ਪੰਜਾਬ ਕੈਬਨਿਟ ਦੀ ਬੈਠਕ ਅੱਜ, ਅਹਿਮ ਫੈਸਲਿਆਂ ''ਤੇ ਲੱਗ ਸਕਦੀ ਹੈ ਮੋਹਰ
Friday, Jun 19, 2020 - 09:05 AM (IST)
ਜਲੰਧਰ (ਧਵਨ) : ਪੰਜਾਬ ਕੈਬਨਿਟ ਦੀ ਬੈਠਕ ਹੁਣ 19 ਜੂਨ ਨੂੰ ਸ਼ਾਮ 4 ਵਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਦੀ ਗਈ ਹੈ, ਜਿਸ 'ਚ ਸੂਬੇ 'ਚ ਕੋਰੋਨਾ ਵਾਇਰਸ ਦੀ ਸਥਿਤੀ ਦੀ ਸਮੀਖਿਆ ਦੇ ਨਾਲ-ਨਾਲ ਕੁਝ ਅਹਿਮ ਸਰਕਾਰੀ ਫੈਸਲਿਆਂ 'ਤੇ ਮੋਹਰ ਲੱਗਣ ਦੇ ਆਸਾਰ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਕੈਬਨਿਟ ਦੀ ਬੈਠਕ 18 ਜੂਨ ਨੂੰ ਹੋਣੀ ਸੀ ਪਰ ਕੁਝ ਹੋਰ ਸਰਕਾਰੀ ਰੁਝਾਨ ਕਾਰਣ ਬੈਠਕ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਅੱਜ ਹੋਣ ਵਾਲੀ ਬੈਠਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਨਫਰੰਸ ਰਾਹੀਂ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨਾਲ ਗੱਲਬਾਤ ਕਰਨਗੇ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਬਨਿਟ ਦੀ ਬੈਠਕ 'ਚ ਸੂਬੇ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੇ ਵਾਧੇ ਦੇ ਵਿਸ਼ੇ 'ਤੇ ਚਰਚਾ ਹੋਵੇਗੀ। ਜਦੋਂ ਤੋਂ ਦਿੱਲੀ ਤੋਂ ਪੰਜਾਬ ਲਈ ਆਵਾਜਾਈ ਖੁੱਲ੍ਹੀ ਹੈ ਉਦੋਂ ਤੋਂ ਸੂਬੇ 'ਚ ਕੋਰੋਨਾ ਦੇ ਕੇਸਾਂ 'ਚ ਵਾਧਾ ਦੇਖਿਆ ਗਿਆ ਹੈ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਵੀ ਕਿਹਾ ਸੀ ਕਿ ਦਿੱਲੀ ਤੋਂ ਆਉਣ ਵਾਲੇ ਲੋਕਾਂ ਨੂੰ ਹੋਮ ਕੁਆਰੰਟਾਈਨ 'ਚ ਰੱਖਿਆ ਜਾਵੇਗਾ। ਇਸ ਬੈਠਕ 'ਚ ਕੁਝ ਠੋਸ ਕਦਮ ਉਠਾਏ ਜਾਣਗੇ।