ਪ੍ਰਭੂ ਰਾਮ ਦੇ ਰੰਗ ''ਚ ਰੰਗਿਆ ਜਲੰਧਰ

Monday, Mar 26, 2018 - 07:18 AM (IST)

ਪ੍ਰਭੂ ਰਾਮ ਦੇ ਰੰਗ ''ਚ ਰੰਗਿਆ ਜਲੰਧਰ

ਜਲੰਧਰ (ਅਸ਼ਵਨੀ ਖੁਰਾਣਾ)  - ਮਰਿਆਦਾ ਪੁਰਸ਼ੋਤਮ ਭਗਵਾਨ ਰਾਮ, ਜਿਨ੍ਹਾਂ ਨੂੰ ਹਿੰਦੂ ਧਰਮ ਗ੍ਰੰਥਾਂ ਅਨੁਸਾਰ ਭਗਵਾਨ ਵਿਸ਼ਨੂੰ ਦਾ 7ਵਾਂ ਅਵਤਾਰ ਵੀ ਕਿਹਾ ਜਾਂਦਾ ਹੈ, ਦੇ ਪਾਵਨ ਜਨਮ ਉਤਸਵ ਦੇ ਸਬੰਧ 'ਚ ਐਤਵਾਰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵਲੋਂ ਜਲੰਧਰ 'ਚ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦਾ ਆਯੋਜਨ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰਧਾਨਗੀ 'ਚ ਕੀਤਾ ਗਿਆ। ਇਸ ਸ਼ੋਭਾ ਯਾਤਰਾ 'ਚ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਦੇ ਨਾਲ-ਨਾਲ ਵੱਡੀ ਗਿਣਤੀ 'ਚ ਰਾਮ ਭਗਤਾਂ ਨੇ ਹਿੱਸਾ ਲਿਆ। ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋਈ, ਜੋ ਭਗਵਾਨ ਵਾਲਮੀਕਿ ਚੌਕ, ਪਟੇਲ ਚੌਕ, ਮਾਈ ਹੀਰਾਂ ਗੇਟ, ਅੱਡਾ ਹੁਸ਼ਿਆਰਪੁਰ, ਭਗਤ ਸਿੰਘ ਚੌਕ, ਮੰਡੀ ਰੋਡ, ਮਿਲਾਪ ਰੋਡ ਹੁੰਦੇ ਹੋਏ ਲੱਗਭਗ 6 ਕਿਲੋਮੀਟਰ ਦਾ ਰਾਊਂਡ ਲਾ ਕੇ ਹਿੰਦ ਸਮਾਚਾਰ ਗਰਾਊਂਡ 'ਚ ਸੰਪੰਨ ਹੋਈ, ਜਿਸ ਦੌਰਾਨ ਵਿਸ਼ਾਲ ਆਰਤੀ ਦਾ ਆਯੋਜਨ ਵੀ ਹੋਇਆ।
ਸ਼ੋਭਾ ਯਾਤਰਾ ਦੇ ਸਬੰਧ 'ਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਹਿੰਦ ਸਮਾਚਾਰ ਗਰਾਊਂਡ 'ਚ ਹੋਇਆ, ਜਿਸ ਦਾ ਸ਼ੁੱਭ-ਆਰੰਭ ਚੈਤੰਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਪ੍ਰਤਾਪ ਬਾਗ ਦੇ ਭਗਤਾਂ ਨੇ ਪ੍ਰਭਾਵਸ਼ਾਲੀ ਸੰਕੀਰਤਨ ਨਾਲ ਕੀਤਾ। ਮ੍ਰਿਦੰਗ ਤੇ ਢੋਲ ਦੀ ਥਾਪ 'ਤੇ ਨੱਚ ਰਹੇ ਭਗਤਾਂ ਦੇ ਸੰਕੀਰਤਨ ਨੇ ਪੂਰੇ ਮਾਹੌਲ ਨੂੰ ਅਧਿਆਤਮਕ ਬਣਾ ਦਿੱਤਾ। ਭਗਤਾਂ ਨੇ ਚੈਤੰਨਯ ਮਹਾਪ੍ਰਭੂ ਦੇ ਦਰਸਾਏ ਮਾਰਗ 'ਤੇ ਹਰੇ ਕ੍ਰਿਸ਼ਨਾ ਮੂਵਮੈਂਟ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਪ੍ਰੋਗਰਾਮ ਦੌਰਾਨ ਯੂ. ਪੀ. ਕਾਂਗਰਸ ਦੇ ਪ੍ਰਧਾਨ ਅਤੇ ਫਿਲਮ ਅਭਿਨੇਤਾ ਰਾਜ ਬੱਬਰ, ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ, ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਮਾਜਿਕ ਕਲਿਆਣ ਮੰਤਰੀ ਸਾਧੂ ਸਿੰਘ ਧਰਮਸੌਤ, ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ, ਸਾਬਕਾ ਮਾਲ ਮੰਤਰੀ ਬਿਕਰਮ ਸਿੰੰਘ ਮਜੀਠੀਆ, ਹਿਮਾਚਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਕਮਲ ਚੌਧਰੀ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ, ਸਾਬਕਾ ਮੰਤਰੀ ਜੈ ਕਿਸ਼ਨ ਸੈਣੀ, ਡਾ. ਦਲਜੀਤ ਸਿੰਘ ਚੀਮਾ, ਤੀਕਸ਼ਣ ਸੂਦ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਡਾ. ਬਲਦੇਵ ਰਾਜ ਚਾਵਲਾ, ਮੇਅਰ ਜਗਦੀਸ਼ ਰਾਜ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਸਾਬਕਾ ਮੇਅਰ ਰਾਕੇਸ਼ ਰਾਠੌਰ, ਭਾਜਪਾ ਨੇਤਾ ਮਹਿੰਦਰ ਭਗਤ, ਜ਼ਿਲਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ, ਜ਼ਿਲਾ ਅਕਾਲੀ ਦਲ ਪ੍ਰਧਾਨ ਕੁਲਵੰਤ ਸਿੰਘ ਮੰਨਣ, ਸੀ. ਪੀ. ਐੱਮ. ਨੇਤਾ ਮੰਗਤ ਰਾਮ ਪਾਸਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਾਰੇ ਮਹਿਮਾਨਾਂ ਦਾ ਸਵਾਗਤ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਤੇ ਕਮੇਟੀ ਦੇ ਹੋਰਨਾਂ ਅਹੁਦੇਦਾਰਾਂ ਨੇ ਕੀਤਾ।
