ਟ੍ਰੈਫਿਕ ਪੁਲਸ ਨੂੰ ਮਿਲਣਗੀਆਂ 4 ਟੋਅ ਵੈਨਾਂ, ਠੇਕਾ ਪ੍ਰਥਾ ਖਤਮ ਹੋਣ ’ਤੇ ਵਧੇਗੀ ਕਮਾਈ
Friday, Mar 08, 2019 - 04:29 AM (IST)

ਜਲੰਧਰ (ਜ.ਬ.)-ਟ੍ਰੈਫਿਕ ਪੁਲਸ ਨੂੰ ਖੁਦ ਦੀਆਂ 4 ਟੋਅ ਵੈਨਾਂ ਮਿਲਣੀਆਂ ਤੈਅ ਹਨ। ਹਾਲਾਂਕਿ ਟ੍ਰੈਫਿਕ ਪੁਲਸ ਨੇ 6 ਟੋਅ ਵੈਨਾਂ ਦੀ ਮੰਗ ਰੱਖੀ ਸੀ ਪਰ ਸਰਕਾਰ ਨੇ 4 ਦੀ ਹੀ ਅਪਰੂਵਲ ਦਿੱਤੀ ਹੈ। ਜਲਦ ਹੀ ਟ੍ਰੈਫਿਕ ਪੁਲਸ ਨੂੰ 4 ਟੋਅ ਵੈਨਾਂ ਮਿਲਣਗੀਆਂ ਜਿਸ ਤੋਂ ਬਾਅਦ ਠੇਕਾ ਪ੍ਰਥਾ ਖਤਮ ਹੋ ਜਾਵੇਗੀ।ਸਾਬਕਾ ਏ. ਸੀ. ਪੀ. ਟ੍ਰੈਫਿਕ ਜੰਗ ਬਹਾਦਰ ਸ਼ਰਮਾ ਨੇ ਠੇਕਾ ਖਤਮ ਕਰਨ ਲਈ ਆਪਣੇ ਅਧਿਕਾਰੀਆਂ ਨੂੰ ਖੁਦ ਦੀ ਟੋਅ ਵੈਨ ਖਰੀਦਣ ਦਾ ਪ੍ਰਸਤਾਵ ਦਿੱਤਾ ਸੀ। ਉਸ ਤੋਂ ਬਾਅਦ ਹੁਣ ਤੈਅ ਹੋਇਆ ਹੈ ਕਿ 4 ਟੋਅ ਵੈਨਾਂ ਸਰਕਾਰ ਟ੍ਰੈਫਿਕ ਪੁਲਸ ਨੂੰ ਦੇ ਦੇਵੇਗੀ। ਇਸ ਨਾਲ ਇਹ ਫਾਇਦਾ ਹੋਵੇਗਾ ਕਿ ਟੋਅ ਵੈਨ ਹੋਣ ’ਤੇ ਜੁਰਮਾਨੇ ਵਜੋਂ ਜੋ 949 ਰੁਪਏ ਲਏ ਜਾਂਦੇ ਸਨ, ਉਹ ਸਾਰੀ ਰਕਮ ਸਰਕਾਰੀ ਖਜ਼ਾਨੇ ’ਚ ਜਾਵੇਗੀ। ਇਸ ਤੋਂ ਪਹਿਲਾਂ ਗੱਡੀ ਟੋਅ ਹੋਣ ’ਤੇ ਟ੍ਰੈਫਿਕ ਪੁਲਸ ਨੂੰ 300 ਰੁਪਏ ਜਦਕਿ ਟੋਅ ਕਰਨ ਵਾਲੀ ਕੰਪਨੀ ਨੂੰ 649 ਰੁਪਏ ਮਿਲਦੇ ਸਨ। ਟ੍ਰੈਫਿਕ ਪੁਲਸ ਕੋਲ ਆਪਣੀ ਸਿਰਫ ਇਕ ਹੀ ਗੱਡੀ ਹੈ, ਜਦਕਿ 4 ਗੱਡੀਆਂ ਠੇਕੇਦਾਰ ਦੀਆਂ ਹਨ। ਇਹੀ ਕਾਰਨ ਸੀ ਕਿ ਕੁਝ ਸਮਾਂ ਪਹਿਲਾਂ ਹੀ ਟ੍ਰੈਫਿਕ ਪੁਲਸ ਨੇ ਠੇਕੇ ਦੀ ਬੋਲੀ ਨਹੀਂ ਲਾਈ ਤੇ ਉਸੇ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਜੋ ਹੁਣ ਜਲਦ ਹੀ ਖਤਮ ਹੋ ਜਾਵੇਗਾ।