ਪ੍ਰਗਟ ਸਿੰਘ ਨੇ ਕੋਟ ਕਲਾਂ ’ਚ ਖਿਡਾਰੀਆਂ ਨੂੰ ਦਿੱਤੇ ਟਿਪਸ

Tuesday, Mar 26, 2019 - 04:36 AM (IST)

ਪ੍ਰਗਟ ਸਿੰਘ ਨੇ ਕੋਟ ਕਲਾਂ ’ਚ ਖਿਡਾਰੀਆਂ ਨੂੰ ਦਿੱਤੇ ਟਿਪਸ
ਜਲੰਧਰ (ਮਹੇਸ਼)— ਕਈ ਸਾਲ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਓਲੰਪੀਅਨ ਪਦਮਸ਼੍ਰੀ ਪ੍ਰਗਟ ਸਿੰਘ ਵਿਧਾਇਕ ਨੇ ਪਿੰਡ ਕੋਟ ਕਲਾਂ ਵਿਖੇ ਹੋਏ ਸ਼ਾਨਦਾਰ 11ਵੇਂ ਪੇਂਡੂ ਖੇਡ ਮੇਲੇ ਵਿਚ ਸ਼ਾਮਲ ਹੋਏ ਖਿਡਾਰੀਆਂ ਨੂੰ ਟਿਪਸ ਦਿੱਤੇ। ਸਪੋਰਟਸ ਡਾਇਰੈਕਟਰ ਤੋਂ ਸਿੱਧਾ ਰਾਜਨੀਤੀ ਵਿਚ ਆ ਕੇ ਲਗਾਤਾਰ ਦੋ ਵਾਰ ਐੱਮ.ਐੱਲ.ਏ. ਬਣੇ ਪ੍ਰਗਟ ਸਿੰਘ ਨੇ ਆਪਣੇ ਵਿਚਾਰਾਂ ਵਿਚ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਪੰਜਾਬ ਦੇ ਖੇਡ ਮੇਲਿਆਂ ਵਿਚ ਐੱਨ.ਆਰ.ਆਈਜ਼ ਵਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਕਿਹਾ ਕਿ ਕੋਟ ਕਲਾਂ ਦੇ ਖੇਡ ਮੇਲੇ ਦਾ ਸਿਹਰਾ ਵੀ ਪਿੰਡ ਦੇ ਵਿਦੇਸ਼ਾਂ ਵਿਚ ਵੱਸਦੇ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਪ੍ਰੇਮੀਆਂ ਨੂੰ ਜਾਂਦਾ ਹੈ। ਉਨ੍ਹਾਂ ਨੇ ਸਵ. ਸੋਹਣ ਸਿੰਘ ਟਿਵਾਣਾ, ਸੰਤੋਖ ਸਿੰਘ, ਬਲਬੀਰ ਸਿੰਘ ਟਿਵਾਣਾ ਅਤੇ ਗੁਰਨਾਮ ਸਿੰਘ ਟਿਵਾਣਾ ਦੀ ਯਾਦ ਨੂੰ ਸਮਰਪਿਤ ਇਸ ਸਫਲ ਆਯੋਜਨ ਲਈ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਕੋਟ ਕਲਾਂ ਨੂੰ ਵੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਅਣਥਕ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਪ੍ਰਗਟ ਸਿੰਘ ਦਾ ਸਵਾਗਤ ਅਤੇ ਸਨਮਾਨ ਕਰਨ ਵਾਲਿਆਂ ਚੇਅਰਮੈਨ ਇੰਦਰ ਸਿੰਘ ਸ਼ਾਹ, ਅਵਤਾਰ ਸਿੰਘ, ਸਰਪੰਚ ਕੋਟ ਕਲਾਂ ਮਨਜੀਤ ਕੌਰ, ਅਮਰੀਕ ਸਿੰਘ, ਮਹਿੰਦਰ ਸਿੰਘ ਭੁੱਲਰ, ਮਹਿੰਦਰ ਸਿੰਘ ਮੰਢੇਰ, ਸਤਨਾਮ ਸਿੰਘ ਸੱਤਾ, ਨਰਿੰਦਰ ਸਿੰਘ, ਡਾ. ਬਲਵੰਤ ਸਿੰਘ, ਭਜਨ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਕਰਮ ਸਿੰਘ, ਸਰਬਜੀਤ ਕੌਰ, ਗੁਰਮੀਤ ਕੌਰ, ਬਖਸ਼ੋ, ਸੋਨਾ ਠੇਕੇਦਾਰ, ਹਰਜੀਤ ਸਿੰਘ ਅਤੇ ਬਲਜਿੰਦਰ ਸਿੰਘ ਆਦਿ ਨੇ ਕੀਤਾ।

Related News