ਪ੍ਰੋਗਰਾਮ ਦੌਰਾਨ ਸ਼੍ਰੀ ਰਾਮ ਸ਼ਰਣਮ ਆਸ਼ਰਮ ਗੋਹਾਨਾ ਦੇ ਮੁਖੀ ਸ਼੍ਰੀ ਕ੍ਰਿਸ਼ਨ ਵਿਜ ਤੇ ਸ਼੍ਰੀਮਤੀ ਰੇਖਾ ਵਿਜ ਦੀ ਅਗਵਾਈ 'ਚ ਪਵਿੱਤਰ ਅੰਮ੍ਰਿਤਵਾਣੀ ਦਾ ਗਾਇਨ ਕੀਤਾ ਗਿਆ, ਜਿਸ 'ਚ ਸੰਗਤ ਤੋਂ ਇਲਾਵਾ ਮਾਣਯੋਗ ਮਹਿਮਾਨਾਂ ਨੇ ਵੀ ਹਿੱਸਾ ਲਿਆ। ਸ਼੍ਰੀਮਤੀ ਰੇਖਾ ਵਿਜ ਨੇ ਆਪਣੀ ਮਿੱਠੀ ਆਵਾਜ਼ 'ਚ ਅੰਮ੍ਰਿਤਵਾਣੀ ਦੇ ਨਾਲ-ਨਾਲ ਭਜਨ ਵੀ ਸੁਣਾਏੇ, ਜਿਨ੍ਹਾਂ 'ਚ 'ਰਾਮ ਜੀ ਕੀ ਨਿਕਲੀ ਸਵਾਰੀ, ਰਾਮ ਜੀ ਕੀ ਲੀਲਾ ਹੈ ਨਿਆਰੀ' ਅਤੇ 'ਅਵਧ ਮੇਂ ਰਾਮ ਆਏ ਹੈਂ' ਨੇ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਭਗਤ ਸ਼ਿਵ ਬਾਂਸਲ ਵਲੋਂ ਸੰਗਤ ਦਰਮਿਆਨ ਅੰਮ੍ਰਿਤਵਾਣੀ ਕਿਤਾਬਾਂ ਵੰਡੀਆਂ ਗਈਆਂ।
ਇਸ ਖਾਸ ਪ੍ਰੋਗਰਾਮ ਦਾ ਮੰਚ ਸੰਚਾਲਨ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਭਗਵਾਨ ਰਾਮ ਦਾ ਜਨਮ ਦਿਵਸ ਦੇਸ਼-ਵਿਦੇਸ਼ 'ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਜਲੰਧਰ 'ਚ ਨਿਕਲਣ ਵਾਲੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਦੇਸ਼ ਦੀ ਸਭ ਤੋਂ ਵਿਸ਼ਾਲ ਸ਼ੋਭਾ ਯਾਤਰਾ ਹੋਣ ਦਾ ਮਾਣ ਪ੍ਰਾਪਤ ਹੈ।
ਪ੍ਰੋਗਰਾਮ ਦੌਰਾਨ ਜਿਉਂ ਹੀ ਭਗਵਾਨ ਰਾਮ ਦੇ ਜਨਮ ਦੇ ਸਮੇਂ ਬਣੇ ਨਕਸ਼ੱਤਰਾਂ ਦਾ ਸਮਾਂ ਹੋਇਆ ਤਾਂ ਸ਼ੰਖਨਾਦ ਦਰਮਿਆਨ ਪ੍ਰਭੂ ਰਾਮ ਦੀ ਆਰਤੀ ਕੀਤੀ ਗਈ, ਜਿਸ 'ਚ ਸਾਰੇ ਮਾਣਯੋਗ ਮਹਿਮਾਨਾਂ ਤੇ ਉਤਸਵ ਕਮੇਟੀ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਆਯੋਜਨ 'ਚ ਨਾਮਧਾਰੀ ਸੰਗਤ, ਕ੍ਰਿਸ਼ਚੀਅਨ ਅਤੇ ਮੁਸਲਿਮ ਸੰਗਠਨਾਂ ਨਾਲ ਜੁੜੇ ਪ੍ਰਮੁੱਖ ਪ੍ਰਤੀਨਿਧੀ ਵੀ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਐੱਸ. ਜੀ. ਐੱਲ. ਚੈਰੀਟੇਬਲ ਟਰੱਸਟ ਦੇ ਮੁਖੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਦੀ ਸੰਗਤ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ। ਟਰੱਸਟ ਵਲੋਂ ਸ਼੍ਰੀ ਰਾਮ ਚੌਕ 'ਚ ਵਿਸ਼ਾਲ ਲੰਗਰ ਦਾ ਸੰਚਾਲਨ ਵੀ ਕੀਤਾ ਗਿਆ।
