ਭਾਰਤ ਬੰਦ ਦੇ ਸੱਦੇ ਨੂੰ ਭੋਗਪੁਰ ਵਿਖੇ ਭਰਪੂਰ ਹੁੰਗਾਰਾ, ਸੜਕਾਂ ’ਤੇ ਪਸਰਿਆ ਸੰਨਾਟਾ
Friday, Mar 26, 2021 - 12:07 PM (IST)
ਭੋਗਪੁਰ (ਰਾਣਾ ਭੋਗਪੁਰੀਆ, ਰਾਜੇਸ਼ ਸੂਰੀ)- ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਭੋਗਪੁਰ ਤੋਂ ਭਰਪੂਰ ਹੁੰਗਾਰਾ ਮਿਲਿਆ। ਬੰਦ ਦੇ ਸੱਦੇ ਕਾਰਨ ਭੋਗਪੁਰ ਦੇ ਸਾਰੇ ਮੁੱਖ ਬਾਜ਼ਾਰ ਮੁਕੰਮਲ ਤੌਰ ਉਤੇ ਬੰਦ ਰਹੇ। ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਜੀ. ਟੀ. ਰੋਡ ਉਤੇ ਆਦਮਪੁਰ ਟੀ-ਪੁਆਇੰਟ ਉਤੇ ਸਵੇਰ ਤੋਂ ਧਰਨਾ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਦੇ ਦੋਹੀਂ ਪਾਸੀਂ ਟਰਾਲੀਆਂ ਖੜ੍ਹੀਆਂ ਕਰਕੇ ਟਰੈਫਿਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਜੀ. ਟੀ. ਰੋਡ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਇਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਚੌਲਾਂਗ ਅਤੇ ਗੁਰਬਖਨ ਸਿੰਘ ਬੱਬੂ ਵੱਲੋਂ ਕੀਤੀ ਜਾ ਰਹੀ ਹੈ। ਧਰਨੇ ਵਿਚ ਅਕਾਲੀ ਦਲ ਦੇ ਉਪ ਪ੍ਰਧਾਨ ਗੁਰਦੀਪ ਸਿੰਘ ਲਾਹਦੜਾ, ਸੰਮਤੀ ਮੈਂਬਰ ਪਰਮਜੀਤ ਪੰਮਾ, ਅਮਰਜੀਤ ਸਿੰਘ ਲੜੋਆ, ਕੁਲਵੰਤ ਸਿੰਘ ਮੱਲ੍ਹੀ, ਮਨਵੀਰ ਸਿੰਘ ਲਾਹਦੜਾ, ਸਰੂਪ ਸਿੰਘ ਪਤਿਆਲ ਆਦਿ ਭਾਰੀ ਗਿਣਤੀ ਵਿਚ ਨੌਜ਼ਵਾਨਾਂ ਨੂੰ ਲੈ ਕੇ ਧਰਨੇ ਵਿਚ ਵਿਚ ਪੁੱਜੇ ਹਨ। ਭੋਗਪੁਰ ਸ਼ਹਿਰ ਪੂਰਨ ਤੌਰ ਤੇ ਬੰਦ ਹੈ ਕਿਸਾਨ ਆਗੂਆਂ ਵੱਲੋਂ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਭਾਰੀ ਵਿਰੋਧ ਕੀਤਾ ਗਿਆ। ਇਸ ਬੰਦ ਦੀ ਕਾਲ ਦੇ ਤਹਿਤ ਭਾਰੀ ਗਿਣਤੀ ਵਿਚ ਕਿਸਾਨ ਇਕੱਤਰ ਹੋ ਰਹੇ ਹਨ ਅਤੇ ਲਗਾਤਾਰ ਇਸ ਧਰਨੇ ਵਿੱਚ ਟਰਾਲੀਆਂ ਸ਼ਾਮਲ ਹੋ ਰਹੀਆਂ ਹਨ। ਸ਼੍ਰੀ ਗੁਰੂ ਨਾਨਕ ਮਿਸ਼ਨਰੀ ਕਾਲਜ ਲੁਹਾਰਾਂ ਤੋਂ ਵਿਦਿਆਰਥਣਾਂ ਦਾ ਵੱਡਾ ਜੱਥਾ ਧਰਨੇ ਵਿਚ ਸ਼ਾਮਲ ਹੋਇਆ ਹੈ।
ਧਰਨੇ ਵਿਚ ਬਲਜਿੰਦਰ ਸਿੰਘ ਰਾਜੂ, ਰਾਕੇਸ਼ ਸੁਖੀਜਾ, ਸੋਨੂ ਸੁਖੀਜਾ, ਪਰਮਵੀਰ ਸਿੰਘ ਗਿੱਲ, ਹਰਬਲਿੰਦਰ ਸਿੰਘ ਬੋਲੀਨਾ, ਸਤਨਾਮ ਸਿੰਘ ਬੁੱਟਰ ਗੁਰਬਚਨ ਸਿੰਘ ਬੱਬੂ, ਮਲਕੀਤ ਸਿੰਘ ਬਿਨਪਾਲਕੇ, ਰਵਿੰਦਰ ਸਿੰਘ ਕਾਲਾ ਨੰਗਲ ਅਰਾਈਆਂ, ਅੰਮਿ੍ਰਤਪਾਲ ਸਿੰਘ ਨੰਗਲ ਅਰਾਈਆਂ ਆਦਿ ਇਸ ਧਰਨੇ ਚ ਹਾਜ਼ਰ ਹਨ।
ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣੇ ਸੰਬੋਧਨ ਵਿਚ ਕੇਂਦਰ ਸਰਕਾਰ ਵੱਲੋਂ ਬਣਾਏ 3 ਕਾਲੇ ਖੇਤੀ ਕਾਨੂੰਨਾ ਦੀ ਜੰਮ ਕੇ ਵਿਰੋਧਤਾ ਕੀਤੀ ਗਈ ਅਤੇ ਕੇਂਦਰ ਦੀ ਹੰਕਾਰੀ ਭਾਜਪਾ ਸਰਕਾਰ ਨੂੰ ਸਰਕਾਰ ਨੂੰ ਇਹ ਤਾੜਨਾ ਕੀਤੀ ਗਈ ਕੇ ਜਦੋਂ ਤੱਕ ਇਹ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਦਿੱਲੀ ਵਿੱਚ ਚੱਲ ਰਿਹਾ ਕਿਸਾਨੀ ਸੰਘਰਸ਼ ਜਾਰੀ ਰਹੇਗਾ।