ਜੇਲ ਤੋਂ ਬੇਲ ’ਤੇ ਆਇਆ ਮੁਲਜ਼ਮ 6 ਕਿਲੋ ਚੂਰਾ-ਪੋਸਤ ਸਮੇਤ ਗ੍ਰਿਫਤਾਰ

Tuesday, Apr 16, 2019 - 04:12 AM (IST)

ਜੇਲ ਤੋਂ ਬੇਲ ’ਤੇ ਆਇਆ ਮੁਲਜ਼ਮ 6 ਕਿਲੋ ਚੂਰਾ-ਪੋਸਤ ਸਮੇਤ ਗ੍ਰਿਫਤਾਰ
ਜਲੰਧਰ (ਮਹੇਸ਼)-ਬਿਨਾਂ ਨੰਬਰੀ ਮੋਟਰਸਾਈਕਲ ’ਤੇ ਚੂਰਾ-ਪੋਸਤ ਦੀ ਸਪਲਾਈ ਦੇਣ ਜਾ ਰਹੇ ਸਮੱਗਲਰ ਅਜੇ ਹੰਸ ਪੁੱਤਰ ਬੂਟਾ ਰਾਮ ਵਾਸੀ ਚੌਗਿੱਟੀ ਥਾਣਾ ਰਾਮਾ ਮੰਡੀ, ਕਮਿਸ਼ਨਰੇਟ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਅੱਜ-ਕੱਲ ਪਿੰਡ ਢੱਡਾ ’ਚ ਸਥਿਤ ਕੋਲਡ ਸਟੋਰ ਨੇੜੇ ਰਹਿ ਕੇ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇ ਰਿਹਾ ਸੀ। ਆਦਮਪੁਰ ਹਲਕੇ ਦੇ ਡੀ. ਐੱਸ. ਪੀ. ਗੁਰਦੇਵ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਥਾਣਾ ਪਤਾਰਾ ਦੀ ਮੁਖੀ ਐੱਸ. ਆਈ. ਅਰਸ਼ਪ੍ਰੀਤ ਕੌਰ ਗਰੇਵਾਲ ਦੀ ਅਗਵਾਈ ’ਚ ਥਾਣਾ ਪਤਾਰਾ ਦੇ ਐੱਸ. ਆਈ. ਮਨੋਹਰ ਮਸੀਹ ਵਲੋਂ ਢੱਡਾ ਨਹਿਰ ਪੁਲੀ ਨੇੜੇ ਨਾਕਾਬੰਦੀ ਦੌਰਾਨ ਫੜੇ ਗਏ ਮੁਲਜ਼ਮ ਅਜੇ ਹੰਸ ਕੋਲ ਮੌਜੂਦ ਚਿੱਟੇ ਰੰਗ ਦੇ ਪਲਾਸਟਿਕ ਦੇ ਬੋਰੇ ਦੀ ਤਲਾਸ਼ੀ ਲੈਣ ’ਤੇ 6 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਉਸ ਦੇ ਖਿਲਾਫ ਥਾਣਾ ਪਤਾਰਾ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਕੱਲ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਜਾਂਚ ਕਰ ਰਹੀ ਹੈ ਕਿ ਉਹ ਚੂਰਾ-ਪੋਸਤ ਕਿੱਥੋਂ ਲੈ ਕੇ ਆਉਂਦਾ ਸੀ ਤੇ ਅੱਗੇ ਕਿਸ ਨੂੰ ਕਿੰਨੇ ਰੁਪਏ ’ਚ ਸਪਲਾਈ ਕਰਦਾ ਸੀ। ਡੀ. ਐੱਸ. ਪੀ. ਗੁਰਦੇਵ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਮੁਲਜ਼ਮ ਹੰਸ ਜੇਲ ਤੋਂ ਬੇਲ ’ਤੇ ਆਇਆ ਹੈ। ਉਸ ਕੋਲੋਂ ਥਾਣਾ ਬੁੱਲ੍ਹੋਵਾਲ, ਹੁਸ਼ਿਆਰਪੁਰ ਦੀ ਪੁਲਸ ਨੇ ਚੂਰਾ-ਪੋਸਤ ਬਰਾਮਦ ਕੀਤਾ ਸੀ, ਜਿਸ ’ਚ ਉਸ ਨੂੰ ਸਜ਼ਾ ਹੋਈ ਸੀ। ਪੁਲਸ ਉਸ ਦੇ ਬਿਨਾਂ ਨੰਬਰੀ ਮੋਟਰਸਾਈਕਲ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Related News