ਜਲੰਧਰ ਦੇ ਭੈਰੋਂ ਬਾਜ਼ਾਰ 'ਚ ਸਥਿਤ ਇਕ ਕਲਾਥ ਹਾਊਸ 'ਚ CGST ਦੀ ਰੇਡ

11/05/2019 1:39:19 PM

ਜਲੰਧਰ (ਬੁਲੰਦ) - ਅੱਜ ਸਵੇਰੇ ਸਥਾਨਕ ਭੀੜ-ਭੜੱਕੇ ਵਾਲੇ ਭੈਰੋਂ ਬਾਜ਼ਾਰ 'ਚ (ਕਾਲਾ ਰਾਮ ਐਂਡ ਸੰਜ਼) ਅਰੋੜਾ ਕਲਾਥ ਹਾਊਸ ਵਿਖੇ ਕੇਂਦਰੀ ਜੀ. ਐੱਸ. ਟੀ. ਵਿਭਾਗ ਵਲੋਂ ਅਚਨਚੇਤ ਰੇਡ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਲੁਧਿਆਣਾ ਤੋਂ ਆਏ ਅੱਧਾ ਦਰਜਨ ਦੇ ਕਰੀਬ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਕਲਾਥ ਹਾਊਸ 'ਚ ਜਾ ਕੇ ਚੈਕਿੰਗ ਸ਼ੁਰੂ ਕੀਤੀ ਹੀ ਸੀ ਕਿ ਇਸ ਦੀ ਚਰਚਾ ਸਾਰੇ ਬਾਜ਼ਾਰ 'ਚ ਫੈਲ ਗਈ। ਦੇਖਦੇ ਹੀ ਦੇਖਦੇ ਬਾਜ਼ਾਰ 'ਚ ਮੀਡੀਆ ਪਰਸਨਜ਼ ਦੀ ਭੀੜ ਲੱਗ ਗਈ। ਲਗਭਗ 8-9 ਘੰਟਿਆਂ ਤਕ ਚੱਲੀ ਇਸ ਰੇਡ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਸੁਣਨ ਨੂੰ ਮਿਲਦੀ ਰਹੀ ਪਰ ਛਾਪਾਮਾਰੀ ਕਰਨ ਆਏ ਅਧਿਕਾਰੀਆਂ ਨੇ ਚੁੱਪ ਧਾਰੀ ਰੱਖੀ।

PunjabKesari
ਆਖਿਰ ਕਿਉਂ ਭੱਜੇ ਜੀ. ਐੱਸ. ਟੀ. ਅਧਿਕਾਰੀ ਪੱਤਰਕਾਰਾਂ ਤੋਂ ਦੂਰ
ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸੀ. ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਕਰਮਚਾਰੀਆਂ ਤੋਂ ਦੂਰੀ ਬਣਾਈ ਰੱਖੀ। ਇੰਨਾ ਹੀ ਨਹੀਂ, ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਆਪਣਾ ਨਾਂ ਤੱਕ ਨਹੀਂ ਦੱਸਿਆ ਅਤੇ ਇਹ ਵੀ ਨਹੀਂ ਦੱਸਿਆ ਕਿ ਉਹ ਆਏ ਕਿੱਥੋਂ ਹਨ ਤੇ ਇਸ ਰੇਡ ਦਾ ਕੀ ਕਾਰਨ ਹੈ। ਰੇਡ ਸਮੇਂ ਦੁਕਾਨ ਦੇ ਮਾਲਕ ਅਸ਼ੋਕ ਅਰੋੜਾ ਕਿਤੇ ਬਾਹਰ ਸਨ ਪਰ ਰੇਡ ਤੋਂ ਕਰੀਬ ਇਕ ਘੰਟੇ ਬਾਅਦ ਉਹ ਆਪਣੀ ਦੁਕਾਨ ਵਿਚ ਪਹੁੰਚੇ। ਉਧਰ ਜਾਣਕਾਰੀ ਅਨੁਸਾਰ ਅਸ਼ੋਕ ਅਰੋੜਾ ਦੇ ਸੈਂਟਰਲ ਟਾਊਨ ਘਰ ਵਿਚ ਵੀ ਵਿਭਾਗ ਵਲੋਂ ਰੇਡ ਕੀਤੀ ਗਈ। ਚੈਕਿੰਗ ਦੌਰਾਨ ਕੁਝ ਕਰਮਚਾਰੀ ਦੁਕਾਨ ਤੋਂ ਬਾਹਰ ਤਾਂ ਆਏ ਪਰ ਜਿਉਂ ਹੀ ਉਨ੍ਹਾਂ ਨੂੰ ਕੋਈ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਾਪਸ ਦੁਕਾਨ ਦੇ ਅੰਦਰ ਚਲੇ ਗਏ।

