸੂਬਿਆਂ ਨੂੰ ਜਾਣ ਵਾਲੇ ਯਾਤਰੀ ਵਧੇ ਹਨ। ਦਿੱਲੀ ਤੋਂ ਵਾਪਸੀ ਲਈ ਸਿੱਧੇ ਜਲੰਧਰ ਲਈ ਯਾਤਰੀ ਘੱਟ ਮਿਲ ਰਹੇ ਹਨ। ਅੰਬਾਲਾ ਆ ਕੇ ਕਈ ਯਾਤਰੀ ਉਤਰ ਜਾਂਦੇ ਹਨ ਅਤੇ ਉਥੋਂ ਲੁਧਿਆਣਾ ਤੇ ਜਲੰਧਰ ਲਈ ਆਸਾਨੀ ਨਾਲ ਯਾਤਰੀ ਮਿਲ ਜਾਂਦੇ ਹਨ।

ਹਿਮਾਚਲ ਜਾਣ ਵਾਲੀਆਂ ਬੱਸਾਂ ਦੀ ਜ਼ਬਰਦਸਤ ਚੈਕਿੰਗ
ਹਿਮਾਚਲ ਵੱਲੋਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਪ੍ਰਾਈਵੇਟ ਵਾਹਨਾਂ, ਟੈਕਸੀਆਂ ਅਤੇ ਬੱਸਾਂ ਦੀ ਜ਼ਬਰਦਸਤ ਚੈਕਿੰਗ ਕੀਤੀ ਜਾ ਰਹੀ ਹੈ। ਬਿਨਾਂ ਈ-ਪਾਸ ਕਿਸੇ ਵੀ ਸੂਰਤ ਵਿਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ। ਜਿਨ੍ਹਾਂ ਲੋਕਾਂ ਕੋਲ ਈ-ਪਾਸ ਨਹੀਂ ਹੁੰਦਾ, ਅਧਿਕਾਰੀ ਉਨ੍ਹਾਂ ਨੂੰ ਈ-ਪਾਸ ਬਣਾਉਣ ਲਈ ਕਹਿੰਦੇ ਹਨ। ਹਿਮਾਚਲ ਸਰਕਾਰ ਦੀ ਸਾਈਟ ’ਤੇ ਆਧਾਰ ਕਾਰਡ ਲਿੰਕ ਕਰ ਕੇ ਈ-ਪਾਸ ਬਣਾਇਆ ਜਾ ਸਕਦਾ ਹੈ। ਜਲੰਧਰ ਤੋਂ ਜਾਣ ਵਾਲੇ ਯਾਤਰੀ ਵਿਕਾਸ ਨੇ ਕਿਹਾ ਕਿ ਲੋਕਾਂ ਨੂੰ ਈ-ਪਾਸ ਬਣਾਉਣ ਤੋਂ ਘਬਰਾਉਣਾ ਨਹੀਂ ਚਾਹੀਦਾ, ਇਹ ਬਹੁਤ ਆਸਾਨ ਹੈ। ਪਾਸ ਬਣਾਉਣ ਨਾਲ ਰਸਤੇ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ।

PunjabKesari

ਜਲੰਧਰ ਤੋਂ ਹਿਮਾਚਲ ਲਈ ਦੁਪਹਿਰੇ ਬੱਸਾਂ ਚਲਾਉਣ ਦੀ ਮੰਗ
ਜਲੰਧਰ ਤੋਂ ਹਿਮਾਚਲ ਜਾਣ ਦਾ ਟਾਈਮ ਟੇਬਲ ਸਵੇਰ ਦਾ ਹੈ, ਜਿਸ ਕਾਰਨ ਦੁਪਹਿਰ ਨੂੰ ਜਾਣ ਵਾਲੇ ਲੋਕਾਂ ਨੂੰ ਬਹੁਤ ਦਿੱਕਤ ਪੇਸ਼ ਆਉਂਦੀ ਹੈ। 12 ਵਜੇ ਤੋਂ ਬਾਅਦ ਜਾਣ ਵਾਲੇ ਯਾਤਰੀਆਂ ਨੂੰ ਕਈ ਵਾਰ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਦੀ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਜਲੰਧਰ ਦੇ ਡਿਪੂਆਂ ਵੱਲੋਂ ਦੁਪਹਿਰ ਸਮੇਂ ਧਰਮਸ਼ਾਲਾ ਅਤੇ ਕਾਂਗੜਾ ਲਈ ਬੱਸ ਦਾ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ ਕਿਉਂਕਿ ਜਲੰਧਰ ਡਿਪੂ ਦੀਆਂ ਬੱਸਾਂ ਸਵੇਰੇ ਜਲਦੀ ਰਵਾਨਾ ਹੋ ਜਾਂਦੀਆਂ ਹਨ।

