ਮੋਬਾਇਲਾਂ ਦੀ ਦੁਕਾਨ ’ਚ ਚੋਰੀ ਦੀ ਗੁੱਥੀ ਸੁਲਝੀ, ਦੂਜਾ ਸਾਥੀ ਵੀ ਗ੍ਰਿਫਤਾਰ

03/25/2019 4:08:30 AM

ਜਲੰਧਰ (ਤ੍ਰੇਹਨ, ਮਰਵਾਹਾ)-ਸਥਾਨਕ ਪੁਲਸ ਨੇ ਮਲਸੀਆਂ ਵਿਖੇ ਬੀਤੇ ਦਿਨੀਂ ਮੋਬਾਇਲਾਂ ਦੀ ਦੁਕਾਨ ’ਚ ਹੋਈ ਚੋਰੀ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਨੇ ਫਡ਼ੇ ਗਏ ਮੁਲਜ਼ਮਾਂ ਕੋਲੋਂ ਚੋਰੀ ਦੀਆਂ ਹੋਰ ਵਾਰਦਾਤਾਂ ਸੁਲਝਾਉਂਦੇ ਹੋਏ ਰਿਮਾਂਡ ਦੌਰਾਨ 2 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।ਐੱਸ. ਐੱਚ. ਓ. ਸ਼ਾਹਕੋਟ ਇੰਸਪੈਕਟਰ ਪਵਿੱਤਰ ਸਿੰਘ ਅਤੇ ਪੁਲਸ ਚੌਕੀ ਮਲਸੀਆਂ ਦੇ ਮੁਖੀ ਸਨਜੀਵਣ ਸਿੰਘ ਨੇ ਦੱਸਿਆ ਕਿ ਕੱਲ ਮਲਸੀਆਂ ਪੁਲਸ ਨੇ ਬੂਟਾ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਪਿੰਡ ਬੁਰਜ ਹਸਣ ਥਾਣਾ ਬਿਲਗਾ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਬੀਤੇ ਦਿਨੀਂ ਮਲਸੀਆਂ ਵਿਖੇ ਮੋਬਾਇਲ ਫੋਨਾਂ ਦੀ ਦੁਕਾਨ ’ਤੇ ਹੋਈ ਚੋਰੀ ਦੇ ਕੇਸ ’ਚ ਲੋਡ਼ੀਂਦਾ ਸੀ। ਉਨ੍ਹਾਂ ਦੱਸਿਆ ਕਿ ਕੱਲ ਮੁਲਜ਼ਮ ਕੋਲੋਂ 2 ਐੱਲ. ਸੀ. ਡੀਜ਼, 6 ਮੋਬਾਇਲ ਅਤੇ ਇਕ ਜੂਸਰ ਬਰਾਮਦ ਕੀਤਾ ਗਿਆ ਸੀ। ਕੱਲ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਮੁਲਜ਼ਮ ਦਾ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਰਿਮਾਂਡ ਦੌਰਾਨ ਪੁੱਛਗਿੱਛ ਕਰਨ ’ਤੇ ਮੁਲਜ਼ਮ ਬੂਟਾ ਸਿੰਘ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰੋਂ ਦੋ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ, ਜਿਨ੍ਹਾਂ ’ਚੋਂ ਇਕ ਅਪਾਚੀ ਤੇ ਇਕ ਐੱਫ. ਜ਼ੈੱਡ. ਮੋਟਰਸਾਈਕਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਜਗਰਾਓਂ ਵਿਖੇ ਸਥਿਤ ਟੀ. ਵੀ. ਐੱਸ. ਦੀ ਏਜੰਸੀ ਦੇ ਤਾਲੇ ਤੋਡ਼ ਕੇ ਦੋ ਨਵੇਂ ਅਪਾਚੀ ਮੋਟਰਸਾਈਕਲ ਚੋਰੀ ਕੀਤੇ ਸਨ, ਜਿਨ੍ਹਾਂ ’ਚੋਂ ਇਕ ਅੱਜ ਬਰਾਮਦ ਕਰ ਲਿਆ ਗਿਆ ਹੈ, ਜਦਕਿ ਦੂਸਰਾ ਇਸ ਦੇ ਇਕ ਹੋਰ ਸਾਥੀ ਲਖਵਿੰਦਰ ਸਿੰਘ ਕੋਲ ਹੈ, ਜਿਸ ਨੂੰ ਜੇਲ ਤੋਂ ਰਿਮਾਂਡ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐੱਫ. ਜ਼ੈੱਡ. ਮੋਟਰਸਾਈਕਲ ਮੁਲਜ਼ਮਾਂ ਵੱਲੋਂ ਸਿਰਸਾ (ਹਰਿਆਣਾ) ਨੇਡ਼ਿਓਂ ਚੋਰੀ ਕੀਤਾ ਗਿਆ ਸੀ।

Related News