15,000 ਕਰੋੜ ਦੇ ਮਹਾਦੇਵ ਐਪ ਘਪਲੇ ’ਚ ਜਲੰਧਰ ਦੇ ਬਿਲਡਰ ਦਾ ਵੀ ਨਾਂ ਸ਼ਾਮਲ, ED ਦੇ ਵੀ ਰਾਡਾਰ ’ਤੇ ਬੁੱਕੀ
Friday, Nov 17, 2023 - 11:52 AM (IST)
ਜਲੰਧਰ (ਵਿਸ਼ੇਸ਼)–ਹੁਣੇ ਜਿਹੇ ਇਕ ਮੋਬਾਇਲ ਐਪ ਦੇ ਮਾਧਿਅਮ ਰਾਹੀਂ ਕਰੋੜਾਂ ਰੁਪਏ ਦੇ ਘਪਲੇ ਦਾ ਮਾਮਲਾ ਸੁਰਖੀਆਂ ਵਿਚ ਬਣਿਆ ਹੋਇਆ ਹੈ। ਮਹਾਦੇਵ ਐਪ ਦੇ ਨਾਂ ਨਾਲ ਚੱਲ ਰਹੀ ਇਸ ਮੋਬਾਇਲ ਐਪ ਵਿਚ ਲਗਭਗ 15,000 ਕਰੋੜ ਰੁਪਏ ਦੇ ਘਪਲੇ ਦੀ ਗੱਲ ਸਾਹਮਣੇ ਆ ਰਹੀ ਹੈ। ਹੁਣ ਤਕ ਇਸ ਮਾਮਲੇ ਵਿਚ ਦਿੱਲੀ, ਮੁੰਬਈ, ਝਾਰਖੰਡ ਅਤੇ ਬਿਹਾਰ ਦੇ ਲੋਕਾਂ ਦੇ ਨਾਂ ਹੀ ਸਾਹਮਣੇ ਆਏ ਸਨ ਪਰ ਹੁਣ ਇਸ ਮਾਮਲੇ ’ਚ ਪੰਜਾਬ ਅਤੇ ਖ਼ਾਸ ਤੌਰ ’ਤੇ ਜਲੰਧਰ ਦਾ ਨਾਂ ਸਾਹਮਣੇ ਆਇਆ ਹੈ ਕਿਉਂਕਿ ਇਸ ਸਬੰਧੀ ਦਰਜ ਕੀਤੀ ਗਈ ਐੱਫ਼. ਆਈ. ਆਰ. ਵਿਚ ਜਲੰਧਰ ਦੇ ਇਕ ਵੱਡੇ ਬਿਲਡਰ ਦਾ ਵੀ ਨਾਂ ਸ਼ਾਮਲ ਕੀਤਾ ਗਿਆ ਹੈ।
31 ਮੁਲਜ਼ਮਾਂ ’ਚ ਸ਼ਾਮਲ ਹੈ ਚੰਦਰ ਅਗਰਵਾਲ ਦਾ ਨਾਂ
ਪਤਾ ਲੱਗਾ ਹੈ ਕਿ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਮੁੰਬਈ ਪੁਲਸ ਨੇ ਅਦਾਲਤ ਦੇ ਹੁਕਮ ’ਤੇ ਮਾਮਲਾ ਦਰਜ ਕੀਤਾ ਹੈ, ਜਿਸ ਵਿਚ 2 ਵੱਡੇ ਕਾਰੋਬਾਰੀਆਂ ਦੇ ਨਾਂ ਸਾਹਮਣੇ ਆਏ ਸਨ। ਅਸਲ ’ਚ ਇਹ ਮਾਮਲਾ ਸਮਾਜ ਸੇਵਕ ਪ੍ਰਕਾਸ਼ ਬੰਕਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ, ਜਿਸ ਵਿਚ ਦੇਸ਼ ਭਰ ’ਚ ਚੱਲ ਰਹੀ ਇਸ ਐਪ ਦੇ ਤਾਰ ਦੁਬਈ ਨਾਲ ਜੁੜੇ ਹੋਣ ਦੇ ਨਾਲ-ਨਾਲ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਇਸ ਐੱਫ਼. ਆਈ. ਆਰ. ਵਿਚ ਕੁਲ 31 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਜਿਸ ਵਿਚ ਜਲੰਧਰ ਦੇ ਬਿਲਡਰ ਚੰਦਰ ਅਗਰਵਾਲ ਦਾ ਨਾਂ ਵੀ ਸ਼ਾਮਲ ਹੈ।