ਪੰਜਾਬ ਲਈ ਸਰਕਾਰੀ ਬੱਸਾਂ ਦੀ ਗਿਣਤੀ ਵਿਚ ਦਰਜ ਹੋ ਰਹੀ ਕਮੀ
ਵੇਖਣ ਵਿਚ ਆ ਰਿਹਾ ਹੈ ਕਿ ਪੰਜਾਬ ਅੰਦਰ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਵਿਚ ਕਮੀ ਦਰਜ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬੱਸਾਂ ਵਿਚ 50 ਫੀਸਦੀ ਯਾਤਰੀਆਂ ਨੂੰ ਬਿਠਾਉਣ ਦਾ ਨਿਯਮ ਬਣਾਇਆ ਗਿਆ ਹੈ, ਜਿਸ ਕਾਰਨ ਕਈ ਵਾਰ ਬੱਸਾਂ ਪਿਛਲੇ ਡਿਪੂ ’ਤੇ ਹੀ ਭਰ ਜਾਂਦੀਆਂ ਹਨ ਅਤੇ ਉਹ ਬੱਸਾਂ ਜਲੰਧਰ ਦੇ ਬੱਸ ਅੱਡੇ ’ਤੇ ਨਹੀਂ ਪਹੁੰਚਦੀਆਂ, ਜਿਸ ਕਾਰਨ ਯਾਤਰੀਆਂ ਨੂੰ ਦਿੱਕਤ ਪੇਸ਼ ਆਉਂਦੀ ਹੈ। ਮਹਿਕਮੇ ਵੱਲੋਂ ਯਾਤਰੀਆਂ ਦੀ ਸਹੂਲਤ ਨੂੰ ਦੇਖਦਿਆਂ ਵੱਧ ਤੋਂ ਵੱਧ ਟਾਈਮ ਚਲਾਏ ਜਾ ਰਹੇ ਹਨ।

ਗੁਆਂਢੀ ਸੂਬਿਆਂ ਸਮੇਤ ਉੱਤਰਾਖੰਡ ਲਈ ਜਾਰੀ ਰਹੇਗੀ ਬੱਸ ਸਰਵਿਸ
ਮਿੰਨੀ ਲਾਕਡਾਊਨ ਕਾਰਨ ਪੰਜਾਬ ਰੋਡਵੇਜ਼ ਵੱਲੋਂ ਇਕ ਦਿਨ ਲਈ ਇੰਟਰ ਸਟੇਟ ਬੱਸਾਂ ਦੀ ਸਰਵਿਸ ਬੰਦ ਕੀਤੀ ਗਈ ਸੀ, ਜਿਹੜੀ ਕਿ ਹੁਣ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਗੁਆਂਢੀ ਸੂਬਿਆਂ ਸਮੇਤ ਉੱਤਰਾਖੰਡ, ਦਿੱਲੀ ਆਦਿ ਲਈ ਬੱਸ ਸਰਵਿਸ ਜਾਰੀ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਚੰਡੀਗੜ੍ਹ ਹੈੱਡ ਆਫਿਸ ਤੋਂ ਹੁਕਮ ਆਉਂਦਾ ਹੈ ਤਾਂ ਉਸ ’ਤੇ ਤੁਰੰਤ ਅਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News