ਆਰਤੀ ਤੋਂ ਬਾਅਦ ਸ਼ੋਭਾ ਯਾਤਰਾ ਨੂੰ ਸ਼੍ਰੀ ਰਾਮ ਚੌਕ ਤੋਂ ਰਵਾਨਾ ਕੀਤਾ ਗਿਆ, ਜਿਸ 'ਚ ਸੈਂਕੜੇ ਝਾਕੀਆਂ ਨਾਲ ਸਜੇ ਪ੍ਰਭੂ ਸਵਰੂਪਾਂ ਤੋਂ ਇਲਾਵਾ ਭਗਵਾਨ ਰਾਮ ਦੇ ਜੀਵਨ ਬਿਰਤਾਂਤ ਬਾਰੇ ਕਈ ਦਿਲਖਿੱਚਵੇਂ ਦ੍ਰਿਸ਼ ਮੰਚਿਤ ਸਨ। ਸ਼ੋਭਾ ਯਾਤਰਾ ਮਾਰਗ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ ਤੇ ਵੱਖ-ਵੱਖ ਸੰਸਥਾਵਾਂ ਤੇ ਬਾਜ਼ਾਰ ਐਸੋਸੀਏਸ਼ਨਾਂ ਵਲੋਂ ਸੈਂਕੜਿਆਂ ਦੀ ਗਿਣਤੀ 'ਚ ਲੰਗਰਾਂ ਦਾ ਆਯੋਜਨ ਸ਼ੋਭਾ ਯਾਤਰਾ ਦੇ ਰਸਤੇ 'ਚ ਕੀਤਾ ਗਿਆ ਸੀ, ਜਿਸ 'ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਰਾਮ ਭਗਤਾਂ ਦਰਮਿਆਨ ਵੰਡੇ ਗਏ। ਦਰਜਨਾਂ ਥਾਵਾਂ 'ਤੇ ਸਵਾਗਤੀ ਮੰਚ ਲਾ ਕੇ ਸੰਗਤ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ।
ਇਸ ਮੌਕੇ ਲੁਧਿਆਣਾ ਤੋਂ ਜਥਿਆਂ ਸਮੇਤ ਬਲਬੀਰ ਗੁਪਤਾ, ਰਾਜਿੰਦਰ ਸ਼ਰਮਾ, ਗੋਬਿੰਦ ਗੌਧਾਮ ਤੋਂ ਸੁੰਦਰ ਦਾਸ ਧਮੀਜਾ, ਬਾਬਾ ਕਰਨੈਲ ਸਿੰਘ, ਸੁਨੀਲ ਮਹਿਰਾ, ਸੇਠ ਸੱਤਪਾਲ ਮੱਲ, ਧਰਮਪਾਲ ਗਰੋਵਰ ਕਪੂਰਥਲਾ, ਕੌਂਸਲਰ ਡਾ. ਜਸਲੀਨ ਸੇਠੀ, ਕੌਂਸਲਰ ਰਾਧਿਕਾ ਪਾਠਕ, ਅਮਰਜੀਤ ਸਿੰਘ ਅਮਰੀ, ਰਾਜਿੰਦਰ ਸਿੰਘ ਸੰਦਲ, ਕੀਮਤੀ ਭਗਤ, ਦਿਨੇਸ਼ ਢੱਲ, ਯਾਕੂਬ ਹੁਸੈਨ ਨਕਵੀ, ਮੋਹਨ ਲਾਲ ਜ਼ਖ਼ਮੀ, ਹਰਿਦੁਆਰ ਤੋਂ ਸਾਧਵੀ ਪ੍ਰਾਚੀ, ਸਰਬ ਧਰਮ ਸਦਭਾਵਨਾ ਕਮੇਟੀ ਹੁਸ਼ਿਆਰਪੁਰ ਤੋਂ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਪ੍ਰਧਾਨ ਲਾਰੈਂਸ ਚੌਧਰੀ, ਪਾਦਰੀ ਜੈਕਬ ਮਸੀਹ, ਅਨੁਰਾਗ ਸੂਦ, ਮੌਲਵੀ ਸ਼ਮਸੂਦੀਨ, ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਤੋਂ ਗਿਆਨੀ ਤਨਵੀਰ ਅਹਿਮਦ, ਰਫੀਕ ਬੇਗ, ਅਜ਼ੀਜ਼ ਨਾਸਰ ਤੇ ਵਿਦਿਆਰਥੀਆਂ ਦਾ ਵੱਡਾ ਜਥਾ ਆਬਿਦ ਹਸਨ ਸਲਮਾਨੀ, ਬਿਸ਼ਨ ਦਾਸ ਸਹੋਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News