ਚੰਦਰ ਦਾ ਸਾਥੀ ਦਿਨੇਸ਼ ਖੰਬਾਟ ਵੀ ਮਾਮਲੇ ’ਚ ਸ਼ਾਮਲ
ਜਾਣਕਾਰੀ ਅਨੁਸਾਰ ਇਹ ਐੱਫ਼. ਆਈ. ਆਰ. ਖਿਲਾੜੀ ਐਪ ਖ਼ਿਲਾਫ਼ ਕੀਤੀ ਗਈ ਹੈ, ਜੋਕਿ ਮਹਾਦੇਵ ਐਪ ਦੀ ਸਹਾਇਕ ਹੈ। ਮੁੰਬਈ ਦੇ ਮਾਟੁੰਗਾ ਪੁਲਸ ਸਟੇਸ਼ਨ ’ਚ ਦਰਜ ਕੀਤੀ ਗਈ ਇਸ ਐੱਫ਼. ਆਈ. ਆਰ. ਵਿਚ ਜਲੰਧਰ ਦੇ ਬਿਲਡਰ ਚੰਦਰ ਅਗਰਵਾਲ ਦਾ ਨਾਂ ਆਉਣ ਤੋਂ ਬਾਅਦ ਸੱਟੇਬਾਜ਼ੀ ਅਤੇ ਮੈਚ ਫਿਕਸਿੰਗ ਨਾਲ ਜੁੜੇ ਲੋਕਾਂ ਦੇ ਹੱਥ-ਪੈਰ ਫੁੱਲਣ ਲੱਗੇ ਹਨ। ਪ੍ਰਕਾਸ਼ ਬੰਕਰ ਦੀ ਸ਼ਿਕਾਇਤ ਮੁਤਾਬਕ ਐੱਫ. ਆਈ. ਆਰ. ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੁਲਜ਼ਮ ਚੰਦਰ ਅਗਰਵਾਲ ਅਤੇ ਲੰਡਨ ਵਾਸੀ ਦਿਨੇਸ਼ ਖੰਬਾਟ ਭਾਰਤ ਵਿਚ ਆਯੋਜਿਤ ਕ੍ਰਿਕਟ ਲੀਗ ’ਚ ਮੈਚ ਫਿਕਸਿੰਗ ਵਿਚ ਮੁੱਖ ਸੱਟੇਬਾਜ਼ ਹਨ ਅਤੇ ਇਹ ਮਹਾਦੇਵ ਅਤੇ ਖਿਲਾੜੀ ਅਤੇ ਇਸੇ ਤਰ੍ਹਾਂ ਦੀਆਂ ਹੋਰ ਐਪਸ ਦੇ ਮਾਧਿਅਮ ਰਾਹੀਂ ਸੱਟੇਬਾਜ਼ੀ ਦਾ ਦੌਰ ਚਲਾ ਰਹੇ ਸਨ।
ਇਹ ਵੀ ਪੜ੍ਹੋ: ਮਾਂ ਨੇ ਚਾਵਾਂ ਨਾਲ ਸਕੂਲ ਭੇਜਿਆ 15 ਸਾਲਾ ਇਕਲੌਤਾ ਪੁੱਤ, ਅਚਾਨਕ ਮੌਤ ਦੀ ਖ਼ਬਰ ਸੁਣ ਹੋਈ ਬੇਸੁੱਧ
ਚੰਦਰ ਦੀ ਲੀਗ ਦੇ ਨਾਲ ਬੈਕਡੋਰ ’ਚ ਕਈ ਪਾਰਟਨਰ
ਇਹ ਵੀ ਖ਼ਬਰ ਮਿਲੀ ਹੈ ਕਿ ਚੰਦਰ ਅਤੇ ਦਿਨੇਸ਼ ਨਾਲ ਇਕ ਹੋਰ ਮੁਲਜ਼ਮ ਅਮਿਤ ਸ਼ਰਮਾ ਵੀ ਜੁੜਿਆ ਹੋਇਆ ਸੀ, ਜੋ ਇਨ੍ਹਾਂ ਦੀ ਮਦਦ ਕਰਦਾ ਸੀ। ਚੰਦਰ ਅਗਰਵਾਲ ਦੀ ਲੀਗ ’ਚ ਅਮਿਤ ਸ਼ਰਮਾ ਬੈਕਡੋਰ ’ਤੇ ਪਾਰਟਨਰ ਹੈ ਅਤੇ ਇਨ੍ਹਾਂ ਦੇ ਸਬੰਧ ਦੁਬਈ ਦੇ 2 ਵਿਅਕਤੀਆਂ ਹੇਮੰਦ ਸੂਦ ਅਤੇ ਰੋਹਿਤ ਕੁਮਾਰ ਦੇ ਨਾਲ ਹਨ। ਧਿਆਨ ਦੇਣ ਯੋਗ ਹੈ ਕਿ ਹੁਣੇ ਜਿਹੇ ਮਹਾਦੇਵ ਬੁਕਿੰਗ ਐਪ ’ਤੇ ਕੇਂਦਰ ਸਰਕਾਰ ਵਲੋਂ ਬੈਨ ਲਾਇਆ ਗਿਆ ਹੈ ਅਤੇ ਇਸ ਦੀ ਜਾਂਚ ਹੁਣ ਈ. ਡੀ. ਕਰ ਰਹੀ ਹੈ। ਇਸ ਮਾਮਲੇ ’ਚ ਈ. ਡੀ. ਨੇ ਛੱਤੀਸਗੜ੍ਹ ਦੇ 2 ਪੁਲਸ ਮੁਲਾਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਐਪ ਦੇ ਪ੍ਰਮੁੱਖ ਸਰਗਣਾ ਸੌਰਵ ਦੀ ਡੌਨ ਦੇ ਭਰਾ ਨਾਲ ਪਾਰਟਨਰਸ਼ਿਪ
ਜਾਣਕਾਰਾਂ ਅਨੁਸਾਰ ਇਸ ਪੂਰੇ ਗੋਰਖ ਧੰਦੇ ਦਾ ਨੈੱਟਵਰਕ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਮਹਾਦੇਵ ਐਪ ਦਾ ਪ੍ਰਮੁੱਖ ਸਰਗਣਾ ਸੌਰਵ ਚੰਦਰਾਕਰ ਹੈ, ਜਿਸ ਨੇ ਇਸ ਗੇਮ ਨੂੰ ਲਾਂਚ ਕੀਤਾ ਸੀ। ਇਸ ਐਪ ਵਿਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦਾ ਭਰਾ ਮੁਸ਼ਤਕੀਮ, ਸੌਰਵ ਦਾ ਪਾਰਟਨਰ ਦੱਸਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮਹਾਦੇਵ ਐਪ ਦੇ ਅੰਦਰ ਇਕ ਹੋਰ ਐਪ ਹੈ, ਜਿਸ ਨੂੰ ‘ਖੇਲੋ ਯਾਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਭਾਰਤ ਤੇ ਪਾਕਿਸਤਾਨ ਵਿਚ ਚਲਾਇਆ ਜਾ ਰਿਹਾ ਹੈ। ਮੁੰਬਈ ਪੁਲਸ ਨੇ ਜਿਹੜੀ ਐੱਫ਼. ਆਈ. ਆਰ. ਦਰਜ ਕੀਤੀ ਹੈ, ਉਸ ਵਿਚ ਵੀ ਸੌਰਵ ਚੰਦਰਾਕਰ, ਮੁਸ਼ਤਕੀਮ, ਸੌਰਵ ਦੇ ਪਾਰਟਨਰ ਰਵੀ ਉੱਪਲ, ਜਲੰਧਰ ਦੇ ਬਿਲਡਰ ਚੰਦਰ ਅਗਰਵਾਲ ਸਮੇਤ ਕਈ ਲੋਕਾਂ ਦੇ ਨਾਂ ਮੈਚ ਫਿਕਸਿੰਗ ਰੈਕੇਟ ਵਿਚ ਸ਼ਾਮਲ ਦੱਸੇ ਗਏ ਹਨ।
ਸਿਆਸਤਦਾਨਾਂ ਤੋਂ ਲੈ ਕੇ ਬਾਲੀਵੁੱਡ ਐਕਟਰਾਂ ਤਕ ਦੇ ਨਾਂ ਸ਼ਾਮਲ
ਐੱਫ਼. ਆਈ. ਆਰ. ਵਿਚ ਇਸ ਗੱਲ ਦਾ ਵਰਣਨ ਕੀਤਾ ਗਿਆ ਹੈ ਕਿ ਚੰਦਰ ਅਗਰਵਾਲ ਜੋ ਲੀਗ ਚਲਾ ਰਿਹਾ ਹੈ, ਉਸ ਵਿਚ ਪਿਛਲੇ ਦਰਵਾਜ਼ੇ ਤੋਂ ਕਈ ਲੋਕਾਂ ਨੂੰ ਭਾਈਵਾਲੀਆਂ ਦਿੱਤੀਆਂ ਗਈਆਂ ਹਨ, ਜਿਸ ਵਿਚ ਅਮਿਤ ਸ਼ਰਮਾ ਦੇ ਨਾਲ-ਨਾਲ ਕਈ ਹੋਰ ਲੋਕ ਵੀ ਸ਼ਾਮਲ ਹਨ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਈ. ਡੀ. ਨੂੰ ਹੁਣੇ ਜਿਹੇ ਆਪਣੀ ਜਾਂਚ ਵਿਚ ਮਹਾਦੇਵ ਐਪ ਦੇ ਮੁਖੀ ਸ਼ੁਭਮ ਸੋਨੀ ਦਾ ਬਿਆਨ ਹਾਸਲ ਹੋਇਆ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਛੱਤੀਸਗੜ੍ਹ ਦੇ ਇਕ ਵੱਡੇ ਨੇਤਾ ਨੂੰ 508 ਕਰੋੜ ਰੁਪਏ ਦਿੱਤੇ ਸਨ। ਈ. ਡੀ. ਨੂੰ ਆਪਣੀ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਕੁਝ ਪੁਲਸ ਮੁਲਾਜ਼ਮ ਮਹਾਦੇਵ ਐਪ ਦੇ ਪ੍ਰਮੋਟਰਾਂ ਲਈ ਕੰਮ ਕਰ ਰਹੇ ਸਨ। ਈ. ਡੀ. ਵੱਲੋਂ ਜਿਹੜੀ ਚਾਰਜਸ਼ੀਟ ਬਣਾਈ ਗਈ ਹੈ, ਉਸ ਵਿਚ ਸੌਰਵ ਚੰਦਰਾਕਰ ਅਤੇ ਰਵੀ ਉੱਪਲ ਦੇ ਨਾਲ-ਨਾਲ ਵਿਕਾਸ ਛਾਪਰੀਆ, ਚੰਦਰਭੂਸ਼ਣ ਵਰਮਾ, ਸਤੀਸ਼ ਚੰਦਰਾਕਰ, ਅਨਿਲ ਦਮਾਨੀ, ਸੁਨੀਲ ਦਮਾਨੀ, ਵਿਸ਼ਾਲ ਆਹੂਜਾ ਅਤੇ ਧੀਰਜ ਆਹੂਜਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੁਝ ਬਾਲੀਵੁੱਡ ਐਕਟਰ ਵੀ ਇਸ ਮਾਮਲੇ ’ਚ ਈ. ਡੀ. ਦੀ ਜਾਂਚ ਦੇ ਘੇਰੇ ਵਿਚ ਹਨ।
ਇਹ ਵੀ ਪੜ੍ਹੋ: ਬਰਨਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਵਿਦਿਆਰਥੀਆਂ ਦੀ ਦਰਦਨਾਕ ਮੌਤ
ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਉੱਡੇ ਹੋਸ਼
ਲਗਭਗ 15,000 ਕਰੋੜ ਰੁਪਏ ਦੇ ਇਸ ਵੱਡੇ ਘਪਲੇ ਵਿਚ ਚੰਦਰ ਅਗਰਵਾਲ ਦਾ ਨਾਂ ਆਉਣ ਅਤੇ ਮਾਮਲਾ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰੀਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਕਈ ਲੋਕਾਂ ਨੇ ਚੰਦਰ ਅਗਰਵਾਲ ਨਾਲ ਪ੍ਰਾਪਰਟੀਜ਼ ਵਿਚ ਇਨਵੈਸਟ ਕੀਤਾ ਹੋਇਆ ਹੈ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਚੰਦਰ ਅਗਰਵਾਲ ਲੁਧਿਆਣਾ, ਚੰਡੀਗੜ੍ਹ, ਜਲੰਧਰ ਤੇ ਮੋਹਾਲੀ ਦੇ ਕਈ ਵੱਡੇ ਪ੍ਰਾਜੈਕਟਾਂ ਵਿਚ ਇਨਵੈਸਟ ਕਰ ਚੁੱਕਾ ਹੈ। ਹੁਣ ਜਿਨ੍ਹਾਂ ਪ੍ਰਾਜੈਕਟਾਂ ’ਤੇ ਚੰਦਰ ਦਾ ਪੈਸਾ ਲੱਗਾ ਹੈ, ਉਹ ਵੀ ਈ. ਡੀ. ਦੇ ਰਾਡਾਰ ’ਤੇ ਆ ਗਏ ਹਨ। ਜੇ ਈ. ਡੀ. ਜਾਂਚ ਸ਼ੁਰੂ ਕਰਦੀ ਹੈ ਤਾਂ ਚੰਦਰ ਦੇ ਨਾਲ ਰੀਅਲ ਅਸਟੇਟ ’ਚ ਇਨਵੈਸਟਰਜ਼ ਦੀ ਭੂਮਿਕਾ ਨਿਭਾਅ ਰਹੇ ਲੋਕਾਂ ’ਤੇ ਵੀ ਗਾਜ਼ ਡਿੱਗ ਸਕਦੀ ਹੈ।
