ਮੰਗਣੀ ਹੋਣ ਤੋਂ ਚਾਰ ਦਿਨ ਬਾਅਦ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਪ੍ਰੇਮਿਕਾ ਦੀ ਮੌਤ
Monday, Apr 29, 2019 - 09:58 AM (IST)
ਜਲੰਧਰ (ਮ੍ਰਿਦੁਲ) : ਨੌਜਵਾਨ ਪ੍ਰੇਮੀ-ਪ੍ਰੇਮਿਕਾ ਵਲੋਂ ਸਲਫਾਸ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਲੜਕੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਦੋਵਾਂ ਨੇ ਇਸ ਲਈ ਇਹ ਕਦਮ ਉਠਾਇਆ ਕਿਉਂਕਿ ਲੜਕੀ ਦੇ ਪਿਤਾ ਨੇ ਉਸ ਦੀ ਮੰਗਣੀ ਕਿਤੇ ਹੋਰ ਤੈਅ ਕਰ ਦਿੱਤੀ ਸੀ। ਇਹ ਗੱਲ ਦੋਵਾਂ ਨੂੰ ਮਨਜ਼ੂਰ ਨਹੀਂ ਹੋਈ। ਫਿਲਹਾਲ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਹਸਪਤਾਲ 'ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਪ੍ਰੇਮੀ 'ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ।
ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਗੁਰਪ੍ਰੀਤ (ਬਦਲਿਆ ਹੋਇਆ ਨਾਂ) ਵਾਸੀ ਨਕੋਦਰ ਦੇ ਗੁਰੂ ਨਾਨਕਪੁਰਾ ਵਜੋਂ ਹੋਈ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕਾ ਦਾ ਪ੍ਰੇਮੀ ਮੂਲ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਰਹਿਣ ਵਾਲਾ ਹੈ, ਜੋ ਕਿ ਚੰਡੀਗੜ੍ਹ ਦੀ ਇਕ ਕੰਪਨੀ 'ਚ ਕੰਮ ਕਰ ਰਿਹਾ ਸੀ। ਜਾਂਚ 'ਚ ਗੱਲ ਸਾਹਮਣੇ ਆਈ ਕਿ ਗੁਰਪ੍ਰੀਤ ਦਾ ਉਕਤ ਲੜਕੇ ਨਾਲ ਕਾਫੀ ਦੇਰ ਤੋਂ ਲਵ ਅਫੇਅਰ ਸੀ ਪਰ ਕੁਝ ਦਿਨ ਪਹਿਲਾਂ ਗੁਰਪ੍ਰੀਤ ਦੇ ਪਿਤਾ ਨੇ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਤੇ ਕਰੀਬ ਇਕ ਹਫਤਾ ਪਹਿਲਾਂ ਉਸ ਦੀ ਮੰਗਣੀ ਵੀ ਹੋ ਚੁੱਕੀ ਸੀ। ਇਹ ਗੱਲ ਉਸ ਦੇ ਆਸ਼ਿਕ ਨੂੰ ਮਨਜ਼ੂਰ ਨਹੀਂ ਸੀ। ਜਿਸ ਕਰਕੇ ਉਹ ਉਸ ਨੂੰ ਕਾਫੀ ਪ੍ਰੇਸ਼ਾਨ ਕਰਨ ਲੱਗਾ ਤੇ ਮਿਲਣ ਲਈ ਦਬਾਅ ਬਣਾਉਣ ਲੱਗਾ, ਜਿਸ ਕਾਰਨ ਲੜਕੀ ਕਾਫੀ ਪ੍ਰੇਸ਼ਾਨ ਸੀ ਤੇ ਇਹ ਗੱਲ ਉਸ ਨੇ ਆਪਣੇ ਪਿਤਾ ਨੂੰ ਦੱਸੀ। 2 ਦਿਨ ਪਹਿਲਾਂ ਗੁਰਪ੍ਰੀਤ 11 ਵਜੇ ਪੋਸਟ ਆਫਿਸ ਪਹੁੰਚੀ, ਜਿਥੋਂ ਉਹ ਦੁਪਹਿਰ ਨੂੰ ਜਲਦੀ ਨਿਕਲ ਗਈ।
ਜਾਂਚ 'ਚ ਪਤਾ ਲੱਗਾ ਕਿ ਉਹ 2 ਦਿਨ ਪਹਿਲਾਂ ਦੁਪਹਿਰ ਨੂੰ ਉਕਤ ਲੜਕੇ ਦੇ ਨਾਲ ਗੱਡੀ 'ਚ ਕਿਤੇ ਚਲੀ ਗਈ, ਜਿਸ ਤੋਂ ਬਾਅਦ ਪੁਲਸ ਨੂੰ ਸ਼ਨੀਵਾਰ ਨੂੰ ਡੀ. ਐੱਮ. ਸੀ. ਹਸਪਤਾਲ ਤੋਂ ਫੋਨ ਆਇਆ ਕਿ ਇਕ ਲੜਕੇ ਤੇ ਇਕ ਲੜਕੀ ਨੂੰ ਕਾਫੀ ਗੰਭੀਰ ਹਾਲਤ 'ਚ ਡੀ. ਐੱਮ. ਸੀ. ਲਿਆਂਦਾ ਗਿਆ ਹੈ, ਜਿਨ੍ਹਾਂ 'ਚੋਂ ਐਤਵਾਰ ਗੁਰਪ੍ਰੀਤ ਦੀ ਮੌਤ ਹੋ ਗਈ, ਜਦਕਿ ਆਸ਼ਿਕ ਦੀ ਹਾਲਤ ਅਜੇ ਵੀ ਗੰਭੀਰ ਹੈ। ਜਦੋਂ ਪੁਲਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਵਾਂ ਨੇ ਫਗਵਾੜਾ ਦੇ ਕਿਸੇ ਪੁਲ ਹੇਠਾਂ ਸਲਫਾਸ ਖਾ ਲਈ ਸੀ।
ਇਸ ਉਪਰੰਤ ਉਕਤ ਲੜਕੇ ਨੇ ਆਪਣੇ ਕਿਸੇ ਦੋਸਤ ਨੂੰ ਫੋਨ ਕੀਤਾ, ਜਿਸ ਨੇ ਅੱਗੇ ਉਸ ਦੇ ਭਰਾ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ। ਦੱਸਿਆ ਜਾ ਰਿਹਾ ਹੈ ਗੁਰਪ੍ਰੀਤ ਨੂੰ ਪ੍ਰੇਸ਼ਾਨ ਕਰਨ ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਲੜਕੀ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਦੇ ਆਧਾਰ 'ਤੇ ਅੱਜ ਦੇਰ ਸ਼ਾਮ ਪੁਲਸ ਨੇ ਡੀ. ਐੱਮ. ਸੀ. ਹਸਪਤਾਲ 'ਚ ਦਾਖਲ ਪ੍ਰੇਮੀ 'ਤੇ ਕੇਸ ਦਰਜ ਕਰ ਲਿਆ ਹੈ।