ਲਾਂਘਾ ਖੁੱਲ੍ਹਣਾ ਸਵਾਗਤਯੋਗ ਪਰ ਪਾਕਿ ਦੀਆਂ ਸਾਜ਼ਿਸ਼ਾਂ ਤੋਂ ਅਲਰਟ ਰਹਿਣਾ ਜ਼ਰੂਰੀ : ਜਾਖੜ
Saturday, Nov 09, 2019 - 10:03 AM (IST)

ਜਲੰਧਰ (ਧਵਨ) - ਕਰਤਾਰਪੁਰ ਲਾਂਘਾ ਖੁੱਲ੍ਹਣਾ ਸਮੁੱਚੇ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ, ਕਿਉਂਕਿ ਹੁਣ ਪੰਜਾਬੀ ਬਿਨਾਂ ਕਿਸੇ ਰੁਕਾਵਟ ਦੇ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ 'ਚ ਆਈ.ਐੱਸ.ਆਈ, ਦਾ ਹਊਆ ਪੈਦਾ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਉੱਪਰ ਜ਼ਿੰਮੇਦਾਰੀ ਹੈ ਅਤੇ ਮੁੱਖ ਮੰਤਰੀ ਦੇ ਸੂਬੇ ਦੇ ਮੁਖੀ ਹੋਣ ਕਾਰਨ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਜੇਕਰ ਮੁੱਖ ਮੰਤਰੀ ਨੇ ਆਈ.ਐੱਸ.ਆਈ. ਨੂੰ ਲੈ ਕੇ ਕੋਈ ਬਿਆਨ ਦਿੱਤੇ ਹਨ ਤਾਂ ਉਸ 'ਚ ਕੋਈ ਬੁਰਾਈ ਨਹੀਂ ਹੈ, ਕਿਉਂਕਿ ਉਨ੍ਹਾਂ ਕੋਲ ਲਗਾਤਾਰ ਇੰਟੈਲੀਜੈਂਸ ਰਿਪੋਰਟ ਆਉਂਦੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਪਾਕਿਸਤਾਨ ਏਜੰਸੀ ਦੇ ਖਿਲਾਫ ਪਹਿਲੀ ਵਾਰ ਬਿਆਨ ਨਹੀਂ ਦਿੱਤਾ ਹੈ। ਸਗੋਂ ਉਹ ਪਿਛਲੇ ਇਕ ਸਾਲ ਤੋਂ ਕਹਿੰਦੇ ਆ ਰਹੇ ਹਨ ਕਿ ਪਾਕਿ ਦੀ ਨੀਅਤ ਅਚਾਨਕ ਪੰਜਾਬ ਦੇ ਪ੍ਰਤੀ ਦਇਆਵਾਨ ਕਿਵੇਂ ਹੋ ਗਈ। ਇਸ ਦੇ ਪਿੱਛੇ ਆਈ.ਐੱਸ.ਆਈ. ਦਾ ਏਜੰਡਾ ਕੰਮ ਕਰ ਰਿਹਾ ਹੋਵੇਗਾ। ਜਾਖੜ ਨੇ ਕਿਹਾ ਕਿ ਕਾਂਗਰਸ ਦੇ ਉੱਪਰ ਪੰਜਾਬ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਦੇ ਮਾਰਗ 'ਤੇ ਲਿਜਾਣ ਦੀ ਜ਼ਿੰਮੇਵਾਰੀ ਹੈ ਅਤੇ ਪਾਰਟੀ ਵਿਦੇਸ਼ੀ ਸ਼ਕਤੀਆਂ ਦੀਆਂ ਸਾਜ਼ਿਸ਼ਾਂ ਬਾਰੇ ਜਾਣਕਾਰੀ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਪੰਜਾਬ ਸਰਕਾਰ ਸੂਬੇ 'ਚ ਕਿਸੇ ਵੀ ਹਾਲਤ 'ਚ ਗੜਬੜ ਕਰਨ ਦੀ ਆਗਿਆ ਨਹੀਂ ਦੇਵੇਗੀ। ਮੁੱਖ ਮੰਤਰੀ ਨੇ ਵੀ ਇਸ ਸਬੰਧ 'ਚ ਪਹਿਲਾਂ ਹੀ ਆਪਣੇ ਵਿਚਾਰ ਰੱਖ ਦਿੱਤੇ ਹਨ।
ਉਨ੍ਹਾਂ ਨੇ ਅਕਾਲੀਆਂ ਨੂੰ ਆਈ.ਐੱਸ.ਆਈ. ਦੇ ਬਾਰੇ 'ਚ ਚੁੱਪੀ ਨੂੰ ਲੈ ਕੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਨ 'ਚ ਲੱਗੇ ਹੋਏ ਹਨ ਪਰ ਉਨ੍ਹਾਂ ਨੂੰ ਆਈ.ਐੱਸ.ਆਈ. ਦੀਆਂ ਸਾਜ਼ਿਸ਼ਾਂ ਦਿਖਾਈ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਆਈ.ਐੱਸ.ਆਈ. ਅਸਲ 'ਚ ਪੰਜਾਬੀਆਂ ਨੂੰ ਦੋਫਾੜ ਕਰਨ 'ਚ ਲੱਗੀ ਹੋਈ ਹੈ। ਇਸ ਤੋਂ ਸਾਨੂੰ ਅਲਰਟ ਰਹਿਣਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ 550ਵੇਂ ਪ੍ਰਕਾਸ਼ ਪੁਰਬ 'ਤੇ ਪ੍ਰਬੰਧ ਕਰਨ ਦੀ ਸੇਵਾ ਸੌਂਪੀ ਹੈ ਅਤੇ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਅਕਾਲੀਆਂ ਦੀ ਕਿਸਮਤ 'ਚ ਇਹ ਗੱਲ ਨਹੀਂ ਸੀ।