ਈ. ਡੀ. ਦੇ ਰਾਡਾਰ ’ਤੇ ਐਪ ਸਕੈਮ ਦੇ ਮੁਲਜ਼ਮ
ਈ. ਡੀ. ਦੇ ਰਾਡਾਰ ’ਤੇ ਮਹਾਦੇਵ ਐਪ ਘਪਲੇ ਦੇ ਮੁਲਜ਼ਮਾਂ ’ਤੇ ਆਉਣ ਵਾਲੇ ਦਿਨਾਂ ’ਚ ਗਾਜ਼ ਡਿੱਗਣੀ ਤੈਅ ਹੈ ਕਿਉਂਕਿ ਦੇਸ਼ ਭਰ ਵਿਚ ਇਸ ਘਪਲੇ ਦੀ ਜਿੱਥੇ ਹਰ ਪਾਸੇ ਚਰਚਾ ਹੋ ਰਹੀ ਹੈ, ਉੱਥੇ ਹੀ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਨਤਕ ਤੌਰ ’ਤੇ ਇਸ ਮਾਮਲੇ ’ਚ ਬਿਆਨ ਦੇ ਚੁੱਕੇ ਹਨ। ਉਨ੍ਹਾਂ ਖੁਦ ਕਿਹਾ ਹੈ ਕਿ ਈ. ਡੀ. ਵਲੋਂ ਇਸ ਘਪਲੇ ਦੇ ਸਾਰੇ ਮੁਲਜ਼ਮਾਂ ਨੂੰ ਬੇਨਕਾਬ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜਲੰਧਰ, ਲੁਧਿਆਣਾ ਤੇ ਚੰਡੀਗੜ੍ਹ ’ਚ ਚੰਦਰ ਦੇ ਰੀਅਲ ਅਸਟੇਟ ਪ੍ਰਾਜੈਕਟਾਂ ’ਤੇ ਮੰਡਰਾਏ ਖ਼ਤਰੇ ਦੇ ਬੱਦਲ
ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਨਾਲ ਜੁੜੇ ਹਨ ਐਪ ਘਪਲੇ ਦੇ ਕੁਝ ਮੁਲਜ਼ਮਾਂ ਦੇ ਤਾਰ
ਪਿਛਲੇ ਸਾਲ ਹੋਈ ਸੀ ਚੰਦਰ ਅਗਰਵਾਲ ਦੇ ਘਰ ਇਨਕਮ ਟੈਕਸ ਦੀ ਰੇਡ
ਰੀਅਲ ਅਸਟੇਟ ਕਾਰੋਬਾਰੀ ਚੰਦਰ ਅਗਰਵਾਲ ਦਾ ਵਿਵਾਦਾਂ ਨਾਲ ਰਿਸ਼ਤਾ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਜਾਂਚ ਏਜੰਸੀਆਂ ਦੇ ਘੇਰੇ ਵਿਚ ਆਉਂਦਾ ਰਿਹਾ ਹੈ। ਪਿਛਲੇ ਸਾਲ ਨਵੰਬਰ ਵਿਚ ਚੰਦਰ ਅਗਰਵਾਲ ਦੇ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ’ਚ ਸਥਿਤ ਘਰ ਅਤੇ ਦਫ਼ਤਰ ’ਤੇ ਇਨਕਮ ਟੈਕਸ ਦੀ ਰੇਡ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਰੇਡ ਹਿਮਾਚਲ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਫੰਡਿੰਗ ਸਬੰਧੀ ਅਗਰਵਾਲ ਜਾਂਚ ਦੇ ਘੇਰੇ ਵਿਚ ਆਇਆ ਸੀ। ਉਕਤ ਮਾਮਲੇ ਵਿਚ ਜਦੋਂ ਇਨਕਮ ਟੈਕਸ ਵਿਭਾਗ ਚੰਦਰ ਅਗਰਵਾਲ ਦੇ ਘਰ ਰੇਡ ਕਰਨ ਗਿਆ ਸੀ ਤਾਂ ਉਸ ਨੂੰ ਕੰਧਾਂ ਟੱਪ ਕੇ ਘਰ ਵਿਚ ਦਾਖਲ ਹੋਣਾ ਪਿਆ ਸੀ। ਉਕਤ ਰੇਡ 4 ਤੋਂ 5 ਦਿਨ ਚੱਲਦੀ ਰਹੀ ਸੀ।