PunjabKesari
ਮਹਿਲਾ ਸਟਾਫ ਅੰਦਰ ਬੰਦ ਕਰ ਕੇ ਦੁਕਾਨਾਂ ਦੇ ਸ਼ਟਰ ਸੁੱਟੇ
ਪੱਤਰਕਾਰਾਂ ਤੋਂ ਸਾਰੀ ਜਾਂਚ ਲੁਕਾਉਣ ਲਈ ਅਧਿਕਾਰੀਆਂ ਨੇ ਦੁਕਾਨ ਦੇ ਦੋਵੇਂ ਸ਼ਟਰ ਹੇਠਾਂ ਸੁੱਟ ਲਏ ਤੇ ਸਾਰੇ ਸਟਾਫ ਨੂੰ ਅੰਦਰ ਹੀ ਬੰਦ ਰੱਖਿਆ, ਜਿਸ ਵਿਚ ਤਿੰਨ-ਚਾਰ ਮਹਿਲਾ ਸਟਾਫ ਕਰਮਚਾਰੀ ਵੀ ਸਨ। ਪੱਤਰਕਾਰਾਂ ਵਲੋਂ ਵਾਰ-ਵਾਰ ਪੁੱਛਣ 'ਤੇ ਗੱਲ ਕਰਨ ਲਈ ਕਹਿਣ ਦੇ ਬਾਵਜੂਦ ਆਈ ਟੀਮ ਦੇ ਕਰਮਚਾਰੀਆਂ ਨੇ ਆਪਣਾ ਨਾਂ ਤੱਕ ਦੱਸਣ ਤੋਂ ਨਾਂਹ ਕਰ ਦਿੱਤੀ। ਉਥੇ ਦੇਰ ਰਾਤ ਤੱਕ ਦੁਕਾਨ ਬੰਦ ਰਹੀ। ਮਹਿਲਾ ਕਰਮਚਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦੀ ਹਾਲਤ ਵਿਚ ਦੇਖਿਆ ਗਿਆ। ਜੀ. ਐੱਸ. ਟੀ. ਵਿਭਾਗ ਦੇ ਜਾਣਕਾਰਾਂ ਦੀ ਮੰਨੀਏ ਤਾਂ ਬਾਜ਼ਾਰ 'ਚ ਜ਼ਿਆਦਾਤਰ ਵੱਡੀਆਂ ਦੁਕਾਨਾਂ 'ਚ ਬਿਨਾਂ ਬਿੱਲਾਂ ਦੇ ਹੀ ਮਾਲ ਆਉਂਦਾ ਹੈ। ਲੇਡੀਜ਼ ਸੂਟਾਂ ਦਾ ਮਾਲ ਰੇਲਵੇ ਰਾਹੀਂ ਦਿੱਲੀ ਤੇ ਅੰਮ੍ਰਿਤਸਰ ਤੋਂ ਬਿਨਾਂ ਬਿੱਲ ਦੇ ਪ੍ਰਤੀ ਬਿਲਟੀ ਰਿਸ਼ਵਤ ਦੇ ਕੇ ਸਿੱਧਾ ਦੁਕਾਨਦਾਰਾਂ ਦੇ ਗੋਦਾਮਾਂ ਤੱਕ ਪਹੁੰਚਾਇਆ ਜਾਂਦਾ ਹੈ। ਜਾਣਕਾਰੀ ਅਨੁਸਾਰ ਜੇਕਰ ਕਾਲਾ ਰਾਮ ਐਂਡ ਸੰਜ਼ ਵਿਚ ਰੇਡ ਦੌਰਾਨ ਲੱਖਾਂ ਰੁਪਏ ਦਾ ਮਾਲ ਬਿਨਾਂ ਬਿੱਲਾਂ ਦੇ ਫੜਿਆ ਜਾਂਦਾ ਹੈ ਤਾਂ ਉਸ 'ਤੇ ਲੱਖਾਂ ਰੁਪਏ ਜੁਰਮਾਨਾ ਹੋਣ ਦੇ ਆਸਾਰ ਹਨ।

ਅਸੀਂ ਕੁਝ ਨਹੀਂ ਦੱਸ ਸਕਦੇ, ਸ਼ਿਮਲਾ ਵਿਚ ਗੱਲ ਕਰੋ : ਅਧਿਕਾਰੀ
ਸਾਰੇ ਮਾਮਲੇ ਬਾਰੇ ਵਿਭਾਗ ਦੇ ਲੁਧਿਆਣਾ ਬ੍ਰਾਂਚ ਦੇ ਸਹਾਇਕ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਰੇਡ ਬਾਰੇ ਜੇਕਰ ਕੁਝ ਪੁੱਛਣਾ ਹੈ ਤਾਂ ਸ਼ਿਮਲਾ ਮੁੱਖ ਦਫਤਰ ਵਿਚ ਗੱਲ ਕਰੋ ਪਰ ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਇਸ ਰੇਡ ਦੇ ਪਿੱਛੇ ਪੀ. ਐੱਮ. ਓ. ਵਿਚ ਕੀਤੀ ਗਈ ਇਕ ਸ਼ਿਕਾਇਤ ਹੀ ਆਧਾਰ ਬਣੀ ਹੈ


rajwinder kaur

Content Editor

Related News