ਭਾਰਤ-ਪਾਕਿ ਜੰਗ ਨਾਲ ਦੋਵਾਂ ਪੰਜਾਬਾਂ ਨੂੰ ਹੋਵੇਗਾ ਵੱਡਾ ਨੁਕਸਾਨ

Thursday, Feb 28, 2019 - 10:10 AM (IST)

ਭਾਰਤ-ਪਾਕਿ ਜੰਗ ਨਾਲ ਦੋਵਾਂ ਪੰਜਾਬਾਂ ਨੂੰ ਹੋਵੇਗਾ ਵੱਡਾ ਨੁਕਸਾਨ

ਜਲੰਧਰ (ਚਾਵਲਾ)—ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਯੂ. ਐੱਸ. ਏ. ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤ-ਪਾਕਿ ਵਿਚਾਲੇ ਲੜਾਈ ਦੇ ਆਸਾਰ ਬਣਦੇ ਜਾ ਰਹੇ ਹਨ, ਜੋ ਕਿ ਪੂਰੀ ਦੁਨੀਆ ਨੂੰ ਤੀਜੀ ਵਿਸ਼ਵ ਜੰਗ ਵੱਲ ਧਕੇਲ ਸਕਦੀ ਹੈ। ਰੂਸ ਤੇ ਅਮਰੀਕਾ ਦਾ ਤਣਾਅ ਪਹਿਲਾਂ ਹੀ ਸੁਰਖੀਆਂ ਬਣਿਆ ਹੋਇਆ ਹੈ। ਦੁਨੀਆ ਦੇ ਦੇਸ਼ਾਂ ਨੂੰ ਇਸ ਸਬੰਧ ਵਿਚ ਵਿਸ਼ਵ ਸ਼ਾਂਤੀ ਲਈ ਇਹ ਜੰਗ ਰੋਕਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਲੜਾਈ ਦਾ ਸਭ ਤੋਂ ਵੱਡਾ ਨੁਕਸਾਨ ਦੋਵਾਂ ਪੰਜਾਬਾਂ ਨੂੰ ਹੋਵੇਗਾ, ਜਿੱਥੇ ਗੁਰੂ ਨਾਨਕ ਸਾਹਿਬ ਦੀ ਵਿਰਾਸਤ, ਗੁਰਦੁਆਰਾ ਅਤੇ ਸ਼ਰਧਾਲੂ ਮੌਜੂਦ ਹਨ। ਇਸ ਧਰਤੀ ਤੋਂ ਹੀ ਗੁਰੂ ਨਾਨਕ ਸਾਹਿਬ ਨੇ ਅਮਨ ਦਾ ਸੰਦੇਸ਼ ਦਿੱਤਾ ਸੀ ਤੇ ਕਰਤਾਰਪੁਰ ਖੁੱਲ੍ਹਾ ਲਾਂਘਾ ਇਸੇ ਗੱਲ ਦਾ ਪ੍ਰਗਟਾਵਾ ਹੈ। ਉਨ੍ਹਾਂ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਜੰਗ ਲੜਨ ਦੀ ਬਜਾਏ ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਸਾਹਿਬ ਦੀ ਵਿਰਾਸਤ ਨੂੰ ਕਾਇਮ ਰੱਖਦਿਆਂ ਕਰਤਾਰਪੁਰ ਖੁੱਲ੍ਹੇ ਲਾਂਘੇ ਲਈ ਯਤਨ ਕਰਨ ਤੇ ਕਰਤਾਰਪੁਰ ਗੁਰਦੁਆਰਾ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਸੀ ਮੀਟਿੰਗ ਕਰ ਕੇ ਇਸ ਮਸਲੇ ਨੂੰ ਨਿਪਟਾ ਕੇ ਦੁਨੀਆ ਨੂੰ ਅਮਨ ਦੀ ਰੌਸ਼ਨੀ ਦੇਣ।

ਉਨ੍ਹਾਂ ਕਿਹਾ ਕਿ ਅੱਤਵਾਦ ਤੇ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ, ਪਰ ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਨੂੰ ਆਪਣੀ ਸੱਤਾ ਦੀ ਭੁੱਖ ਤਿਆਗ ਕੇ  ਸਾਰੀਆਂ ਸਮੱਸਿਆਵਾਂ ਤੇ ਅੱਤਵਾਦ ਦੇ ਮਸਲੇ ਸਟੇਟ ਦੇ ਡੰਡੇ ਤੇ ਫੌਜੀ ਹੱਲ ਵਿਚੋਂ ਲੱਭਣ ਦੀ ਬਜਾਏ ਸੰਵਾਦ ਰਾਹੀਂ ਹੱਲ ਕਰਨੇ ਚਾਹੀਦੇ ਹਨ ਤੇ ਈਮਾਨਦਾਰੀ ਨਾਲ ਇਸ ਦਾ ਹੱਲ  ਲੱਭਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਦੀ ਕੋਈ ਵੀ ਸੰਭਾਵੀ ਲੜਾਈ ਹੋਈ ਤਾਂ ਬਹੁਤ  ਤਬਾਹਕੁੰਨ ਅਤੇ ਮਾਰੂ ਸਾਬਤ ਹੋਵੇਗੀ, ਕਿਉਂਕਿ ਦੋਵੇਂ ਦੇਸ਼ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ। ਜੋ ਤਬਾਹੀ ਹੋਵੇਗੀ, ਉਸ ਤੋਂ ਬਾਅਦ ਉਸ ਦਾ ਹੱਲ ਲੱਭਣਾ ਬਹੁਤ ਮੁਸ਼ਕਲ ਹੋਵੇਗਾ। ਲੋਕ ਮਾਰੇ ਵੀ ਜਾਣਗੇ, ਬੇਘਰ ਵੀ ਹੋਣਗੇ ਤੇ ਭੁੱਖਮਰੀ ਵੀ ਫੈਲੇਗੀ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਪੀਲ ਕਰਦੇ ਹਨ ਕਿ ਦੋਵਾਂ ਦੇਸ਼ਾਂ ਵਿਚ ਜੰਗ ਰੋਕਣ ਲਈ ਦਖਲਅੰਦਾਜ਼ੀ  ਕਰਨ, ਕਿਉਂਕਿ ਇਸ ਜੰਗ ਵਿਚ ਪੰਜਾਬ ਵਿਚ ਸਥਾਪਤ ਬਹੁਗਿਣਤੀ ਸਿੱਖ ਕੌਮ ਦੇ ਉੱਜੜਨ ਤੇ ਖਤਮ ਹੋਣ ਦਾ ਖਤਰਾ ਵਧ ਗਿਆ ਹੈ।


author

Shyna

Content Editor

Related News