ਇਹ ਵੀ ਪੜ੍ਹੋ: ਪਹਿਲਾਂ ਪ੍ਰੇਮ ਜਾਲ 'ਚ ਫਸਾਇਆ, ਫਿਰ ਕੁੜੀ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਕਰ ਦਿੱਤਾ ਵੱਡਾ ਕਾਂਡ
ਚੰਦਰ ਦੇ ਕਥਿਤ ਪਾਰਟਨਰ ਵੀ ਜਾਂਚ ਏਜੰਸੀਆਂ ਦੇ ਨਿਸ਼ਾਨੇ ’ਤੇ
ਮਹਾਦੇਵ ਐਪ ਮਾਮਲੇ ’ਚ ਰਾਡਾਰ ’ਤੇ ਆਏ ਜਲੰਧਰ ਦੇ ਬਿਲਡਰ ਚੰਦਰ ਅਗਰਵਾਲ ਦੇ ਰੀਅਲ ਅਸਟੇਟ ਅਤੇ ਮੈਚ ਫਿਕਸਿੰਗ ਦੇ ਮਾਮਲਿਆਂ ਵਿਚ ਕਥਿਤ ਪਾਰਟਨਰ ਵੀ ਸਰਕਾਰ ਅਤੇ ਈ. ਡੀ. ਦੇ ਨਿਸ਼ਾਨੇ ’ਤੇ ਆ ਗਏ ਹਨ। ਜਾਣਕਾਰੀ ਮਿਲੀ ਹੈ ਕਿ ਜਲੰਧਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਚੰਦਰ ਦੇ ਕਈ ਪ੍ਰਾਜੈਕਟਾਂ ਵਿਚ ਉਸ ਦੇ ਇਨ੍ਹਾਂ ਪਾਰਟਨਰਾਂ ਨੇ ਕਾਫੀ ਵੱਡੀ ਰਕਮ ਲਾਈ ਹੋਈ ਹੈ। ਇਨ੍ਹਾਂ ਵਿਚ ਕੁਝ ਬਿਲਡਰ ਸ਼ਾਮਲ ਹਨ, ਉੱਥੇ ਹੀ ਕੁਝ ਉਦਯੋਗਪਤੀ ਤੇ ਕੁਝ ਹੋਟਲ ਕਾਰੋਬਾਰੀ ਵੀ ਸ਼ਾਮਲ ਹਨ। ਪਤਾ ਲੱਗਾ ਹੈ ਕਿ ਈ. ਡੀ. ਵਲੋਂ ਇਨ੍ਹਾਂ ਸਾਰੇ ਲੋਕਾਂ ਦੇ ਖਾਤੇ ਫਰੋਲੇ ਜਾਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਈ. ਡੀ. ਦੇ ਨਾਲ-ਨਾਲ ਆਈ. ਬੀ. ਤੇ ਐੱਨ. ਆਈ. ਏ. ਵੀ ਜਾਂਚ ਵਿਚ ਲੱਗੀ ਹੈ ਕਿਉਂਕਿ ਮਹਾਦੇਵ ਐਪ ਨਾਲ ਜੁੜੇ ਕਈ ਲੋਕਾਂ ਦੇ ਡੌਨ ਦਾਊਦ ਇਬਰਾਹਿਮ ਨਾਲ ਲਿੰਕ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਟਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 62 ਟਰੇਨਾਂ 3 ਮਹੀਨਿਆਂ ਲਈ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711