ਕਾਰ ’ਚ ਬੈਠੇ ਫਾਈਨਾਂਸ ਕੰਪਨੀ ਦੇ ਕਰਮਚਾਰੀ ਨੂੰ ਬਾਹਰ ਕੱਢ ਕੇ ਕੀਤੀ ਕੁੱਟਮਾਰ
Friday, Jan 10, 2025 - 01:50 PM (IST)
ਜਲੰਧਰ (ਵਰੁਣ)–ਬੱਸ ਸਟੈਂਡ ਦੇ ਸਾਹਮਣੇ ਰਣਜੀਤ ਨਗਰ ਵਿਚ ਫਾਈਨਾਂਸ ਕੰਪਨੀ ਵਿਚ ਕੰਮ ਕਰਨ ਵਾਲੇ ਨੌਜਵਾਨ ਨਾਲ ਰੰਜਿਸ਼ਨ ਇਕ ਨੌਜਵਾਨ ਨੇ ਕਾਰ ਵਿਚੋਂ ਬਾਹਰ ਕੱਢ ਕੇ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸ ’ਤੇ 2 ਵਾਰ ਗੱਡੀ ਚੜ੍ਹਾ ਕੇ ਫ਼ਰਾਰ ਹੋ ਗਿਆ। ਇਹ ਘਟਨਾ ਪੀੜਤ ਦੇ ਦਫ਼ਤਰ ਦੇ ਬਾਹਰ ਹੀ ਹੋਈ, ਜਿਸ ਦੀਆਂ ਚੀਕਾਂ ਸੁਣ ਕੇ ਸਟਾਫ਼ ਦੇ ਹੋਰ ਮੈਂਬਰ ਆਏ ਅਤੇ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ।
ਜਾਣਕਾਰੀ ਦਿੰਦੇ ਉਪਿੰਦਰਜੀਤ ਕੌਰ ਨਿਵਾਸੀ ਤੱਲ੍ਹਣ ਨੇ ਦੱਸਿਆ ਕਿ ਉਸ ਦਾ ਪਤੀ ਹਰਮਿੰਦਰ ਸਿੰਘ ਰਣਜੀਤ ਨਗਰ ਵਿਚ ਸ਼ੁਭਮ ਹਾਊਸਿੰਗ ਫਾਈਨਾਂਸ ਵਿਚ ਕੰਮ ਕਰਦਾ ਹੈ। ਸੰਸਾਰਪੁਰ ਦਾ ਨੌਜਵਾਨ ਉਸ ਦੇ ਪਤੀ ਨਾਲ ਰੰਜਿਸ਼ ਰੱਖਦਾ ਹੈ, ਜਿਸ ਨੇ ਕੁਝ ਸਮਾਂ ਪਹਿਲਾਂ ਵੀ ਉਸ ਨੂੰ ਗੱਡੀ ਨਾਲ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ ਸ਼ਿਕਾਇਤ ਥਾਣਾ ਪਤਾਰਾ ਦੀ ਪੁਲਸ ਨੂੰ ਦਿੱਤੀ ਗਈ ਪਰ ਉਥੇ ਉਸ ਨੇ ਮੁਆਫ਼ੀ ਮੰਗ ਕੇ ਰਾਜ਼ੀਨਾਮਾ ਕਰ ਲਿਆ ਸੀ।
ਇਹ ਵੀ ਪੜ੍ਹੋ : ਮੰਡਰਾਉਣ ਲੱਗਾ ਖ਼ਤਰਾ! Alert 'ਤੇ ਪੰਜਾਬ, HMPV ਸਬੰਧੀ ਜਾਰੀ ਕੀਤੀ ਗਈ ਐਡਵਾਈਜ਼ਰੀ
ਉਪਿੰਦਰਜੀਤ ਕੌਰ ਨੇ ਕਿਹਾ ਕਿ ਕੁਝ ਸਮੇਂ ਤੋਂ ਉਹੀ ਨੌਜਵਾਨ ਦੋਬਾਰਾ ਉਸ ਦੇ ਪਤੀ ਦੀ ਰੇਕੀ ਕਰ ਰਿਹਾ ਸੀ, ਜਿਸ ਬਾਰੇ ਪਤਾ ਲੱਗਣ ’ਤੇ ਹਰਮਿੰਦਰ ਸਿੰਘ ਵਧੇਰੇ ਆਪਣੇ ਦੋਸਤਾਂ ਨਾਲ ਆਉਂਦਾ-ਜਾਂਦਾ ਸੀ ਪਰ ਵੀਰਵਾਰ ਸ਼ਾਮੀਂ ਜਦੋਂ ਉਸ ਦਾ ਪਤੀ ਆਪਣੇ ਦਫ਼ਤਰ ਵਿਚੋਂ ਬਾਹਰ ਨਿਕਲ ਕੇ ਕਾਰ ਵਿਚ ਬੈਠਾ ਤਾਂ ਸੰਸਾਰਪੁਰ ਦਾ ਨੌਜਵਾਨ ਆਪਣੀ ਗੱਡੀ ਵਿਚ ਆਇਆ ਅਤੇ ਹਰਮਿੰਦਰ ਸਿੰਘ ਦੀ ਕਾਰ ਰੁਕਵਾ ਕੇ ਉਸ ਨੂੰ ਬਾਹਰ ਕੱਢ ਕੇ ਕੁੱਟਮਾਰ ਕਰਨ ਲੱਗਾ। ਦੋਸ਼ ਹੈ ਕਿ ਮੁਲਜ਼ਮ ਤੁਰੰਤ ਆਪਣੀ ਗੱਡੀ ਵਿਚ ਬੈਠਿਆ ਅਤੇ ਬੈਕ ਕਰਕੇ ਉਸ ਦੇ ਪਤੀ ’ਤੇ ਚੜ੍ਹਾ ਦਿੱਤੀ।
ਇਹ ਵੀ ਪੜ੍ਹੋ : ਪਾਈ-ਪਾਈ ਕਰਕੇ ਧੀ ਦੇ ਵਿਆਹ ਲਈ ਜੋੜੇ ਪੈਸੇ, ਜਦੋਂ ਬੈਂਕ ਜਾ ਕੇ ਵੇਖਿਆ ਖਾਤਾ ਤਾਂ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਜਿਉਂ ਹੀ ਹਰਮਿੰਦਰ ਸਿੰਘ ਸੜਕ ’ਤੇ ਡਿੱਗਿਆ ਤਾਂ ਦੁਬਾਰਾ ਉਸਨੇ ਗੱਡੀ ਉਸ ਦੀ ਛਾਤੀ ਅਤੇ ਲੱਤਾਂ ’ਤੇ ਚੜ੍ਹਾ ਦਿੱਤੀ ਅਤੇ ਫ਼ਰਾਰ ਹੋ ਗਿਆ। ਚੀਕਾਂ ਸੁਣ ਕੇ ਜਦੋਂ ਦਫ਼ਤਰ ਦਾ ਸਟਾਫ਼ ਬਾਹਰ ਆਇਆ ਤਾਂ ਉਨ੍ਹਾਂ ਹਰਮਿੰਦਰ ਨੂੰ ਹਸਪਤਾਲ ਪਹੁੰਚਾਇਆ। ਉਪਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਉਸ ਦੀਆਂ ਲੱਤਾਂ ਅਤੇ ਰੀੜ੍ਹ ਦੀ ਹੱਡੀ ਨੂੰ ਵਧੇਰੇ ਨੁਕਸਾਨ ਪੁੱਜਾ ਹੈ। ਹਰਮਿੰਦਰ ਦਾ ਇਕ 5 ਸਾਲ ਦਾ ਬੇਟਾ ਹੈ। ਦੂਜੇ ਪਾਸੇ ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਕਮਲਜੀਤ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਹਰਮਿੰਦਰ ਸਿੰਘ ਦੇ ਬਿਆਨ ਨਹੀਂ ਹੋ ਸਕੇ ਹਨ। ਉਸ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨ ਤਹਿਤ ਕਾਰਵਾਈ ਕਰ ਕੇ ਸਖ਼ਤ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਵਕੀਲ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e