135 ਦਿਨਾਂ ਬਾਅਦ ਚੱਲੀਆਂ 150 ਪ੍ਰਾਈਵੇਟ ਬੱਸਾਂ ’ਚ 2300 ਯਾਤਰੀਆਂ ਨੇ ਕੀਤਾ ਸਫਰ
Friday, Aug 14, 2020 - 08:14 AM (IST)
ਜਲੰਧਰ, (ਪੁਨੀਤ)– ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਬੱਸਾਂ ਚਲਾਉਣ ਦੀ ਗਿਣਤੀ ’ਚ ਰੋਜ਼ਾਨਾ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦਾ ਜਨਤਾ ਨੂੰ ਲਾਭ ਹੋ ਰਿਹਾ ਹੈ। 22 ਮਾਰਚ ਨੂੰ ਲੱਗੇ ਜਨਤਾ ਕਰਫਿਊ ਦੇ 135 ਦਿਨਾਂ ਬਾਅਦ ਵੀਰਵਾਰ ਪਹਿਲਾ ਦਿਨ ਰਿਹਾ ਜਦੋਂ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ 150 ਤੋਂ ਜ਼ਿਆਦਾ ਬੱਸਾਂ ਵੱਖ-ਵੱਖ ਰੂਟਾਂ ’ਤੇ ਰਵਾਨਾ ਹੋਈਆਂ, ਜਿਸ ’ਚ ਜਲੰਧਰ ਬੱਸ ਅੱਡੇ ਤੋਂ 2300 ਦੇ ਕਰੀਬ ਯਾਤਰੀਆਂ ਨੇ ਸਫਰ ਕੀਤਾ।
ਬੱਸ ਅੱਡੇ ਤੋਂ ਨਿਕਲ ਕੇ ਰਸਤੇ ਤੋਂ ਬਿਠਾਈਆਂ ਗਈਆਂ ਸਵਾਰੀਆਂ ਦੀ ਗਿਣਤੀ ਵੀ ਬੇਹੱਦ ਜ਼ਿਆਦਾ ਰਹੀ। ਪੰਜਾਬ ਵਿਚ ਕਰਫਿਊ ਲੱਗਣ ਤੋਂ ਬਾਅਦ ਬੱਸਾਂ ਦੇ ਪਹੀਏ ਰੁਕ ਗਏ ਸਨ। ਇਸ ਤੋਂ ਬਾਅਦ ਸਰਕਾਰ ਨੇ ਮਈ ਦੇ ਅੱਧ ’ਚ ਬੱਸਾਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ, ਜਿਸ ਤੋਂ ਬਾਅਦ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ 30-40 ਬੱਸਾਂ ਰਵਾਨਾ ਹੋ ਰਹੀਆਂ ਸਨ ਅਤੇ ਯਾਤਰੀਆਂ ਨੂੰ ਪੰਜਾਬ ਰੋਡਵੇਜ਼/ਪਨਬੱਸ ਦੀਆਂ ਬੱਸਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਸੀ। ਵੀਰਵਾਰ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਚੱਲਣ ਦੀ ਗਿਣਤੀ ’ਚ ਇਕ ਮਹੀਨੇ ਵਿਚ 3 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇਕ ਮਹੀਨੇ ਪਹਿਲਾਂ ਸਿਰਫ 50 ਪ੍ਰਾਈਵੇਟ ਬੱਸਾਂ ਰਵਾਨਾ ਹੋਈਆਂ ਸਨ। ਉਥੇ ਹੀ ਇਕ ਮਹੀਨਾ ਪਹਿਲਾਂ 142 ਸਰਕਾਰੀ ਬੱਸਾਂ ਚਲਾਈਆਂ ਗਈਆਂ ਸਨ, ਜਦਕਿ ਹੁਣ ਇਹ ਗਿਣਤੀ 204 ਕੀਤੀ ਗਈ ਹੈ। ਰੋਡਵੇਜ਼ ਦੀਆਂ ਬੱਸਾਂ ਤੋਂ ਵਿਭਾਗ ਨੂੰ 1,87,286 ਰੁਪਏ ਪ੍ਰਾਪਤ ਹੋਏ। ਡਿਪੂ-1 ਦੀਆਂ 39, ਜਦਕਿ ਡਿਪੂ-2 ਦੀਆਂ 28 ਬੱਸਾਂ ਚਲਾਈਆਂ ਗਈਆਂ। ਉਥੇ ਅੱਜ ਦੇਖਣ ਵਿਚ ਆਇਆ ਕਿ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਪਹਿਨਿਆ ਸੀ, ਉਨ੍ਹਾਂ ਨੂੰ ਕੰਡਕਟਰਾਂ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਣ ਉਨ੍ਹਾਂ ਦੀਆਂ ਬੱਸਾਂ ਵੀ ਨਿਕਲ ਗਈਆਂ।